8 ਮਾਰਚ ਦੇ ਵਿਧਾਨ ਸਭਾ ਮਾਰਚ ’ਚ ਪੈਨਸ਼ਨਰਾਂ ਕਰਨਗੇ ਭਰਵੀਂ ਸ਼ਮੂਲੀਅਤ
8 ਮਾਰਚ ਦੇ ਵਿਧਾਨ ਸਭਾ ਮਾਰਚ 'ਚ ਪੈਨਸ਼ਨਰਾਂ ਵੱਲੋਂ ਭਰਵੀਂ ਸ਼ਮੂਲੀਅਤ ਦਾ ਫੈਸਲਾ
Publish Date: Sat, 07 Mar 2026 04:50 PM (IST)
Updated Date: Sun, 08 Mar 2026 04:06 AM (IST)

ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਸੋਮ ਲਾਲ ਥੋਪੀਆ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫਤਰ ਦੇ ਮੀਟਿੰਗ ਹਾਲ ਵਿਚ ਹੋਈ। ਇਸ ਮੌਕੇ ਅਮਰੀਕਾ-ਇਜਰਾਇਲ ਦੀ ਸਾਮਰਾਜੀ ਜੁੰਡਲੀ ਵੱਲੋਂ ਕੁਦਰਤੀ ਸ੍ਰੋਤਾਂ ਦੀ ਕਾਰਪੋਰੇਟਾਂ ਦੇ ਹੱਕ ਵਿਚ ਲੁੱਟ ਕਰਨ ਦੇ ਇਰਾਦੇ ਨਾਲ ਇਰਾਨ ਤੇ ਥੋਪੀ ਜੰਗ ਤਹਿਤ ਲੜਕੀਆਂ ਦੇ ਪ੍ਰਾਇਮਰੀ ਸਕੂਲ ਤੇ ਕੀਤੀ ਬੰਬਾਰੀ ਵਿਚ 168 ਤੋਂ ਵਧੇਰੇ ਮਾਸੂਮ ਬੱਚੀਆਂ ਦੀ ਭਿਆਨਕ ਮੌਤ ਸਮੇਤ ਇਸ ਜੰਗ ਵਿਚ ਮਾਰੇ ਗਏ ਬੇਗੁਨਾਹ ਨਾਗਰਿਕਾਂ ਅਤੇ ਪੈਨਸ਼ਨਰ ਆਗੂ ਸੋਹਣ ਸਿੰਘ ਬਲਾਚੌਰ ਦੀ ਮਾਤਾ ਦੇ ਸਦੀਵੀ ਵਿਛੋੜੇ ਤੇ ਦੋ ਮਿੰਟ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ। ਕੁਲਦੀਪ ਸਿੰਘ ਦੌੜਕਾ, ਜੀਤ ਲਾਲ ਗੋਹਲੜੋਂ, ਕਰਨੈਲ ਸਿੰਘ ਰਾਹੋਂ, ਅਸ਼ੋਕ ਕੁਮਾਰ ਵਿੱਤ ਸਕੱਤਰ, ਜੋਗਾ ਸਿੰਘ, ਰਾਮ ਪਾਲ, ਰੇਸ਼ਮ ਲਾਲ, ਐੱਚਐੱਸ ਭਾਵੜਾ, ਆਤਮਾ ਰਾਮ, ਸੁੱਚਾ ਰਾਮ, ਦੇਸ ਰਾਜ ਚੌਹਾਨ, ਸਰਵਣ ਰਾਮ, ਪ੍ਰਿੰ. ਜਸਬੀਰ ਸਿੰਘ, ਈਸ਼ਵਰ ਚੰਦਰ ਅਤੇ ਧਰਮ ਪਾਲ, ਮਨਜੀਤ ਕੁਮਾਰ ਅਤੇ ਧੰਨਾ ਰਾਮ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਮੁਲਾਜ਼ਮਾਂ ਅਤੇ ਕਿਰਤੀਆਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ, ਉੱਥੇ ਹੀ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਨਵੇਂ ਹਮਲੇ ਕਰ ਰਹੀ ਹੈ। ਸਰਕਾਰ ਪੰਜਾਬ ਦਾ ਖਜ਼ਾਨਾ ਭਰੇ ਹੋਣ ਦੀਆਂ ਡੀਂਗਾਂ ਮਾਰ ਰਹੀ ਹੈ, ਪਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਪਿਛਲੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ ਬਕਾਇਆ, ਦਸੰਬਰ 2025 ਤੱਕ 16 ਫ਼ੀਸਦੀ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ, ਤਨਖਾਹ ਕਮਿਸ਼ਨ ਦੇ ਬਕਾਏ, ਪੈਨਸ਼ਨਰਾਂ ਤੇ 2.59 ਦਾ ਗੁਣਾਂਕ ਲਾਗੂ ਕਰਨ ਸਮੇਤ ਸਮੁੱਚੀਆਂ ਮੰਗਾਂ ਦਾ ਹੱਲ ਕਰਨ ਬਾਰੇ ਕੋਈ ਬਿਆਨ ਨਹੀਂ ਦੇ ਰਹੀ। ਜਨਵਰੀ 2026 ਤੋਂ ਅਗਲਾ ਤਨਖਾਹ ਕਮਿਸ਼ਨ ਲਾਗੂ ਹੋਣਾ ਸੀ, ਪਰ ਇਸ ਸਰਕਾਰ ਨੇ ਪਿਛਲੇ ਤਨਖਾਹ ਕਮਿਸ਼ਨ ਦੀਆਂ ਕੀਤੀਆਂ ਸਿਫਾਰਸ਼ਾਂ ਲਾਗੂ ਕਰਨ ਤੋਂ ਪਾਸਾ ਵੱਟ ਲਿਆ ਹੈ। ਉਨ੍ਹਾਂ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਬਜਟ ਸੈਸ਼ਨ ਦੌਰਾਨ 8 ਤੋਂ 11 ਮਾਰਚ ਤੱਕ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨਾਂ ਅਤੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਲਈ 8 ਮਾਰਚ ਨੂੰ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਆਗੂਆਂ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਦੇ ਅਮਰੀਕਾ ਅਤੇ ਇਜਰਾਇਲ ਵੱਲੋਂ ਇਰਾਨ ਤੇ ਥੋਪੀ ਜੰਗ ਕਾਰਨ ਮਾਸੂਮ ਬੱਚੀਆਂ ਅਤੇ ਬੇਗੁਨਾਹ ਲੋਕਾਂ ਦੇ ਮਾਰੇ ਜਾਣ ਤੇ ਦੁੱਖ ਦਾ ਪ੍ਰਗਟਾਵਾ ਕਰਨ ਦੀ ਬਜਾਏ ਅਮਰੀਕਾ ਅਤੇ ਇਜ਼ਰਾਈਲ ਨਾਲ ਖੜ੍ਹਨ, ਭਾਰਤ ਸਰਕਾਰ ਦੇ ਸੱਦੇ ’ਤੇ ਆਏ ਇਰਾਨ ਦੇ ਯੁੱਧ ਪੋਤ ਨੂੰ ਹਿੰਦ ਮਹਾਂਸਾਗਰ ਵਿਚ ਅਮਰੀਕੀ ਪਣਡੁਬੀ ਵਲੋਂ ਹਮਲਾ ਕਰ ਕੇ ਡੋਬੇ ਜਾਣ ਅਤੇ 148 ਨੇਵੀ ਦੇ ਜਵਾਨਾਂ ਨੂੰ ਮਾਰਨ, ਮਿਡਲ ਈਸਟ ਦੇ ਦੇਸ਼ਾਂ ਵਿਚ ਫਸੇ ਭਾਰਤੀਆਂ ਦੀ ਜਾਨ ਮਾਲ ਦੀ ਰਾਖੀ ਲਈ ਕੋਈ ਉਪਰਾਲਾ ਨਾ ਕੀਤੇ ਜਾਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਚੁੱਪ ਦੇਸ਼ ਨੂੰ ਸ਼ਰਮਸਾਰ ਕਰ ਰਹੀ ਹੈ। ਜਦਕਿ ਸ੍ਰੀ ਲੰਕਾ ਵੱਲੋਂ 32 ਨੇਵੀ ਜਵਾਨਾਂ ਨੂੰ ਬਚਾ ਲਿਆ ਗਿਆ ਹੈ, ਪਰ ਇਨ੍ਹਾਂ ਮਹਿਮਾਨਾਂ ਨੂੰ ਸੱਦਣ ਵਾਲਾ ਭਾਰਤ ਚੁੱਪ ਹੈ। ਆਗੂਆਂ ਨੇ ਕਿਹਾ ਕਿ ਇਸ ਫਿਰਕੂ ਫਾਸ਼ੀਵਾਦੀ ਕੇਂਦਰ ਸਰਕਾਰ ਵਲੋਂ ਦੇਸ਼ ਨੂੰ ਅਮਰੀਕਾ ਦਾ ਪੂਰਨ ਤੌਰ ’ਤੇ ਗੁਲਾਮ ਬਣਾ ਦਿੱਤਾ ਗਿਆ ਹੈ। ਉਨ੍ਹਾਂ ਨੇ ਦੇਸ਼ ਦੀ ਆਜਾਦੀ, ਸੰਵਿਧਾਨ, ਲੋਕਤੰਤਰ ਅਤੇ ਭਾਈਚਾਰਕ ਏਕਤਾ ਦੀ ਰਾਖੀ ਲਈ ਫਿਰਕੂ ਫਾਸ਼ੀਵਾਦੀ ਸਰਕਾਰ, ਅਮਰੀਕਾ-ਇਜ਼ਰਾਈਲ ਜੰਗਬਾਜ਼ ਜੁੰਡਲੀ ਦਾ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ। ਮੀਟਿੰਗ ’ਚ ਜਸਵੀਰ ਸਿੰਘ ਮੋਰੋਂ, ਤੇਜਾ ਸਿੰਘ, ਹਰਬੰਸ ਸਿੰਘ, ਹਰਮੇਸ਼ ਲਾਲ, ਗੁਰਦਿਆਲ ਸਿੰਘ, ਦੇਸ ਰਾਜ ਬੱਜੋਂ, ਸਰੂਪ ਲਾਲ, ਹਰਵਿੰਦਰ ਸਿੰਘ, ਜਸਬੀਰ ਸਿੰਘ, ਚਰਨਜੀਤ, ਰਜਿੰਦਰ ਸਿੰਘ ਦੇਹਲ, ਨਿਰਮਲ ਦਾਸ ਆਦਿ ਹਾਜ਼ਰ ਸਨ।