ਸਕੂਟਰੀਆਂ ਦੀ ਟੱਕਰ ’ਚ ਇਕ ਦੀ ਮੌਤ, ਦੂਜਾ ਫੱਟੜ
ਦੋ ਸਕੂਟਰੀਆਂ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ, ਦੂਜਾ ਗੰਭੀਰ ਫੱਟੜ
Publish Date: Mon, 23 Mar 2026 05:21 PM (IST)
Updated Date: Tue, 24 Mar 2026 04:02 AM (IST)
ਸੰਦੀਪ ਬੈਂਸ, ਪੰਜਾਬੀ ਜਾਗਰਣ, ਨਵਾਂਸ਼ਹਿਰ : ਦੋ ਸਕੂਟਰੀਆਂ ਦੀ ਟੱਕਰ ਕਾਰਨ ਇਕ ਸਕੂਟਰੀ ਚਾਲਕ ਦੀ ਮੌਤ ਤੇ ਦੂਜੇ ਦੇ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਥਾਣਾ ਸਦਰ ਬੰਗਾ ਦੇ ਏਐੱਸਆਈ ਰਘਬੀਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਰਾਮ ਭਾਟੀਆ ਪੁੱਤਰ ਲਛਮਣ ਦਾਸ ਵਾਸੀ ਪਿੰਡ ਕੱਟ ਨੇ ਦੱਸਿਆ ਕਿ 21 ਮਾਰਚ ਨੂੰ ਉਹ ਅਤੇ ਉਸ ਦਾ ਚਾਚਾ ਆਪਣੀ ਆਪਣੀ ਸਕੂਟਰੀ ਤੇ ਨਵਾਂਸ਼ਹਿਰ ਤੋਂ ਬੰਗਾ ਨੂੰ ਜਾ ਰਹੇ ਸਨ। ਉਨ੍ਹਾਂ ਅੱਗੇ ਇਕ ਹੋਰ ਸਕੂਟਰੀ ਜਾ ਰਹੀ ਸੀ ਅਤੇ ਜਦੋਂ ਉਹ ਖਟਕੜ ਕਲਾਂ ਤੋਂ ਥੋੜ੍ਹਾ ਅੱਗੇ ਗਏ ਤਾਂ ਅੱਗੇ-ਅੱਗੇ ਜਾ ਰਹੀ ਸਕੂਟਰੀ ਦੇ ਚਾਲਕ ਨੇ ਇਕ ਦਮ ਬਰੇਕ ਲਗਾ ਦਿੱਤੀ। ਜਿਸ ਨਾਲ ਉਸ ਦੇ ਚਾਚੇ ਹੁਕਮ ਚੰਦ ਦੀ ਸਕੂਟਰੀ ਅਗਲੀ ਸਕੂਟਰੀ ਵਿਚ ਵੱਜੀ ਅਤੇ ਦੋਵੇਂ ਸਕੂਟਰੀ ਸਵਾਰ ਸੜਕ ਤੇ ਡਿੱਗ ਗਏ। ਦੋਹਾਂ ਨੂੰ ਰਾਹਗੀਰਾਂ ਦੀ ਮੱਦਦ ਨਾਲ ਸਿਵਲ ਹਸਪਤਾਲ ਬੰਗਾ ਦਾਖਲ ਕਰਵਾਇਆ, ਜਿੱਥੇ ਉਸ ਦੇ ਚਾਚੇ ਹੁਕਮ ਚੰਦ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਰੈਫਰ ਕਰ ਦਿੱਤਾ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਬਲਜਿੰਦਰ ਰਾਮ ਨੇ ਕਿਹਾ ਕਿ ਅੱਗੇ ਜਾ ਰਹੀ ਸਕੂਟਰੀ ਦੇ ਚਾਲਕ ਜਸਵਿੰਦਰ ਪਾਲ ਪੁੱਤਰ ਕਿਸ਼ਨ ਚੰਦ ਵਾਸੀ ਪਿੰਡ ਭੂਤਾਂ ਦੀ ਗਲਤੀ ਕਾਰਨ ਉਸ ਦੇ ਚਾਚੇ ਦੀ ਮੌਤ ਹੋਈ ਹੈ। ਪੁਲਿਸ ਵੱਲੋਂ ਜਸਵਿੰਦਰ ਪਾਲ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।