12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਸਰਕਾਰ ਨੂੰ ਹੋਸ਼ ’ਚ ਲਿਆਵੇਗੀ : ਰਾਣਾ
12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਸਰਕਾਰ ਨੂੰ ਹੋਸ਼ ਵਿਚ ਲਿਆਵੇਗੀ-ਰਾਣਾ
Publish Date: Sun, 08 Feb 2026 04:07 PM (IST)
Updated Date: Sun, 08 Feb 2026 04:08 PM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਅੱਜ ਟੋਲ ਪਲਾਜ਼ਾ ਬਛੂਆਂ ਵਿਖੇ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਦੇ ਆਗੂਆਂ ਦੀ ਵਿਸ਼ੇਸ਼ ਮੀਟਿੰਗ ਸਾਥੀ ਕਰਨੈਲ ਸਿੰਘ ਭੱਲਾ ਦੀ ਪ੍ਰਧਾਨਗੀ ਹੇਠ ਹੋਈ। ਸਾਥੀ ਕਰਨ ਸਿੰਘ ਰਾਣਾ ਸੁਬਾਈ ਜਨਰਲ ਸਕੱਤਰ ਨੇ ਅਜੰਡਾ ਪੇਸ਼ ਕਰਦੇ ਹੋਏ ਸਪਸ਼ਟ ਕੀਤਾ ਕਿ ਸਾਡੀ ਲੜਾਈ ਕੇਂਦਰ ਸਰਕਾਰ ਦੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਮਾਰੂ ਨੀਤੀਆਂ ਦੇ ਖਿਲਾਫ ਚੱਲ ਰਹੀ ਹੈ, ਪਰ ਪੰਜਾਬ ਸਰਕਾਰ ਹੱਕ ਮੰਗਦੇ ਲੋਕਾਂ ਤੇ ਪੁਲਿਸ ਰਾਹੀਂ ਜਬਰ ਕਰ ਰਹੀ ਹੈ। ਜਿਸ ਦਾ ਸਿੱਧਾ ਮਤਲਬ ਹੈ ਕਿ ਪੰਜਾਬ ਸਰਕਾਰ ਅੰਦਰੋਂ ਕਾਰਪੋਰੇਟ ਪੱਖੀ ਨੀਤੀਆਂ ਨਾਲ ਸਹਿਮਤ ਹੈ। ਉਨ੍ਹਾਂ ਪਿਛਲੇ ਦਿਨੀ ਸੰਗਰੂਰ ਬਠਿੰਡਾ ਅਤੇ ਬਰਨਾਲਾ ਜ਼ਿਲ੍ਹੇ ਵਿਚ ਕਿਸਾਨਾਂ ਤੇ ਜਬਰ ਢਾਉਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਪਾਸ ਮੰਗ ਕੀਤੀ ਕਿ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਜ਼ਿਲ੍ਹੇ ਅੰਦਰ 12 ਫਰਵਰੀ ਦੀ ਹੜਤਾਲ ਲਈ ਉਨ੍ਹਾਂ ਦੀ ਜਥੇਬੰਦੀ ਸਰਗਰਮੀ ਨਾਲ ਕੰਮ ਕਰ ਰਹੀ ਹੈ। ਇਹ ਹੜਤਾਲ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ। ਮੀਟਿੰਗ ਨੇ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਵਿਚ ਵੱਧ ਚੜ ਕੇ ਹਿੱਸਾ ਲੈਣ ਦਾ ਪ੍ਰਣ ਕੀਤਾ। ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਚਾਰ ਲੇਬਰ ਕੋਡਾਂ ਨੂੰ ਰੱਦ ਕਰੇ, ਮਨਰੇਗਾ ਕਾਨੂੰਨ ਦੀ ਬਹਾਲੀ ਕਰੇ, ਬਿਜਲੀ ਸੋਧ ਬਿਲ ਅਤੇ ਸੀਡ ਬਿਲ ਨੂੰ ਸਦਨ ਵਿਚ ਨਾ ਲਿਆਵੇ, ਅਮਰੀਕਾ ਨਾਲ ਕੀਤੇ ਫਰੀ ਟਰੇਡ ਐਗਰੀਮੈਂਟ ਨੂੰ ਵਾਪਸ ਲਵੇ ਅਤੇ ਕਿਸਾਨਾਂ ਮਜ਼ਦੂਰਾਂ ਦੀ ਕਰਜ ਮਾਫੀ ਕਰੇ। ਪੰਜਾਬ ਸਰਕਾਰ ਹਵਾ, ਪਾਣੀ ਦਾ ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਵਿਰੁੱਧ ਠੋਸ ਕਾਰਵਾਈ ਕਰੇ, ਪੁਲਿਸ ਨੂੰ ਕਾਨੂੰਨ ਦੇ ਦਾਇਰੇ ਹੇਠ ਲਿਆਵੇ, ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰੇ ਨਸ਼ਿਆਂ ਦੇ ਫੈਲਾਓ ਨੂੰ ਰੋਕਣ ਲਈ ਜਨ ਸਮਰਥਨ ਲੈ ਕੇ ਠੋਸ ਉਪਰਾਲੇ ਕਰੇ ਅਤੇ ਪਿੰਡਾਂ ਵਿਚ ਪੀਣ ਵਾਲੇ ਸ਼ੁੱਧ ਪਾਣੀ ਦੇ ਬਿਲ ਲਾਉਣ ਦੀ ਤਜਵੀਜ਼ ਨੂੰ ਵਾਪਸ ਲਵੇ। ਇਸ ਮੌਕੇ ਸਾਥੀ ਮਨੋਹਰ ਲਾਲ ਟੌਂਸਾ, ਮੋਹਨ ਸਿੰਘ, ਸਤਪਾਲ ਸਿੰਘ, ਗੁਰਨਾਮ ਸਿੰਘ, ਦੇਸ ਰਾਜ ਸਾਬਕਾ ਸਰਪੰਚ ਬਛੂਆ, ਜਸਵੰਤ ਸਿੰਘ, ਸੰਤੋਖ ਸਿੰਘ ਪਨਿਆਲੀ, ਕੱਕੂ ਟੌਂਸਾ ਅਤੇ ਪ੍ਰਤਾਪ ਰਾਣਾ ਨੇ ਵੀ ਵਿਚਾਰ ਰੱਖੇ।