ਪ੍ਰੋਜੈਕਟ ਜੀਵਨ ਜੋਤ 2.0 ਜ਼ਿਲ੍ਹੇ ’ਚ ਸਖ਼ਤੀ ਨਾਲ ਲਾਗੂ
ਪ੍ਰੋਜੈਕਟ ਜੀਵਨ ਜੋਤ 2.0 ਜ਼ਿਲ੍ਹੇ 'ਚ ਸਖ਼ਤੀ ਨਾਲ ਲਾਗੂ
Publish Date: Mon, 02 Feb 2026 06:23 PM (IST)
Updated Date: Tue, 03 Feb 2026 04:08 AM (IST)

ਬਾਲ ਭਿਖਿਆ ਵਿਚ ਲੱਗੇ ਬੱਚਿਆਂ ਦੀ ਲਗਾਤਾਰ ਚੈਕਿੰਗ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਔਲਖ (ਆਈਏਐਸ) ਵੱਲੋ ਬਾਲ ਭਿੱਖਿਆ ਖਿਲਾਫ ਪ੍ਰੋਜੈਕਟ ਜੀਵਨ ਜੋਤ 2.0 ਨੂੰ ਸਖ਼ਤਾਈ ਨਾਲ ਲਾਗੂ ਕਰਨ ਲਈ ਹੁਕਮ ਦਿੱਤੇ ਗਏ ਹਨ। ਜਿਸ ਦੇ ਚੱਲਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜਗਰੂਪ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਵੱਲੋ ਨਵਾਂਸ਼ਹਿਰ ਵਿਚ ਜ਼ਿਲ੍ਹਾ ਟਾਸਕ ਫੋਰਸ ਨਾਲ ਬੱਸ ਸਟੈਂਡ ਰੋਡ, ਕੋਠੀ ਰੋਡ ਅਤੇ ਬੰਗਾ ਰੋਡ ਤੇ ਬਾਲ ਭਿੱਖਿਆ ਖਿਲਾਫ਼ ਚੈਕਿੰਗ ਕੀਤੀ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਚੈਕਿੰਗ ਟੀਮ ਨੂੰ ਇਕ ਬੱਚਾ ਗੁਬਾਰੇ ਵੇਚਣ ਦੇ ਨਾਲ-ਨਾਲ ਭੀਖ ਮੰਗਦੇ ਹੋਏ ਪਾਇਆ ਗਿਆ। ਜਿਸਦਾ ਬਾਲ ਸੁਰੱਖਿਆ ਯੂਨਿਟ ਦੀ ਟੀਮ ਵੱਲੋਂ ਰੈਸਕਿਊ ਕਰਕੇ ਬਾਲ ਭਲਾਈ ਕਮੇਟੀ ਦਫ਼ਤਰ ਵਿਖੇ ਪੇਸ਼ ਕੀਤਾ ਤਾਂ ਜੋ ਬੱਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਕੰਚਨ ਅਰੋੜਾ ਨੇ ਦੱਸਿਆ ਕਿ 18 ਸਾਲ ਤੋਂ ਘਟ ਉਮਰ ਦੇ ਬੱਚਿਆਂ ਤੋਂ ਭੀਖ ਨਾ ਮੰਗਵਾਉਣ ਅਤੇ ਮਜ਼ਦੂਰੀ ਨਾ ਕਰਵਾਉਣ ਸੰਬੰਧੀ ਜਨਤਾ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਜੇ ਕੋਈ ਬੱਚਾ ਬਾਲ ਭਿੱਖਿਆ ਕਰਦੇ ਹੋਏ ਪਾਇਆ ਜਾਂਦਾ ਹੈ ਤਾਂ ਬਾਲ ਸੁਰੱਖਿਆ ਯੂਨਿਟ ਵੱਲੋਂ ਬੱਚਿਆਂ ਦੀ ਉਮਰ ਅਨੁਸਾਰ ਉਨ੍ਹਾਂ ਨੂੰ ਸਕੂਲ ਵਿਚ ਦਾਖਲ ਕਰਵਾਇਆ ਜਾਵੇਗਾ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਆਮ ਜਨਤਾ ਨੂੰ ਜਾਗਰੂਕ ਕੀਤਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਮੰਗਵਾਉਣਾ ਕਾਨੂੰਨੀ ਤੌਰ ਤੇ ਅਪਰਾਧ ਹੈ। ਬਾਲ ਭਿੱਖਿਆ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਕਾਉਂਸਲਿੰਗ ਕੀਤੀ ਜਾਣੀ ਬਣਦੀ ਹੈ। ਤਾਂ ਜੋ ਬੱਚਿਆਂ ਦੇ ਮਾਤਾ-ਪਿਤਾ ਬੱਚਿਆਂ ਤੋਂ ਭੀਖ ਮੰਗਵਾਉਣ ਦੀ ਬਜਾਏ ਉਨ੍ਹਾਂ ਨੂੰ ਸਿੱਖਿਆ ਨਾਲ ਜੋੜਨ ਲਈ ਸਕੂਲ ਭੇਜਣ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਸਿਰਜਣਾ ਹੋ ਸਕੇ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਭੀਖ ਮੰਗਦਾ ਹੋਇਆ ਦਿਖਾਈ ਦਿੰਦਾ ਹੈ। ਤਾਂ ਇਸ ਸੰਬੰਧੀ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਕਮਰਾ ਨੰਬਰ 416 ਤੀਜੀ ਮੰਜ਼ਿਲ ਡੀਸੀ ਦਫਤਰ ਜਾਂ ਚਾਇਲਡ ਹੈਲਪਲਾਈਨ ਨੰਬਰ 1098 ਤੇ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ। ਚੈਕਿੰਗ ਟੀਮ ਵਿਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ, ਵਿਜੈ ਕੁਮਾਰ ਏਐੱਸਆਈ, ਰਣਜੀਤ ਸਿੰਘ ਏਐੱਸਆਈ, ਸੰਤੋਸ਼ ਦੀ ਈਓ, ਚਾਈਲਡ ਹੇਲਪ ਲਾਈਨ ਤੋਂ ਮੀਨਾਕਸ਼ੀ ਕੇਸ ਵਰਕਰ ਅਤੇ ਦੀਪਕ ਕੇਸ ਵਰਕਰ ਵੀ ਮੌਜੂਦ ਸਨ।