ਪਾਵਰਕਾਮ ਸਾਂਝੇ ਸੰਘਰਸ਼ ਮੋਰਚੇ ਨੇ ਕੀਤੀ ਗੇਟ ਰੈਲੀ
ਪਾਵਰਕਾਮ ਸਾਂਝੇ ਸੰਘਰਸ਼ ਮੋਰਚੇ ਨੇ ਕੀਤੀ ਗੇਟ ਰੈਲੀ
Publish Date: Fri, 27 Feb 2026 04:46 PM (IST)
Updated Date: Fri, 27 Feb 2026 04:49 PM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ ਮੁਕੰਦਪੁਰ : ਪਾਵਰਕਾਮ ਦਫ਼ਤਰ ਮਕੰਦਪੁਰ ਦੀਆਂ ਵੱਖ-ਵੱਖ ਯੂਨੀਅਨਾਂ ਦੇ ਗਠਿਤ ਕੀਤੇ ਗਏ ਸਾਂਝੇ ਸੰਘਰਸ਼ ਮੋਰਚੇ ਦੇ ਆਗੂਆਂ ਵੱਲੋਂ ਇੱਕ ਪ੍ਰਭਾਵਸ਼ਾਲੀ ਗੇਟ ਰੈਲੀ ਬਲਵੀਰ ਸਿੰਘ ਪ੍ਰਧਾਨ ਅਤੇ ਬਲਵਿੰਦਰ ਸਿੰਘ ਨੌਰਾ ਸਰਕਲ ਸਕੱਤਰ ਦੀ ਅਗਵਾਈ ਵਿਚ ਕੀਤੀ। ਜਿਸ ਵਿਚ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਦੀਆਂ ਵੇਚੀਆਂ ਜਾ ਰਹੀਆਂ ਜ਼ਮੀਨਾਂ ’ਤੇ ਮਾਣਯੋਗ ਹਾਈ ਕੋਰਟ ਵੱਲੋਂ ਲਗਾਈ ਰੋਕ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਬਲਵਿੰਦਰ ਸਿੰਘ ਨੌਰਾ ਤੇ ਬਲਵੀਰ ਸਿੰਘ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਜ਼ਮੀਨਾਂ ਵੇਚ ਕੇ ਡੰਗ ਟਪਾ ਰਹੀ ਹੈ ਅਤੇ ਇਹ ਪਹਿਲੀ ਸਰਕਾਰ ਹੈ। ਜਿਸ ਨੇ ਬੀਤੇ ਸਾਲ ਦੌਰਾਨ ਮੁਲਾਜ਼ਮਾਂ ਦਾ ਬਣਦਾ ਡੀਏ ਨਹੀਂ ਦਿੱਤਾ। ਜਿਸ ਕਰ ਕੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੀ ਹੋਂਦ ਪੜ੍ਹੇ-ਲਿਖੇ ਅਤੇ ਮੁਲਾਜ਼ਮ ਵਰਗ ਦੇ ਕਾਰਨ ਬਣੀ ਹੈ, ਪਰ ਹੁਣ ਇਹ ਸਰਕਾਰ ਮੁਲਾਜ਼ਮਾਂ ਅਤੇ ਪੜ੍ਹੇ-ਲਿਖੇ ਵਰਗ ਨੂੰ ਹੀ ਅਣਗੌਲਿਆ ਕਰ ਕੇ ਆਪਣੀ ਹਮੇਸ਼ਾ ਵਾਸਤੇ ਜਾਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਅਤੇ ਸਰਕਾਰ ਜਲਦ ਤੋਂ ਜਲਦ ਮੁਲਾਜ਼ਮਾਂ ਦਾ ਬਣਦਾ ਡੀਏ ਰਿਲੀਜ਼ ਕਰੇ ਅਤੇ ਸਰਕਾਰੀ ਜ਼ਮੀਨਾਂ ਦੀ ਵਿਕਰੀ ਬੰਦ ਕਰੇ ਨਹੀਂ ਤਾਂ ਸਮੁੱਚਾ ਮੁਲਾਜ਼ਮ ਵਰਗ ਲੰਬੇ ਸੰਘਰਸ਼ ਵਿਢੇਗਾ। ਇਸ ਮੌਕੇ ਰਮਨ ਕੁਮਾਰ ਸਕੱਤਰ, ਨਰਿੰਦਰ ਸਰਹਾਲ ਮੰਡਲ ਸਕੱਤਰ, ਬਲਜੀਤ ਕੁਮਾਰ ਐੱਸਐੱਸਓ, ਕੰਵਲਦੀਪ ਸਿੰਘ ਆਰਏ, ਕੁਲਵਿੰਦਰ ਜੱਖੂ, ਕਿਸ਼ਨ ਕੁਮਾਰ ਸੀਐੱਚਵੀ, ਸੁਰਿੰਦਰ ਕੁਮਾਰ, ਰਮਨ ਰਾਣਾ ਮੀਤ ਪ੍ਰਧਾਨ ਤੇ ਹੋਰ ਹਾਜ਼ਰ ਸਨ।