ਟ੍ਰੈਫਿਕ ਜਾਗਰੂਕਤਾ ਤਹਿਤ ਪੇਟਿੰਗ ਮੁਕਾਬਲੇ ਕਰਵਾਏ
ਟ੍ਰੈਫਿਕ ਜਾਗਰੂਕਤਾ ਤਹਿਤ ਪੇਟਿੰਗ ਮੁਕਾਬਲੇ ਕਰਵਾਏ
Publish Date: Mon, 19 Jan 2026 05:15 PM (IST)
Updated Date: Tue, 20 Jan 2026 04:07 AM (IST)

ਐੱਸਡੀਐਮ ਕ੍ਰਿਤਿਕਾ ਗੋਇਲ ਤੇ ਆਰਟੀਓ ਇੰਦਰਪਾਲ ਨੇ ਟ੍ਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤਰੀ ਟਰਾਂਸਪੋਰਟ ਦਫ਼ਤਰ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਸਕੂਲ ਆਫ ਐਮੀਨੈਂਸ ਮਹਿੰਦੀਪੁਰ ਵਿਖੇ ਵਿਦਿਆਰਥੀਆਂ ਦੇ ਪੇਟਿੰਗ ਮੁਕਾਬਲੇ ਕਰਵਾਏ ਤੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਖੇਤਰੀ ਟਰਾਂਸਪੋਰਟ ਅਧਿਕਾਰੀ ਇੰਦਰਪਾਲ ਨੇ ਦੱਸਿਆ ਕਿ ਐੱਸਡੀਐੱਮ ਬਲਾਚੌਰ ਕ੍ਰਿਤਿਕਾ ਗੋਇਲ ਦੀ ਦੇਖਰੇਖ ਹੇਠ ਜਿੱਥੇ ਆਟੋ ਰਿਕਸ਼ਾ ਯੂਨੀਅਨ ਵਿਖੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਜਾਗਰੂਕ ਕੀਤਾ, ਉੱਥੇ ਹੀ ਸਕੂਲ ਆਫ਼ ਐਮੀਨੈਂਸ ਮਹਿੰਦੀਪੁਰ ਵਿਖੇ ਵਿਦਿਆਰਥੀਆਂ ਦੇ ਪੇਟਿੰਗ ਮੁਕਾਬਲੇ ਕਰਵਾ ਕੇ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ। ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਤੇ ਖੇਤਰੀ ਟਰਾਂਸਪੋਰਟ ਦਫ਼ਤਰ ਵੱਲੋਂ ਭਾਰਤ ਵਿਕਾਸ ਪ੍ਰੀਸ਼ਦ ਬਲਾਚੌਰ ਦੇ ਸਹਿਯੋਗ ਨਾਲ ਲਾਏ ਗਏ ਟ੍ਰੈਫਿਕ ਜਾਗਰੂਕਤਾ ਕੈਂਪ ’ਚ ਐੱਸਡੀਐੱਮ ਬਲਾਚੌਰ ਕ੍ਰਿਤਿਕਾ ਗੋਇਲ ਨੇ ਸ਼ਿਰਕਤ ਕੀਤੀ ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਜਾਗਰੂਕ ਕੀਤਾ। ਐੱਸਡੀਐਮ ਬਲਾਚੌਰ ਨੇ ਕਿਹਾ ਕਿ 1 ਤੋਂ 31 ਜਨਵਰੀ ਤੱਕ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੌਰਾਨ ਸਬ-ਡਵੀਜ਼ਨ ਅੰਦਰ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੋਪਹੀਆ ਵਾਹਨ ਜੋ ਵੀ ਸੜਕ ਤੇ ਚੱਲਦੇ ਹਨ, ਉਹ ਹੈਲਮੇਟ ਦੀ ਵਰਤੋਂ ਨੂੰ ਯਕੀਨੀ ਬਣਾਉਣ ਤਾਂ ਜੋ ਦੁਰਘਟਨਾ ਹੋਣ ’ਤੇ ਵੱਡਮੁੱਲੀ ਜਾਨ ਬਚ ਸਕੇ। ਖੇਤਰੀ ਟਰਾਂਸਪੋਰਟ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਅੰਦਰ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਜਾਗਰੂਕਤਾ ਮੁਹਿੰਮ ਤਹਿਤ ਧੁੰਦ ਤੋਂ ਬਚਣ ਲਈ ਵੱਖ-ਵੱਖ ਥਾਵਾਂ ’ਤੇ ਟਰੈਕਟਰ ਟਰਾਲੀਆਂ ਤੇ ਹੋਰ ਵਾਹਨਾਂ ’ਤੇ ਰਿਫਲੈਕਟਰ ਲਾਏ। ਜਾਗਰੂਕਤਾ ਮੁਹਿੰਮ ਅਧੀਨ ਹਸਤਾਖਰ ਮੁਹਿੰਮ ਚਲਾਈ ਗਈ। ਲਾਇਸੈਂਸ ਬਣਾਉਣ ਲਈ ਆਏ ਬਿਨੈਕਾਰਾਂ ਲਈ ਅੱਖਾਂ ਦਾ ਚੈੱਕਅਪ ਕੈਂਪ ਲਾਇਆ। ਇਸ ਤੋਂ ਇਲਾਵਾ ਦੋਪਹੀਆ ਵਾਹਨਾਂ ’ਤੇ ਸਫਰ ਕਰਨ ਵਾਲਿਆਂ ਨੂੰ ਮੁਫ਼ਤ ਹੈਲਮੇਟ ਵੰਡ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਤੇ ਹੈਲਮੇਟ ਦੀ ਮਹੱਤਤਾ ਬਾਰੇ ਦੱਸਿਆ। ਸਕੂਲਾਂ ਤੇ ਕਾਲਜਾਂ ’ਚ ਸੈਮੀਨਾਰ ਕਰਵਾ ਕੇ ਜਿੱਥੇ ਵਿਦਿਆਰਥੀਆਂ, ਅਧਿਆਪਕਾਂ ਨੂੰ ਜਾਗਰੂਕ ਕੀਤਾ, ਉੱਥੇ ਹੀ ਸਕੂਲਾਂ-ਕਾਲਜਾਂ ਦੇ ਡਰਾਈਵਰਾਂ ਨੂੰ ਵੀ ਜਾਗਰੂਕ ਕੀਤਾ।