ਪੀਐੱਮ ਸ਼੍ਰੀ ਸਕੂਲ ਮੁਕੰਦਪੁਰ ਵੱਲੋਂ ਦਾਖਲਾ ਵਧਾਓ ਮੁਹਿੰਮ ਤਹਿਤ ਰੈਲੀ
ਪੀਐਮ ਸ਼੍ਰੀ ਸਕੂਲ ਮੁਕੰਦਪੁਰ ਵੱਲੋਂ ਦਾਖਲਾ ਵਧਾਓ ਮੁਹਿੰਮ ਤਹਿਤ ਰੈਲੀ ਕੱਢੀ
Publish Date: Sun, 08 Mar 2026 06:23 PM (IST)
Updated Date: Mon, 09 Mar 2026 04:09 AM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵੱਲੋਂ ਦਾਖਲਾ ਵਧਾਓ ਮੁਹਿੰਮ ਦੇ ਤਹਿਤ ਜਾਗਰੂਕਤਾ ਰੈਲੀ ਕੱਢੀ। ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਦੇ ਹੁਕਮਾਂ ਅਨੁਸਾਰ ਸਰਕਾਰੀ ਸਕੂਲਾਂ ਵਿਚ ਦਾਖਲੇ ਵਧਾਉਣ ਲਈ ਕੱਢੀ ਗਈ। ਸਕੂਲ ਦੇ ਕਾਰਜਕਾਰੀ ਪ੍ਰਿੰ. ਕਿਸ਼ਨ ਖਟਕੜ ਦੀ ਅਗਵਾਈ ਹੇਠ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮੁਕੰਦਪੁਰ ਅਤੇ ਨਾਲ ਲੱਗਦੇ ਪਿੰਡਾਂ ਵਿਚ ਰੈਲੀ ਕੱਢ ਕੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿਚ ਆਪਣੇ ਬੱਚਿਆਂ ਦੇ ਦਾਖਲੇ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਹੱਥਾਂ ਵਿਚ ਤਖਤੀਆਂ ਫੜ ਕੇ ਸਿੱਖਿਆ ਸੰਬੰਧੀ ਨਾਅਰੇ ਲਗਾਏ ਅਤੇ ਲੋਕਾਂ ਨੂੰ ਸਰਕਾਰੀ ਸਕੂਲਾਂ ਦੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਿੰ. ਕਿਸ਼ਨ ਖਟਕੜ ਨੇ ਦੱਸਿਆ ਕਿ ਇਹ ਸਕੂਲ ਸਾਲ 1920 ਤੋਂ ਇਲਾਕੇ ਦੀ ਸੇਵਾ ਕਰਦਾ ਆ ਰਿਹਾ ਹੈ। ਸਕੂਲ ਵਿਚ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ ਅਨੁਸਾਰ ਉੱਚ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਇੱਥੇ ਹਿਊਮੈਨਿਟੀਜ਼, ਕਾਮਰਸ, ਮੈਡੀਕਲ, ਨਾਨ ਮੈਡੀਕਲ ਦੇ ਨਾਲ-ਨਾਲ ਹੁਨਰ ਸਿੱਖਿਆ ਦੇ ਤਹਿਤ ਬਿਊਟੀ ਐਂਡ ਵੈਲਨੈਸ ਅਤੇ ਸਿਕਿਊਰਟੀ ਵਰਗੇ ਕੋਰਸ ਵੀ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਪੰਜਾਬ ਦੇ ਚੁਣੇ ਹੋਏ 40 ਸਕੂਲਾਂ ਵਿਚ ਹੁਨਰ ਸਿੱਖਿਆ ਨੂੰ ਪ੍ਰੋਤਸਾਹਿਤ ਕਰਨ ਲਈ ਵਿਸ਼ੇਸ਼ ਕੋਰਸ ਸ਼ੁਰੂ ਕੀਤੇ ਗਏ ਹਨ। ਜ਼ਿਲ੍ਹੇ ਵਿਚ ਇਹ ਦੋ ਸਾਲਾ ਕੋਰਸ ਚਲਾਉਣ ਵਾਲਾ ਇਕੱਲਾ ਸਕੂਲ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਹੈ, ਜਿੱਥੇ ਡਿਜੀਟਲ ਡਿਜ਼ਾਇਨ ਐਂਡ ਡਿਵੈਲਪਮੈਂਟ ਅਤੇ ਬਿਊਟੀ ਐਂਡ ਵੈਲਨੈਸ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਉੱਚ ਦਰਜੇ ਦੀ ਤਾਲੀਮ ਦਿੱਤੀ ਜਾਂਦੀ ਹੈ। ਸਕੂਲ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਪੜ੍ਹਾਈ, ਮੁਫ਼ਤ ਕਿਤਾਬਾਂ, ਐਜੂਕੇਸ਼ਨਲ ਟੂਰ, ਵਜ਼ੀਫ਼ੇ ਦੀ ਸਹੂਲਤ, ਐੱਨਐੱਸਐੱਸ ਗਤੀਵਿਧੀਆਂ ਅਤੇ ਮਿਡ ਡੇ ਮੀਲ ਵਰਗੀਆਂ ਕਈ ਸੁਵਿਧਾਵਾਂ ਵੀ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸਕੂਲ ਪ੍ਰਬੰਧਕਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾ ਕੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਨੀਂਹ ਮਜ਼ਬੂਤ ਬਣਾਉਣ। ਇਸ ਮੌਕੇ ਸਮੂਹ ਸਟਾਫ ਮੈਂਬਰਾਨ ਵੀ ਹਾਜ਼ਰ ਸਨ।