ਕਾਰ ਦੀ ਲਪੇਟ ’ਚ ਆਇਆ ਨੌਜਵਾਨ, ਮੌਤ
ਘਰੋਂ ਲੱਸੀ ਲੈਣ ਗਏ ਪਰਵਿੰਦਰ ਸਿੰਘ ਕਾਰ ਦੀ ਲਪੇਟ ਆਏ, ਮੌਤ
Publish Date: Mon, 30 Mar 2026 05:55 PM (IST)
Updated Date: Tue, 31 Mar 2026 04:07 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਅਧੀਨ ਆਉਂਦੇ ਪਿੰਡ ਮੱਲਪੁਰ ਅੜਕਾਂ ਦੇ ਨਵਾਂਸ਼ਹਿਰ-ਬੰਗਾ ਨੈਸ਼ਨਲ ਹਾਈਵੇ ਤੇ ਇਕ ਕਰੇਟਾ ਕਾਰ ਦੀ ਲਪੇਟ ਵਿਚ ਆਉਣ ਕਾਰਨ ਸੜਕ ਪਾਰ ਕਰ ਰਹੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੱਲਪੁਰ ਅੜਕਾ ਵਾਸੀ ਪਰਵਿੰਦਰ ਸਿੰਘ (ਉਮਰ 54 ਸਾਲ) ਜੋ ਕਿ ਮਿਸਤਰੀ ਦਾ ਕੰਮ ਕਰਦਾ ਸੀ ਅਤੇ ਰਾਤ ਰੋਟੀ ਖਾਣ ਉਪਰੰਤ ਆਪਣੇ ਪਰਿਵਾਰਿਕ ਮੈਂਬਰਾਂ ਲਈ ਲੱਸੀ ਲੈਣ ਲਈ ਮੱਲਪੁਰ ਅੜਕਾਂ ਦੇ ਅੱਡੇ ਵੱਲ ਇਕ ਦੁਕਾਨ ਤੇ ਜਾ ਰਿਹਾ ਸੀ ਕਿ ਜਲੰਧਰ ਤੋਂ ਨਵਾਂਸ਼ਹਿਰ ਆ ਰਹੀ ਇਕ ਕਰੇਟਾ ਕਾਰ ਨੇ ਪਰਵਿੰਦਰ ਸਿੰਘ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਪਰਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਉਧਰ ਮੌਕੇ ਤੇ ਪੁੱਜੇ ਸਥਾਨਕ ਲੋਕਾਂ ਅਤੇ ਪੁਲਿਸ ਨੇ ਕਰੇਟਾ ਕਾਰ ਅਤੇ ਉਸ ਦੇ ਚਾਲਕ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਦੋਹਾਂ ਪੱਖਾਂ ਦੇ ਬਿਆਨਾਂ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮੱਲਪੁਰ ਅੜਕਾਂ ਚ ਫਲਾਈ ਓਵਰ ਬਣਾਇਆ ਜਾਵੇ-ਪਿੰਡ ਵਾਸੀ ਇਸ ਸੜਕ ਹਾਦਸੇ ਨੂੰ ਦੇਖ ਕੇ ਚਿੰਤਤ ਪਿੰਡ ਮੱਲਪੁਰ ਅੜਕਾਂ ਵਾਸੀਆਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੱਲਪੁਰ ਅੜਕਾਂ ਵਿਖੇ ਫਲਾਈ ਓਵਰ ਬਣਾਇਆ ਜਾਵੇ। ਤਾਂ ਜੋ ਆਏ ਦਿਨ ਹੋ ਰਹੇ ਸੜਕ ਹਾਦਸਿਆਂ ਤੇ ਰੋਕ ਲਗਾਈ ਜਾ ਸਕੇ। ਲੋਕਾਂ ਨੇ ਦੱਸਿਆ ਕਿ ਆਏ ਦਿਨ ਇਥੇ ਹਾਦਸੇ ਵਾਪਰ ਰਹੇ ਹਨ ਅਤੇ ਪਿੰਡ ਵਾਸੀਆਂ ਵੱਲੋਂ ਵਾਰ ਵਾਰ ਇਸ ਥਾਂ ਤੇ ਫਲਾਈਓਵਰ ਬਣਾਉਣ ਦੀ ਮੰਗ ਕਰਦਿਆਂ ਡੀਸੀ ਨੂੰ ਮੰਗ ਪੱਤਰ ਦੇ ਚੁੱਕੇ ਹਨ ਪਰ ਹਾਲੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਜਿਸ ਕਾਰਨ ਲੋਕਾਂ ਦੀਆਂ ਚਿੰਤਾਵਾਂ ਵੱਧਦੀਆਂ ਜਾ ਰਹੀਆਂ ਹਨ।