- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਾਂਸ਼ਹਿਰ 'ਚ ਗੜ੍ਹੇਮਾਰੀ ਅਤੇ ਬਾਰਿਸ਼ ਕਾਰਨ ਲੋਕਾਂ ਦੀ ਪਰੇਸ਼ਾਨੀ ਵੱਧੀ

ਪ੍ਰਦੀਪ ਭਨੋਟ, ਮੁਕੇਸ਼ ਬਿੱਟੂ, ਪੰਜਾਬੀ ਜਾਗਰਣ
ਨਵਾਂਸ਼ਹਿਰ : ਪੰਜਾਬ ਵਿਚ ਗੜ੍ਹੇਮਾਰੀ ਅਤੇ ਭਾਰੀ ਬਾਰਿਸ਼ ਦੀ ਚਿਤਾਵਨੀ ਦੇ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਅਤੇ ਦੇਰ ਸ਼ਾਮ ਪਏ ਮੋਹਲੇਧਾਰ ਮੀਂਹ ਅਤੇ ਗੜ੍ਹੇਮਾਰੀ ਕਾਰਨ ਦੁਕਾਨਦਾਰਾਂ ਦੇ ਨਾਲ ਨਾਲ ਆਮ ਲੋਕਾਂ ਦੀਆਂ ਪਰੇਸ਼ਾਨੀਆਂ ਵੱਧੀਆਂ ਰਹੀਆਂ। ਨਵਾਂਸ਼ਹਿਰ 'ਚ ਸ਼ਾਮ 7 ਵਜੇ ਤੋਂ ਸ਼ੁਰੂ ਹੋਏ ਮੋਹਲੇਧਾਰ ਮੀਂਹ ਕਾਰਨ ਮੁੱਖ ਬਾਜ਼ਾਰਾਂ ਵਿਚ ਸੜਕਾਂ ਤੇ ਪਾਣੀ ਭਰ ਗਿਆ। ਇਸ ਕਾਰਨ ਜਿਥੇ ਮੌਸਮ ਵਿਚ ਠੰਢ ਵੱਧੀ ਰਹੀ। ਉਥੇ ਸ਼ਹਿਰ ਦੇ ਮੁੱਖ ਬਾਜ਼ਾਰਾਂ 'ਚ ਖੜੇ ਪਾਣੀ ਨੇ ਨਗਰ ਕੌਂਸਲ ਦੇ ਸੀਵਰੇਜ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਇਸ ਕਾਰਨ ਨੀਵੀਆਂ ਦੁਕਾਨਾਂ ਵਿਚ ਪਾਣੀ ਆ ਵੜਣ ਕਾਰਨ ਦੁਕਾਨਦਾਰਾਂ ਨੂੰ ਪਰੇਸ਼ਾਨੀ ਉਠਾਉਣੀ ਪਈ। ਮੀਂਹ ਕਾਰਨ ਤਹਿਸੀਲ ਕਾਂਪਲੈਕਸ, ਚੰਡੀਗੜ੍ਹ ਰੋਡ, ਕੁਲਾਮ ਰੋਡ, ਬੱਸ ਅੱਡਾ ਨਵਾਂਸ਼ਹਿਰ, ਗੜ੍ਹਸ਼ੰਕਰ ਰੋਡ, ਰੇਲਵੇ ਰੋਡ, ਬੰਗਾ ਰੋਡ, ਸਲੋਹ ਰੋਡ, ਗੀਤਾ ਭਵਨ ਰੋਡ, ਐੱਮਸੀ ਰੋਡ, ਕੋਠੀ ਰੋਡ ਸਮੇਤ ਸਾਰੇ ਇਲਾਕੇ ਵਿਚ ਪਾਣੀ ਹੀ ਪਾਣੀ ਕਰ ਦਿੱਤਾ। ਬਾਰਿਸ਼ ਦੌਰਾਨ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਪੋਲ ਵੀ ਖੁਲ੍ਹ ਗਈ ਹੈ। ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਹਰਜੀਤ ਸਿੰਘ, ਅਜੈਬ ਸਿੰਘ, ਕੁਲਜੀਤ ਸਿੰਘ ਨੇ ਨਵਾਂਸ਼ਹਿਰ ਦੇ ਮੁੱਖ ਬਾਜਾਰਾਂ ਦੇ ਸੀਵਰੇਜ ਦੀ ਸਫਾਈ ਦੇ ਪੁਖਤਾ ਪ੍ਰਬੰਧ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਥੋੜੀ ਜਿਹੀ ਬਾਰਿਸ ਤੋਂ ਬਾਅਦ ਸੜਕਾਂ ਦੇ ਪਾਣੀ ਨਾਲ ਭਰਨ ਦੀ ਸਮਸਿਆ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ।
ਕਿਸਾਨਾਂ ਦੀਆਂ ਚਿੰਤਾਵਾਂ ਵਧੀਆਂ
ਮੀਂਹ ਅਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵੱਧਦੀਆਂ ਜਾ ਰਹੀਆਂ ਹਨ। ਕਿਸਾਨ ਸੋਹਣ ਸਿੰਘ, ਮੱਖਣ ਸਿੰਘ, ਮੋਹਣ ਸਿੰਘ, ਪਰਮਜੀਤ ਸਿੰਘ ਨੇ ਦੱਸਿਆ ਕਿ ਖੇਤਾਂ ਵਿਚ ਖੜੀ ਕਣਕ ਦੀ ਫਸਲ ਜੋ ਕਿ ਪੱਕ ਕੇ ਕਟਾਈ ਲਈ ਤਿਆਰ ਹੋ ਰਹੀ ਹੈ। ਉਸ ਤੇ ਪੈ ਰਹੀ ਗੜ੍ਹੇਮਾਰੀ, ਬਾਰਿਸ਼ ਅਤੇ ਤੇਜ ਹਵਾਵਾਂ ਕਾਰਨ ਫਸਲਾਂ ਲੰਮੀਆਂ ਪੈਣ ਲੱਗ ਪਈਆਂ ਹਨ। ਜੋ ਕਿ ਕੁੱਝ ਚਿਰ 'ਚ ਕਾਲੀਆਂ ਪੈਣ ਲੱਗਣਗੀਆਂ। ਜਿਸ ਕਾਰਨ ਇੰਨ੍ਹਾਂ ਦੀ ਕਟਾਈ ਵੀ ਔਖੀ ਹੋ ਜਾਵੇਗੀ। ਉਨ੍ਹਾਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਮੌਸਮ ਦੀ ਤਬਦੀਲੀ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਆਪਣਾ ਆਸ਼ੀਰਵਾਦ ਬਣਾਈ ਰੱਖਣ। ਉਨ੍ਹਾਂ ਸਰਕਾਰ ਤੋਂ ਵੀ ਕਿਸਾਨਾਂ ਦੇ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਤਿਆਰ ਬਰ ਤਿਆਰ ਰਹਿਣ ਦੀ ਵੀ ਅਪੀਲ ਕੀਤੀ।
ਮੱਛਰਾਂ ਦੀ ਤਾਦਾਤ ਵੱਧਣ ਕਾਰਨ ਲੋਕ ਪਰੇਸ਼ਾਨ
ਮੀਂਹ, ਗੜ੍ਹੇਮਾਰੀ ਕਾਰਨ ਅਤੇ ਨੀਵੇਂ ਇਲਾਕਿਆਂ ਵਿਚ ਖੜੇ ਪਾਣੀ ਦੀ ਨਿਕਾਸੀ ਲਈ ਯੋਗ ਉਪਰਾਲੇ ਕਰਨ ਦੀ ਮੰਗ ਸਮੇਂ ਤੇ ਨਾਲ ਵੱਧਦੀ ਜਾ ਰਹੀ ਹੈ। ਸੂਝਵਾਨ ਲੋਕਾਂ ਦਾ ਮੰਨਣਾ ਹੈ ਕਿ ਮੀਂਹ ਤੋਂ ਬਾਅਦ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ਵਿਚ ਰੱਖੀਆਂ ਪਾਣੀ ਦੀਆਂ ਟੈਂਕੀਆਂ, ਕੂਲਰਾਂ, ਗਮਲਿਆਂ ਸਮੇਤ ਟੁੱਟੇ ਭਾਂਡਿਆਂ ਵਿਚ ਬਾਰਿਸ਼ ਦਾ ਪਾਣੀ ਖੜਾ ਹੋਣ ਕਾਰਨ ਮੱਛਰਾਂ ਦੀ ਤਾਦਾਤ ਵੱਧ ਰਹੀ ਹੈ। ਜਿਸ ਦੇ ਖਾਤਮੇ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਯੋਗ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਸਮਾਜ ਸੇਵੀਆਂ ਨੇ ਕਿਹਾ ਕਿ ਡੇਂਗੂ ਅਤੇ ਮਲੇਰੀਆ ਦੇ ਮੱਛਰਾਂ ਦੇ ਖਾਤਮੇ ਲਈ ਸਿਹਤ ਵਿਭਾਗ ਵੱਲੋਂ ਸ਼ਹਿਰੀ ਇਲਾਕਿਆਂ ਅਤੇ ਪਿੰਡਾਂ ਵਿਚ ਫਾਗਿੰਗ ਕਰਵਾਉਣ ਦੇ ਵੀ ਉਪਰਾਲੇ ਕੀਤੇ ਜਾਣ। ਤਾਂ ਜੋ ਮੱਛਰਾਂ ਦੀ ਵੱਧ ਰਹੀ ਤਾਦਾਤ ਨੂੰ ਰੋਕਿਆ ਜਾ ਸਕੇ।