Nawanshahr News : ਪਰੇਸ਼ਾਨ ਵਿਆਹੁਤਾ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਕੀਤੀ ਖ਼ੁਦਕੁਸ਼ੀ, ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਖਿਲਾਫ਼ ਕਾਰਵਾਈ ਦੀ ਕੀਤੀ ਮੰਗ
ਪੁਲਿਸ ਥਾਣਾ ਕਾਠਗੜ੍ਹ ਦੇ ਪਿੰਡ ਹਸਨਪੁਰ ਕਲਾਂ ਦੇ ਸਾਬਕਾ ਸਰਪੰਚ ਮੋਹਨ ਲਾਲ ਖੇਖੜ ਦੀ ਛੋਟੀ ਨੂੰਹ ਸੁਮਨ ਦੀਪ (34) ਪਤਨੀ ਗੁਰਪ੍ਰੀਤ ਸਿੰਘ ਦੀ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਮੌਤ ਹੋ ਗਈ ਹੈ।
Publish Date: Tue, 17 Mar 2026 06:20 PM (IST)
Updated Date: Tue, 17 Mar 2026 06:31 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਪੁਲਿਸ ਥਾਣਾ ਕਾਠਗੜ੍ਹ ਦੇ ਪਿੰਡ ਹਸਨਪੁਰ ਕਲਾਂ ਦੇ ਸਾਬਕਾ ਸਰਪੰਚ ਮੋਹਨ ਲਾਲ ਖੇਖੜ ਦੀ ਛੋਟੀ ਨੂੰਹ ਸੁਮਨ ਦੀਪ (34) ਪਤਨੀ ਗੁਰਪ੍ਰੀਤ ਸਿੰਘ ਦੀ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਮੌਤ ਹੋ ਗਈ ਹੈ। ਸਿਵਲ ਹਸਪਤਾਲ ਬਲਾਚੌਰ ਵਿਖੇ ਸੁਮਨਦੀਪ ਦੀ ਸ਼ੱਕੀ ਹਾਲਤ ਵਿਚ ਮੌਤ 'ਤੇ ਰੋਸ ਪ੍ਰਗਟਾਉਂਦਿਆਂ ਪੇਕੇ ਪਰਿਵਾਰ ਨੇ ਇਸ ਮਾਮਲੇ ਵਿਚ ਸ਼ਾਮਲ ਕਥਿਤ ਮੁਲਜ਼ਮਾਂ ਦੇ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮ੍ਰਿਤਕਾ ਦੇ ਪਿਤਾ ਚੌਧਰੀ ਮਹਿੰਦਰ ਪਾਲ ਮੈਂਬਰ ਬਲਾਕ ਸੰਮਤੀ ਭਰਥਲਾ ਨੇ ਦੱਸਿਆ ਕਿ ਉਸ ਦੀ ਪੁੱਤਰੀ ਸੁਮਨਦੀਪ ਦਾ ਵਿਆਹ 7 ਸਾਲ ਪਹਿਲਾ ਗੁਰਪ੍ਰੀਤ ਸਿੰਘ ਪੁੱਤਰ ਮੋਹਨ ਲਾਲ ਖੇਖੜ ਮੋਹਣ ਮਾਜਰੇ ਵਾਲੇ ਜੋ ਕਾਫੀ ਲੰਮੇ ਸਮੇਂ ਬੇਟ ਖੇਤਰ ਦੇ ਪਿੰਡ ਹਸਨਪੁਰ ਕਲਾਂ ਵਿਖੇ ਰਹਿੰਦੇ ਸਨ ਨਾਲ ਹੋਇਆ ਸੀ।
ਸਹੁਰੇ ਪਰਿਵਾਰ ਨੇ ਸੁਮਨਦੀਪ ਨੂੰ ਘੱਟ ਦਾਜ ਲਿਆਉਣ ਕਾਰਨ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ, ਇਸ ਕਾਰਨ ਹੋਏ ਲੜਾਈ ਝਗੜੇ ਉਪਰੰਤ ਉਹ ਕਈ ਵਾਰ ਆਪਣੇ ਕੁੜਮ ਕੋਲ ਜਾ ਕੇ ਉਸ ਦੇ ਗੋਡੀ ਹੱਥ ਲਾ ਕੇ ਉਨ੍ਹਾਂ ਪਰਿਵਾਰ ਵਿਚ ਰਲ ਮਿਲ ਕੇ ਰਹਿਣ ਦੀ ਬੇਨਤੀ ਕੀਤੀ ਪਰ ਖੇਪੜ ਪਰਿਵਾਰ ਤੇ ਇਸ ਦਾ ਕੋਈ ਵੀ ਅਸਰ ਨਹੀਂ ਹੋਇਆ।
ਬੀਤੇ ਦਿਨ ਸੁਮਨਦੀਪ ਨੇ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਕੋਈ ਜ਼ਹਰਿਲੀ ਚੀਜ਼ ਖਾ ਲਈ ਅਤੇ ਜਿਸ ਨੂੰ ਇਲਾਜ ਲਈ ਬਲਾਚੌਰ ਦੇ ਇੱਕ ਨਿੱਜੀ ਹਸਤਪਾਲ ਲਿਆਂਦਾ ਜਿੱਥੇ ਉਸ ਦੀ ਮੌਤ ਹੋ ਗਈ। ਸਹੁਰਾ ਪਰਿਵਾਰ ਨੇ ਸੁਮਨਦੀਪ ਦੇ ਸੀਰੀਅਸ ਹੋਣ ਦੀ ਖਬਰ ਚੌਧਰੀ ਮਹਿੰਦਰ ਪਾਲ ਨੂੰ 2 ਘੰਟੇ ਬਾਅਦ ਦਿੱਤੀ ਅਤੇ ਸੁਮਨਦੀਪ ਦੀ ਮੌਤ ਉਪਰੰਤ ਪੇਕਿਆਂ ਵਾਲਿਆਂ ਨੇ ਉਸ ਦੀ ਲਾਸ਼ ਨਿੱਜੀ ਹਸਪਤਾਲ ਤੋਂ ਲੈ ਕੇ ਸਿਵਲ ਹਸਪਤਾਲ ਬਲਾਚੌਰ ਵਿਖੇ ਪੋਸਟ ਮਾਰਟਮ ਲਈ ਰਖਵਾਈ।
ਮ੍ਰਿਤਕਾ ਸੁਮਨਦੀਪ ਆਪਣੇ ਪਿੱਛੇ ਇੱਕ 4 ਸਾਲਾਂ ਦਾ ਲੜਕਾ ਛੱਡ ਗਈ ਹੈ। ਉਧਰ ਮੌਕੇ ਤੇ ਸਹੁਰੇ ਪਰਿਵਾਰ ਪਤਾ ਨਹੀਂ ਲੱਗ ਸਕਿਆ। ਪੁਲਿਸ ਥਾਣਾ ਕਾਠਗੜ੍ਹ ਦੇ ਐੱਸਐੱਚਓ ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਇਸ ਮਾਮਲੇ ਦੇ ਹਰ ਪਹਿਲੂ 'ਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਵਿਚ ਕਥਿਤ ਮੁਲਜ਼ਮਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।