ਪੁਲਿਸ ਮੁਲਾਜ਼ਮ ਨੇ ਮਾਰੀ ਜੀਜੇ ਨੂੰ ਗੋਲੀ, ਮੌਤ
ਪੁਲਿਸ ਮੁਲਾਜ਼ਮ (ਸਾਲੇ) ਨੇ ਮਾਰੀ ਜੀਜੇ ਨੂੰ ਗੋਲੀ, ਮੌਤ
Publish Date: Sat, 10 Jan 2026 05:19 PM (IST)
Updated Date: Sun, 11 Jan 2026 04:03 AM (IST)

ਬੰਗਾ ਚ ਫਿਰ ਚੱਲੀਆਂ ਗੋਲੀਆਂ, ਇਲਾਕੇ ਚ ਸਹਿਮ ਦਾ ਮਾਹੌਲ ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਪੁਲਿਸ ਥਾਣਾ ਬੰਗਾ ਦੇ ਅਧੀਨ ਆਉਂਦੀ ਐੱਮਸੀ ਕਾਲੋਨੀ ਸੋਤਰਾਂ ਰੋਡ ਵਿਖੇ ਇਕ ਪੁਲਿਸ ਮੁਲਾਜ਼ਮ (ਸਾਲੇ) ਵੱਲੋਂ ਆਪਣੇ ਜੀਜੇ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਦੀ ਦੇਣ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਸਿਪਾਹੀ ਮਨਦੀਪ ਸਿੰਘ ਨੇ ਆਪਣੀ ਸਰਕਾਰੀ ਸਰਵਿਸ ਰਿਵਾਲਵਰ ਨਾਲ ਗੋਲੀਆਂ ਚਲਾ ਕੇ ਆਪਣੇ ਜੀਜਾ ਗੁਰਪ੍ਰੀਤ ਉਰਫ ਗੋਪੀ ਸ਼ਾਹ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ ਹੈ। ਪੁਲਿਸ ਥਾਣਾ ਸਿਟੀ ਬੰਗਾ ਦੇ ਮੁੱਖ ਥਾਣਾ ਅਫਸਰ ਸਤਨਾਮ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਤੇ ਉਸ ਦੇ ਜੀਜੇ ਗੁਰਪ੍ਰੀਤ ਦਰਮਿਆਨ ਪਿਛਲੇ ਕਾਫ਼ੀ ਸਮੇਂ ਤੋਂ ਆਪਸੀ ਰੰਜਿਸ਼ ਚੱਲ ਰਹੀ ਸੀ। ਇਸ ਰੰਜਿਸ਼ ਦੇ ਚੱਲਦਿਆਂ ਮਨਦੀਪ ਸਿੰਘ ਗੁਰਪ੍ਰੀਤ ਦੇ ਘਰ ਪਹੁੰਚਿਆ ਤੇ ਉਸ ਨਾਲ ਕਥਿਤ ਤੌਰ ’ਤੇ ਗਾਲੀ-ਗਲੌਚ ਕੀਤੀ। ਆਪਣੀ ਜਾਨ ਦੇ ਖ਼ਤਰੇ ਨੂੰ ਭਾਂਪਦਿਆਂ ਗੁਰਪ੍ਰੀਤ ਘਰੋਂ ਭੱਜ ਕੇ ਕਿਸੇ ਪਾਸੇ ਲੁਕ ਗਿਆ ਪਰ ਕੁਝ ਸਮੇਂ ਬਾਅਦ ਮਨਦੀਪ ਸਿੰਘ ਨੇ ਉਸ ਨੂੰ ਲੱਭ ਲਿਆ ਤੇ ਉਸ ’ਤੇ 4 ਤੋਂ 5 ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਮਨਦੀਪ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ। ਗੰਭੀਰ ਰੂਪ ’ਚ ਜ਼ਖ਼ਮੀ ਹੋਏ ਗੁਰਪ੍ਰੀਤ ਨੂੰ ਤੁਰੰਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਦੇਰ ਰਾਤ ਗੁਰਪ੍ਰੀਤ ਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਅਨੁਸਾਰ ਇਸ ਘਟਨਾ ਦੌਰਾਨ ਬਚਾਅ ਕਰਨ ਆਈ ਇੱਕ ਔਰਤ ਵੀ ਜ਼ਖ਼ਮੀ ਹੋ ਗਈ, ਜਿਸ ਨੂੰ ਢਾਹਾਂ-ਕਲੇਰਾਂ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਗੁਰਪ੍ਰੀਤ ਦੇ ਭਰਾ ਨੇ ਦੱਸਿਆ ਕਿ ਗੁਰਪ੍ਰੀਤ ਆਪਣੇ ਪਿੱਛੇ 2 ਧੀਆਂ, ਇੱਕ ਪੁੱਤਰ ਤੇ ਪਤਨੀ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ ਹੈ। ਐੱਸਐੱਚਓ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਕਥਿਤ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਪੁਲਿਸ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ।