ਅਮਰਦੀਪ ਸਿੰਘ ਸ਼ੇਰਗਿੱਲ ਕਾਲਜ 'ਚ ਇਕ ਦਿਨਾ ਵਰਕਸ਼ਾਪ ਆਯੋਜਿਤ
ਅਮਰਦੀਪ ਸਿੰਘ ਸ਼ੇਰਗਿੱਲ ਕਾਲਜ 'ਚ ਇਕ ਦਿਨਾ ਵਰਕਸ਼ਾਪ ਆਯੋਜਿਤ
Publish Date: Fri, 30 Jan 2026 05:26 PM (IST)
Updated Date: Sat, 31 Jan 2026 04:08 AM (IST)

ਦੇਸ ਰਾਜ ਬੰਗਾ, ਪੰਜਾਬੀ ਜਾਗਰਣ, ਮੁਕੰਦਪੁਰ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿਖੇ ਉਪ ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਅਤੇ ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. ਡਾ. ਸਰੋਜ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਭਾਰਤ ਸਰਕਾਰ ਦੇ ਅਦਾਰੇ ਆਰਯੂਐਸਏ ਵੱਲੋਂ ਪ੍ਰਾਪਤ ਗਰਾਂਟ ਤਹਿਤ ਕਾਲਜ ਕੈਂਪਸ ਵਿਚ ਪ੍ਰਿੰ. ਪ੍ਰੋ. ਮਨਜੀਤ ਸਿੰਘ ਦੀ ਅਗਵਾਈ ਹੇਠ ਇੱਕ ਰੋਜ਼ਾ ਵਰਕਸ਼ਾਪ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਐਗਰੀਕਲਚਰਲ ਰਿਸਰਚ ਐਂਡ ਇਨੋਵੇਸ਼ਨ ਦੇ ਕੋ-ਆਰਡੀਨੇਟਰ ਡਾ. ਪ੍ਰਤਾਪ ਕੁਮਾਰ ਦੇ ਸਹਿਯੋਗ ਨਾਲ ਲਗਾਈ ਗਈ। ਜਿਸ ਵਿਚ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਮੌਸਮੀ ਫ਼ਲਾਂ ਅਤੇ ਸਬਜ਼ੀਆਂ ਦੀ ਸੁਯੋਗ ਵਰਤੋਂ ਸੰਬੰਧੀ ਜਾਣਕਾਰੀ ਦਿੱਤੀ।।ਮੁੱਖ ਬੁਲਾਰੇ ਡਾ. ਹਰਪ੍ਰੀਤ ਕੌਰ ਮੁਖੀ ਫ਼ੂਡ ਅਤੇ ਨਿਊਟਰੀਸ਼ਨ ਵਿਭਾਗ ਪੀਏਯੂ, ਡਾ. ਅਮਰਜੀਤ ਕੌਰ ਵਿਗਿਆਨੀ ਫ਼ੂਡ ਅਤੇ ਨਿਊਟਰੀਸ਼ਨ ਵਿਭਾਗ ਪੀਏਯੂ ਅਤੇ ਡਾ. ਰਾਜਿੰਦਰ ਕੌਰ ਅਸਿਸਟੈਂਟ ਪ੍ਰੋਫ਼ੈਸਰ, ਕੇਵੀਕੇ ਲੰਗੜੋਆ ਪੀਏਯੂ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਫ਼ਲਾਂ ਅਤੇ ਸਬਜ਼ੀਆਂ ਸੰਬੰਧੀ ਦੱਸਦਿਆਂ ਨਿੰਬੂ ਦਾ ਆਚਾਰ, ਟਮਾਟੋ ਸਾਸ, ਮਿਕਸ ਸਬਜ਼ੀਆਂ ਦਾ ਅਚਾਰ, ਆਵਲਾ ਚਟਨੀ, ਨਿੰਬੂ ਦਾ ਸੁਕੈਸ਼, ਗਾਜ਼ਰ ਦਾ ਮੁਰੱਬਾ, ਮਿਕਸ ਵੈਜ ਸਾਸ, ਮਿੱਠਾ ਨਿੰਬੂ ਦਾ ਆਚਾਰ, ਮਿਕਸ ਫਰੂਟ ਜੈਮ ਬਣਾਉਣ ਬਾਰੇ ਜਾਣਕਾਰੀ ਦਿੱਤੀ ਅਤੇ ਮੌਸਮ ਅਨੁਸਾਰ ਮਿਲਣ ਵਾਲੇ ਫ਼ਲਾਂ ਤੇ ਸਬਜ਼ੀਆਂ ਦੇ ਪੋਸ਼ਣ ਤੱਤਾਂ, ਉਨ੍ਹਾਂ ਦੇ ਸਹੀ ਸੇਵਨ ਅਤੇ ਰੋਜ਼ਾਨਾ ਜੀਵਨ ਵਿਚ ਉਪਯੋਗ ਬਾਰੇ ਦੱਸਿਆ। ਬੁਲਾਰਿਆਂ ਨੇ ਦੱਸਿਆ ਕਿ ਮੌਸਮੀ ਫ਼ਲ ਅਤੇ ਸਬਜ਼ੀਆਂ ਨਾ ਸਿਰਫ਼ ਸਿਹਤ ਲਈ ਲਾਭਦਾਇਕ ਹੁੰਦੀਆਂ ਹਨ, ਸਗੋਂ ਇਹ ਸਸਤੀ, ਤਾਜ਼ਾ ਅਤੇ ਵਾਤਾਵਰਣ ਲਈ ਵੀ ਅਨੁਕੂਲ ਹੁੰਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਫਾਸਟ ਫੂਡ ਤੋਂ ਦੂਰ ਰਹਿ ਕੇ ਕੁਦਰਤੀ ਅਤੇ ਪੋਸ਼ਣ ਭਰਪੂਰ ਖੁਰਾਕ ਅਪਣਾਉਣ ਲਈ ਪ੍ਰੇਰਿਤ ਕੀਤਾ। ਡਾ. ਰਾਜਿੰਦਰ ਕੌਰ ਨੇ ਦੱਸਿਆ ਕਿ ਜਿੱਥੇ ਮੌਸਮੀ ਫ਼ਲ ਅਤੇ ਸਬਜ਼ੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਘਰਾਂ ਵਿਚ ਵਰਤ ਸਕਦੇ ਹਾਂ, ਉੱਥੇ ਇਨ੍ਹਾਂ ਦੀ ਸੁਯੋਗ ਵਰਤੋਂ ਕਰਕੇ ਇਨ੍ਹਾਂ ਰਾਹੀਂ ਰੋਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਇਸ ਤਰ੍ਹਾਂ ਦੇ ਕਿੱਤਾ ਮੁਖੀ ਕੋਰਸਾਂ ਦਾ ਸਮਾਜ ਅਤੇ ਦੇਸ਼ ਦੀ ਅਰਥ ਵਿਵਸਥਾ ਵਿਚ ਵੱਡਾ ਯੋਗਦਾਨ ਹੁੰਦਾ ਹੈ।।ਉਨ੍ਹਾਂ ਨੇ ਬੱਚਿਆਂ ਨੂੰ ਉਤਸ਼ਾਹਿਤ ਕਰਦਿਆਂ ਦੱਸਿਆ ਕਿ ਰੋਜ਼ਗਾਰ ਦੇ ਇਨ੍ਹਾਂ ਮੌਕਿਆਂ ਲਈ ਬੈਂਕ ਵੱਲੋਂ ਸਸਤੀਆਂ ਦਰਾਂ ’ਤੇ ਕਰਜ਼ੇ ਵੀ ਮੁਹੱਈਆ ਕਰਵਾਏ ਜਾਂਦੇ ਹਨ। ਵਰਕਸ਼ਾਪ ਦੇ ਅੰਤ ਵਿਚ ਪ੍ਰਸ਼ਨੋਤਰ ਸੈਸ਼ਨ ਵੀ ਕਰਵਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਆਪਣੇ ਸਵਾਲ ਪੁੱਛੇ ਅਤੇ ਮਾਹਿਰਾਂ ਵੱਲੋਂ ਉਨ੍ਹਾਂ ਦੇ ਸੰਤੋਸ਼ਜਨਕ ਉੱਤਰ ਦਿੱਤੇ ਗਏ। ਵਰਕਸ਼ਾਪ ਵਿਚ ਆਲੇ-ਦੁਆਲੇ ਦੇ ਪਿੰਡਾਂ ਦੀਆਂ ਲੱਗਭੱਗ 35 ਘਰੇਲੂ ਔਰਤਾਂ ਨੇ ਅਤੇ 100 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਮੁੱਖ ਮਹਿਮਾਨ ਹਰਜੋਤ ਕੌਰ ਲੋਹਟੀਆ ਵਾਈਸ ਚੇਅਰਮੈਨ ਐੱਸਸੀ ਕਮਿਸ਼ਨ ਪੰਜਾਬ ਨੇ ਵਰਕਸ਼ਾਪ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਘਰੇਲੂ ਵਸਤਾਂ ਵਰਤਣ ਉੱਤੇ ਜ਼ੋਰ ਦਿੱਤਾ। ਕਾਲਜ ਪ੍ਰਿੰ. ਮਨਜੀਤ ਸਿੰਘ ਨੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਕਰਵਾਉਂਦੇ ਰਹਿਣ ਦਾ ਭਰੋਸਾ ਦਿੱਤਾ। ਵਰਕਸ਼ਾਪ ਦੇ ਅੰਤ ਵਿਚ ਸਾਰੇ ਭਾਗੀਦਾਰਾਂ ਨੂੰ ਸਰਟੀਫ਼ਿਕੇਟ ਵੰਡੇ ਗਏ। ਮਹਿਮਾਨਾਂ ਨੂੰ ਕਾਲਜ ਦੀ ਨਿੱਘੀ ਯਾਦ ਵਜੋਂ ਸਨਮਾਨ ਚਿੰਨ ਭੇਟ ਕੀਤੇ ਗਏ। ਪ੍ਰੋਗਰਾਮ ਦੀ ਸੁਯੋਗ ਅਗਵਾਈ ਡਾ. ਨਿਰਦੋਸ਼ ਕੌਰ, ਸ਼ਵੇਤਾ ਤੇ ਪ੍ਰੋ. ਸੁਗੰਧਾ ਨੇ ਕੀਤੀ। ਇਸ ਮੌਕੇ ਕਾਲਜ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ, ਸੁਰਿੰਦਰ ਸਿੰਘ ਢੀਡਸਾ ਵਾਈਸ ਚੇਅਰਮੈਨ, ਕਾਲਜ ਤੇ ਸਕੂਲ ਪੀਟੀਏ, ਸੁਰਜੀਤ ਸਿੰਘ ਬੀਸਲਾ, ਮੀਨਾ ਕੁਮਾਰੀ ਮੈਂਬਰ ਬਲਾਕ ਸੰਮਤੀ, ਮਹਿੰਦਰ ਸਿੰਘ ਦੁਸਾਂਝ ਅਤੇ ਪ੍ਰਿੰ. ਪਰਮਜੀਤ ਕੌਰ ਅਮਰਦੀਪ ਸੈਕੰਡਰੀ ਸਕੂਲ, ਪ੍ਰੋ. ਸੁਖਮਿੰਦਰ ਬਾਵਾ, ਡਾ. ਕਰਮਜੀਤ ਕੌਰ, ਡਾ. ਸੰਗੀਤਾ, ਪ੍ਰੋ. ਸਰਬਜੀਤ ਸਿੰਘ, ਪ੍ਰੋ. ਰੁਪਿੰਦਰ ਸਿੰਘ, ਡਾ. ਆਸ਼ਿਮਾ ਪਾਸੀ, ਡਾ. ਮੇਘਨਾ ਅਗਰਵਾਲ ਹਾਜ਼ਰ ਸਨ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਨਿਰਦੋਸ਼ ਕੌਰ ਨੇ ਬਾਖ਼ੂਬੀ ਕੀਤਾ।