ਨਵਾਂਸ਼ਹਿਰ 'ਚ ਫੈਲੀ ਗੰਦਗੀ ਤੋਂ ਲੋਕ ਪਰੇਸ਼ਾਨ
ਨਵਾਂਸ਼ਹਿਰ 'ਚ ਫੈਲੀ ਗੰਦਗੀ ਤੋਂ ਲੋਕ ਪਰੇਸ਼ਾਨ
Publish Date: Tue, 06 Jan 2026 03:47 PM (IST)
Updated Date: Tue, 06 Jan 2026 03:50 PM (IST)

-ਨਗਰ ਕੌਂਸਲ ਨਵਾਂਸ਼ਹਿਰ ਨੇ ਸਵੱਛ ਭਾਰਤ ਮੁਹਿੰਮ ਤਹਿਤ ਨੰਬਰ 1 ਦਾ ਖ਼ਿਤਾਬ ਜਿੱਤੀਆ ਸੀ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਕਿਸੇ ਸਮੇਂ ਸਵੱਛ ਭਾਰਤ ਮੁਹਿੰਮ ਤਹਿਤ ਨੰਬਰ ਵਨ ਦਾ ਖਿਤਾਬ ਜਿੱਤਣ ਵਾਲੇ ਨਵਾਂਸ਼ਹਿਰ ਦਾ ਹਾਲ ਦਿਨ ਬ ਦਿਨ ਮਾੜਾ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਨਵਾਂਸ਼ਹਿਰ ਦੇ ਲੋਕ ਜਿਥੇ ਕੂੜੇ ਦੀ ਲਿਫਟਿੰਗ ਨਾ ਹੋਣ ਕਾਰਨ ਪਰੇਸ਼ਾਨ ਹਨ ਉਥੇ ਬੰਦ ਪਏ ਸੀਵਰੇਜ ਅਤੇ ਸੜਕਾਂ, ਗਲੀਆਂ ਚ ਖੜ੍ਹੇ ਪਾਣੀ ਕਾਰਨ ਲੋਕਾਂ ਦਾ ਸੜਕਾਂ ਤੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ। ਮੰਦਰ ਪ੍ਰਬੰਧਕਾਂ ਅਤੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਵਾਰਡ ਨੰਬਰ 10 ਸ਼ਮਸ਼ਾਨਘਾਟ ਨੇੜੇ ਪੰਡੋਰਾ ਮੁਹੱਲਾ ਸਥਿਤ ਮੁਕਤੀ ਨਾਥ ਮੰਦਰ ਦੇ ਨੇੜੇ ਲਗੇ ਕੂੜੇ ਦੇ ਵੱਡੇ ਵੱਡੇ ਡੰਪ ਕਾਰਨ ਜਿਥੇ ਮੰਦਰ ਚ ਮੱਥਾ ਟੇਕਣ ਲਈ ਆਉਣ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ, ਉਥੇ ਹੀ ਬਾਰਿਸ਼ ਤੋਂ ਬਾਅਦ ਕੂੜੇ ਤੋਂ ਉੱਠ ਰਹੀ ਬਦਬੂ ਕਾਰਨ ਇਲਾਕੇ ਦੇ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ। ਲੋਕਾਂ ਨੇ ਦੱਸਿਆ ਕਿ ਸੀਵਰੇਜ ਦੀ ਬਲਾਕੇਜ ਕਾਰਨ ਮੁਹੱਲਿਆਂ ਵਿਚ ਗੰਦਾ ਪਾਣੀ ਡੇਰਾ ਜਮਾਈ ਬੈਠਾ ਹੈ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਵੀ ਵੱਧਦਾ ਜਾ ਰਿਹਾ ਹੈ। ਲੋਕਾਂ ਨੇ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਅਫ਼ਸਰਾਂ ਅਤੇ ਮੁਲਾਜ਼ਮਾਂ ਤੋਂ ਮੰਗ ਕੀਤੀ ਕਿ ਬੰਦ ਪਏ ਸੀਵਰੇਜ, ਗਲੀਆਂ, ਨਾਲੀਆਂ ਸਮੇਤ ਮਨਮਰਜ਼ੀ ਤੋਂ ਲਗਾਏ ਜਾ ਰਹੇ ਕੂੜੇ ਦੇ ਡੰਪਾਂ ਤੋਂ ਲੋਕਾਂ ਨੂੰ ਨਿਜਾਤ ਦਿਵਾਈ ਜਾਵੇ। ਲੋਕਾਂ ਨੇ ਦੱਸਿਆ ਕਿ ਸਵੱਛ ਭਾਰਤ ਮੁਹਿੰਮ ਤਹਿਤ ਨੰਬਰ 1 ਦਾ ਖਿਤਾਬ ਜਿੱਤਣ ਵਾਲੇ ਨਵਾਂਸ਼ਹਿਰ ਦੇ ਮੁਹੱਲਿਆਂ ਦੀ ਹਾਲਤ ਦੇਖ ਕੇ ਲੋਕ ਆਖ ਰਹੇ ਹਨ ਕਿ ਨਵਾਂਸ਼ਹਿਰ ਚ ਨਰਕ ਫੈਲ ਰਿਹਾ ਹੈ। ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਗੰਦਗੀ ਦੇ ਆਲਮ ਤੋਂ ਮੁਕਤੀ ਦਵਾਈ ਜਾਵੇ ਕਿਉਂਕਿ ਵਾਰਡ ਨੰਬਰ 10 ਪੰਡੋਰਾ ਮੁੱਹਲਾ ਸ਼ਮਸ਼ਾਨ ਘਾਟ ਨੇੜੇ ਪਹਿਲਾ ਇਕ ਢੇਰ ਲੱਗਾ ਗਿਆ ਸੀ। ਉਥੇ ਹੁਣ ਹੋਰ ਵੀ ਕਈ ਢੇਰ ਲੱਗ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਮੂਸਾਪੁਰ ਰੋਡ ਤੇ ਲੱਗੇ ਡੰਪ ਵਾਂਗ ਇਥੋਂ ਦੇ ਲੋਕਾਂ ਨੂੰ ਵੀ ਪਰੇਸ਼ਾਨੀ ਝੱਲਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਇਸ ਲਈ ਲੋਕਾਂ ਨੇ ਇਥੋਂ ਕੂੜੇ ਦੀ ਲਿਫਟਿੰਗ ਕਰਵਾਉਣ ਦੀ ਮੰਗ ਵੀ ਕੀਤੀ। ਲੋਕਾਂ ਨੇ ਇਲਾਕੇ ਚ ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਦੇ ਨਾਲ ਨਾਲ ਸਮੇਂ ਸਮੇਂ ਸਿਰ ਸਿਹਤ ਵਿਭਾਗ ਵੱਲੋਂ ਇਲਾਕੇ ਵਿਚ ਮੈਡੀਕਲ ਜਾਂਚ ਕੈਂਪ ਲਗਾਉਣ ਅਤੇ ਵੱਖ ਵੱਖ ਵਾਰਡਾਂ ਵਿਚ ਲੋਕਾਂ ਦੀ ਸਿਹਤ ਦੀ ਜਾਂਚ ਕਰਨ ਦੀ ਵੀ ਪੁਰਜ਼ੋਰ ਮੰਗ ਕੀਤੀ ਤਾਂ ਜੋ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਮਿਲ ਸਕਣ। ਲੋਕਾਂ ਨੇ ਕਿਹਾ ਕਿ ਅਫ਼ਸਰਾਂ ਵਿਚ ਪਾਈ ਜਾ ਰਹੀ ਆਪਣਾ ਫਾਇਦਾ ਦੇਖਣ ਦੀ ਆਦਤ ਨੂੰ ਛੱਡਦਿਆਂ ਪਹਿਲਾ ਲੋਕਾਂ ਦੇ ਫਾਇਦੇ ਅਤੇ ਸ਼ਹਿਰ ਦੇ ਵਿਕਾਸ ਵੱਲ ਬਣਦਾ ਗੌਰ ਕਰਨ ਦੀ ਮੰਗ ਵੀ ਕੀਤੀ। ਇਸ ਸਬੰਧ ਵਿਚ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।