ਨਵਾਂਸ਼ਹਿਰ ਪੁਲਿਸ ਨੇ 60 ਸ਼ੱਕੀ ਵਿਅਕਤੀਆਂ ਨੂੰ ਕੀਤਾ ਕਾਬੂ
ਨਵਾਂਸ਼ਹਿਰ ਪੁਲਿਸ ਨੇ 60 ਸ਼ੱਕੀ ਵਿਅਕਤੀਆਂ ਨੂੰ ਕੀਤਾ ਕਾਬੂ
Publish Date: Tue, 10 Feb 2026 05:42 PM (IST)
Updated Date: Wed, 11 Feb 2026 04:05 AM (IST)

20 ਵਿਅਕਤੀਆਂ ਵਿਰੁੱਧ ਰੋਕਥਾਮ ਹਿਰਾਸਤ ਦੀ ਕਾਰਵਾਈ ਸ਼ੁਰੂ ਕੀਤੀ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੰਜਾਬ ਵਿਚ ਅਪਰਾਧਿਕ ਅਨਸਰਾਂ ਨੂੰ ਨੱਥ ਪਾਉਣ ਲਈ ਡੀਜੀਪੀ ਪੰਜਾਬ ਵੱਲੋਂ ਵਿੱਢੀ ਗਈ ਮੁਹਿੰਮ ਆਪ੍ਰੇਸ਼ਨ ਪ੍ਰਹਾਰ-2 ‘ ਦੇ ਤਹਿਤ ਨਵਾਂਸ਼ਹਿਰ ਪੁਲਿਸ ਪੂਰੀ ਤਰ੍ਹਾਂ ਹਰਕਤ ਵਿਚ ਨਜ਼ਰ ਆਈ। ਇਸ ਆਪ੍ਰੇਸ਼ਨ ਤਹਿਤ ਪੁਲਿਸ ਦੀਆਂ ਟੀਮਾਂ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਨਗਰ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ।। ਐੱਸਬੀਐੱਸ ਨਗਰ ਪੁਲਿਸ ਨੇ ਆਪ੍ਰੇਸ਼ਨ ਪ੍ਰਹਾਰ-2 ਅਧੀਨ ਗੈਂਗਸਟਰਾਂ ਵਿਰੁੱਧ ਚੱਲ ਰਹੀ ਜੰਗ ਆਪ੍ਰੇਸ਼ਨ ਪ੍ਰਹਾਰ-2 ਦੀ ਨਿਰੰਤਰਤਾ ਵਿਚ, ਐੱਸਬੀਐੱਸ ਨਗਰ ਪੁਲਿਸ ਨੇ ਜ਼ਿਲ੍ਹੇ ਭਰ ਵਿਚ ਵਿਸ਼ੇਸ਼ ਸੁਰੱਖਿਆ ਜਾਂਚ ਕੀਤੀ। ਐੱਸਐੱਸਪੀ ਤੁਸ਼ਾਰ ਗੁਪਤਾ ਨੇ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਸੁਰੱਖਿਆ ਪ੍ਰਬੰਧਾਂ ਦਾ ਨਿੱਜੀ ਤੌਰ ਤੇ ਜਾਇਜ਼ਾ ਲਿਆ ਅਤੇ ਜ਼ਰੂਰੀ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਅਤੇ ਆਮ ਲੋਕਾਂ ਨੂੰ ਗੈਂਗਸਟਰਾਂ ਜਾਂ ਉਨ੍ਹਾਂ ਦੇ ਟਿਕਾਣਿਆਂ ਬਾਰੇ ਕੋਈ ਵੀ ਭਰੋਸੇਯੋਗ ਜਾਣਕਾਰੀ ਸਾਂਝੀ ਕਰਕੇ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਇੱਕ ਵੱਡੇ ਪੱਧਰ ਦਾ ਆਪਰੇਸ਼ਨ ਹੈ, ਜੋ ਲਗਾਤਾਰ 72 ਘੰਟੇ ਜਾਰੀ ਰਹੇਗਾ। ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਲਗਭਗ 35 ਟੀਮਾਂ ਵੱਲੋਂ 80 ਸਥਾਨਾਂ ਤੇ ਛਾਪੇਮਾਰੀ ਕੀਤੀ। ਸਰਚ ਅਭਿਆਨ ਤਹਿਤ ਵੱਖ-ਵੱਖ ਸਥਾਨਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਛਾਪਿਆਂ ਦੌਰਾਨ 60 ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿਚੋਂ 23 ਲੋੜੀਂਦੇ ਅਪਰਾਧੀਆਂ ਸਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 20 ਵਿਅਕਤੀਆਂ ਵਿਰੁੱਧ ਰੋਕਥਾਮ ਹਿਰਾਸਤ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਤੇ 14 ਵਿਅਕਤੀਆਂ ਨੂੰ ਪੁੱਛਗਿੱਛ ਉਪਰੰਤ ਰਿਹਾਅ ਕਰ ਦਿੱਤਾ ਗਿਆ ਹੈ।।