ਖੇਤਾਂ 'ਚੋਂ ਮੋਟਰਾਂ ਚੋਰੀ ਕਰਨ ਵਾਲਾ ਇਕ ਕਾਬੂ, ਦੂਜਾ ਫਰਾਰ
ਖੇਤਾਂ 'ਚੋਂ ਮੋਟਰਾਂ ਚੋਰੀ ਕਰਨ ਵਾਲਾ ਇਕ ਵਿਅਕਤੀ ਕਾਬੂ, ਦੂਜਾ ਫਰਾਰ
Publish Date: Sat, 28 Feb 2026 05:51 PM (IST)
Updated Date: Sun, 01 Mar 2026 04:07 AM (IST)

ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ ਖੇਤਾਂ ਵਿਚ ਬਣੀਆਂ ਮੋਟਰਾਂ ਚੋਂ ਮੋਟਰਾਂ ਚੋਰੀ ਕਰਨ ਵਾਲਿਆਂ ਖਿਲਾਫ਼ ਪੁਲਿਸ ਨੇ ਮਾਮਲਾ ਦਰਜ ਕਰ ਕੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਹੋਰਨਾਂ ਮੁਲਜ਼ਮਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਰਾਹੋਂ ਦੇ ਐੱਸਐੱਚਓ ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਖੁਸ਼ਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੁਹੱਲਾ ਰਾਜਪੂਤਾਂ ਰਾਹੋਂ ਨੇ ਦੱਸਿਆ ਕਿ ਉਸ ਦੇ ਮਾਮਾ ਗਰਦੇਵ ਸਿੰਘ ਪੁੱਤਰ ਸਵ. ਹਰਕਮਲ ਸਿੰਘ ਵਾਸੀ ਮੁਹੱਲਾ ਪਹਾੜ ਸਿੰਘ ਰਾਹੋਂ ਜੋ ਹੁਣ ਵਿਦੇਸ਼ ਇੰਗਲੈਡ ਗਏ ਹੋਏ ਹਨ। ਜਿਨ੍ਹਾ ਦੀ ਪਿੰਡ ਨਿਆਮਤਪੁਰ ਵਿਖੇ ਜ਼ਮੀਨ ਹੈ, ਜਿਸ ਨੂੰ ਚਾਰਦੀਵਾਰੀ ਕੀਤੀ ਹੋਈ ਹੈ, ਜਿਸ ਦੀ ਉਹ ਦੇਖਰੇਖ ਕਰਦੇ ਹਨ। ਉਹ ਇਸ ਜਗ੍ਹਾ ਪਰ ਪਸ਼ੂ ਅਤੇ ਖੇਤੀਬਾੜੀ ਦਾ ਸਮਾਨ ਰੱਖਿਆ ਹੋਇਆ ਹੈ ਤੇ ਖੇਤਾਂ ਨੂੰ ਪਾਣੀ ਲਾਉਣ ਲਈ ਮੋਟਰ ਲਾਈ ਹੋਈ ਸੀ। ਦਸੰਬਰ ਮਹੀਨੇ ਦੀ ਦਰਮਿਆਨੀ ਰਾਤ ਨੂੰ ਉਕਤ ਜਗਾ ਤੋਂ ਉਸ ਦੀ ਇਕ ਪਾਣੀ ਵਾਲੀ ਮੋਟਰ, ਮੋਟਰ ਨੂੰ ਪਾਈ ਤਾਰ, ਕਮਰੇ ਨੂੰ ਲੱਗਾ ਲੋਹੇ ਦਾ ਦਰਵਾਜਾ ਤੇ ਲੋਹੇ ਦੀ ਤਾਕੀ ਕੋਈ ਨਾ ਮਾਲੂਮ ਵਿਅਕਤੀ ਚੋਰੀ ਕਰ ਕੇ ਲੈ ਗਿਆ। ਇਸ ਤੋਂ ਕੁਝ ਦਿਨਾਂ ਬਾਅਦ ਹੀ ਉਸ ਵੱਲੋਂ ਨਵੀਂ ਲਗਾਈ ਪਾਣੀ ਵਾਲੀ ਮੋਟਰ ਕੋਈ ਨਾ-ਮਾਲੂਮ ਵਿਅਕਤੀ ਰਾਤ ਨੂੰ ਚੋਰੀ ਕਰ ਕੇ ਲੈ ਗਿਆ। ਦਸੰਬਰ ਮਹੀਨੇ ’ਚ ਹੀ ਰਾਤ ਨੂੰ ਤਰਸੇਮ ਲਾਲ ਪੁੱਤਰ ਸੂਰਤ ਰਾਮ ਵਾਸੀ ਕਨੋਣ ਦੀ ਵੀ ਉਸ ਦੇ ਖੇਤਾਂ ’ਚੋਂ ਪਾਣੀ ਵਾਲੀ ਮੋਟਰ ਤੇ ਹੋਰ ਵੀ ਆਲੇ-ਦੁਆਲੇ ਖੇਤਾਂ ’ਚੋਂ ਕਾਫੀ ਪਾਣੀ ਵਾਲੀਆਂ ਮੋਟਰਾਂ ਚੋਰੀ ਹੋਈਆਂ ਹਨ, ਜਿਸ ਕਰ ਕੇ ਉਸ ਨੇ ਨਿਗਰਾਨੀ ਰੱਖਣੀ ਸ਼ੁਰੂ ਕਰ ਦਿੱਤੀ। 26 ਫਰਵਰੀ ਨੂੰ ਉਹ ਤੇ ਉਸ ਦਾ ਭਰਾ ਹਰਮਨ ਸਿੰਘ ਨਿਗਰਾਨੀ ਲਈ ਕੋਠੇ ’ਤੇ ਪਏ ਸਨ ਤਾਂ 12 ਵਜੇ ਰਾਤ ਬਲਜੀਤ ਸਿੰਘ ਪੁੱਤਰ ਸਰਵਣ ਸਿੰਘ ਤੇ ਲਵਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀਆਨ ਕਾਹਲੋਂ, ਜਿਨ੍ਹਾਂ ਨੂੰ ਉਹ ਪਹਿਲਾ ਹੀ ਜਾਣਦਾ ਸੀ। ਉਹ ਕੰਧ ਟੱਪ ਕੇ ਅੰਦਰ ਦਾਖਲ ਹੋ ਗਏ ਤੇ ਪਾਣੀ ਵਾਲੀ ਮੋਟਰ ਨੂੰ ਖੋਲ੍ਹਣ ਲੱਗੇ ਤਾਂ ਸਾਡੇ ਵੱਲੋਂ ਰੌਲਾ ਪਾਉਣ ਤੇ ਉਕਤ ਦੋਨੋ ਜਣੇ ਮੌਕੇ ਤੋਂ ਭੱਜ ਗਏ। ਇਨ੍ਹਾਂ ਨੂੰ ਪਹਿਲਾ ਵੀ ਕਈ ਵਾਰ-ਵਾਰ ਦਿਨੇ ਇਸ ਜਗ੍ਹਾ ’ਤੇ ਘੁੰਮਦੇ ਫਿਰਦੇ ਦੇਖਿਆ ਸੀ। ਪੂਰਾ ਯਕੀਨ ਹੈ ਕਿ ਪਾਣੀ ਵਾਲੀਆਂ ਮੋਟਰਾਂ ਤੇ ਮੋਟਰ ਨੂੰ ਪਾਈ ਤਾਰ, ਕਮਰੇ ਨੂੰ ਲੱਗਾ ਲੋਹੇ ਦਾ ਦਰਵਾਜ਼ਾ ਤੇ ਲੋਹੇ ਦੀ ਤਾਕੀ ਤੇ ਤਰਸੇਮ ਲਾਲ ਉਕਤ ਦੀ ਪਾਣੀ ਵਾਲੀ ਮੋਟਰ ਤੇ ਆਲੇ ਦੁਆਲੇ ਖੇਤਾਂ ’ਚੋਂ ਹੋਰ ਵੀ ਚੋਰੀ ਹੋਈਆਂ ਮੋਟਰਾਂ ਬਲਜੀਤ ਸਿੰਘ ਪੁੱਤਰ ਸਰਵਣ ਸਿੰਘ ਤੇ ਲਵਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਨੇ ਚੋਰੀ ਕੀਤੀਆਂ ਹਨ, ਜਿਨ੍ਹਾਂ ਨੇ ਇਹ ਸਾਰਾ ਚੋਰੀ ਦਾ ਸਾਮਾਨ ਮੱਗਾ ਕਬਾੜੀਆਂ ਵਾਸੀ ਖਾਰਾ ਕਾਲੋਨੀ ਨਵਾਂਸ਼ਹਿਰ ਨੂੰ ਵੇਚਿਆ ਹੈ। ਪੁਲਿਸ ਨੇ ਕਥਿਤ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏਐੱਸਆਈ ਸੰਦੀਪ ਕੁਮਾਰ ਨੇ ਦੱਸਿਆ ਕਿ ਕਥਿਤ ਮੁਲਜ਼ਮ ਬਲਜੀਤ ਸਿੰਘ ਪੁੱਤਰ ਸਰਵਣ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ।