ਨਵਾਂਸ਼ਹਿਰ ਚ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਕੀਤੀ ਵਿਸ਼ਾਲ ਰੈਲੀ ਤੇ ਮੁਜ਼ਾਹਰਾ ਪ੍ਰਦੀਪ ਭਨੋਟ, ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਅੱਜ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ ਦੇਸ਼ ਵਿਆਪੀ ਹੜਤਾਲ ਦੇ ਸੱਦੇ ਤੇ ਜ਼ਿਲ੍ਹੇ ਦੀਆਂ ਟਰੇਡ ਯੂਨੀਅਨਾਂ ਪੇਂਡੂ ਅਤੇ ਖੇਤ ਮਜ਼ਦੂਰ ਜਥਬੰਦੀਆਂ ਮੁਲਾਜ਼ਮ ਅਤੇ ਪੈਨਸ਼ਨਰਜ਼ ਯੂਨੀਅਨਾਂ ਨੇ ਹੜਤਾਲ ਕਰਕੇ ਬੱਸ ਅੱਡਾ ਨਵਾਂਸ਼ਹਿਰ ਵਿਖੇ ਵਿਸ਼ਾਲ ਰੈਲੀ ਕੀਤੀ, ਜਿਸ ਦੀ ਪ੍ਰਧਾਨਗੀ ਬਲਜੀਤ ਕੌਰ, ਨਿਰੰਜਣ ਦਾਸ, ਕੁਲਦੀਪ ਸਿੰਘ ਦੌੜਕਾ ਅਤੇ ਗੁਰਦਿਆਲ ਰੱਕੜ ਨੇ ਕੀਤੀ। ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨਿੱਜੀਕਰਨ ਤੇ ਪੰਚਾਇਤੀਕਰਨ ਦੀਆਂ ਨੀਤੀਆਂ ਜਿਵੇਂ ਚਾਰ ਲੇਬਰ ਕੋਡਜ਼, ਬਿਜਲੀ ਸੋਧ ਬਿੱਲ, ਬੀਜ ਬਿੱਲ, ਮੁਕਤ ਵਪਾਰ ਸਮਝੌਤਾ, ਮਗਨਰੇਗਾ ਦੀ ਥਾਂ ਨਵਾਂ ਲਿਆਂਦਾ ਮਜ਼ਦੂਰ ਵਿਰੋਧੀ ਜੀ ਰਾਮ ਜੀ ਕਾਨੂੰਨ, ਭਾਰਤ-ਅਮਰੀਕਾ ਵਪਾਰ ਸਮਝੌਤਾ, ਪੰਜਾਬ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ਦੀਆਂ ਜ਼ਮੀਨਾਂ ਵੇਚਣ ਆਦਿ ਮਸਲਿਆਂ ਤੇ ਸਰਕਾਰਾਂ ਦੀ ਤਿੱਖੀ ਆਲੋਚਨਾ ਕੀਤੀ। ਬੁਲਾਰਿਆਂ ਨੇ ਚਾਰ ਲੇਬਰ ਕੋਡਜ਼ ਰੱਦ ਕਰਨ, ਬਿਜਲੀ ਸੋਧ ਬਿੱਲ-2025 ਰੱਦ ਕਰਕੇ ਬਿਜਲੀ ਖੇਤਰ ਅੰਦਰ ਨਿੱਜੀ ਕਾਰੋਬਾਰੀ ਕੰਪਨੀਆਂ ਦੇ ਦਾਖਲੇ ਤੇ ਰੋਕ ਲਾਉਣ, ਬੀਜ ਬਿਲ-2025 ਰੱਦ ਕਰਨ, ਮਨਰੇਗਾ ਦੀ ਥਾਂ ਲਿਆਂਦਾ ਜੀ ਰਾਮ ਜੀ ਕਾਨੂੰਨ ਵਾਪਸ ਲੈਣ, ਪੰਜਾਬ ਅੰਦਰ ਸਰਕਾਰੀ ਜਾਇਦਾਦਾਂ ਵੇਚਣ ਦੇ ਫੈਸਲੇ ਰੱਦ ਕਰਨ, ਜਨਤਕ ਅਦਾਰਿਆਂ ਦੇ ਨਿੱਜੀਕਰਨ, ਪੰਚਾਇਤੀਕਰਨ, ਕਾਰਪੋਰੇਟੀਕਰਨ ਦੀ ਨੀਤੀ ਰੱਦ ਕਰਨ, ਪੱਕੀ ਭਰਤੀ ਦੀ ਨੀਤੀ ਲਾਗੂ ਕਰਨ, ਕੰਟਰੈਕਟ ਆਊਟ ਸੋਰਸਿੰਗ ਕਾਮੇ ਪੱਕੇ ਕਰਨ, ਘੱਟੋ ਘੱਟ ਉਜ਼ਰਤਾਂ 26000 ਰੁਪਏ ਪ੍ਰਤੀ ਮਹੀਨਾ ਕਰਨ, ਆਂਗਣਵਾੜੀ, ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰਾਂ ਨੂੰ ਪੱਕੇ ਵਰਕਰ ਦਾ ਦਰਜਾ ਦੇਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਨ ਅਤੇ ਮਕਾਨ ਦੇਣ, ਸੱਭ ਨੂੰ ਵਿੱਦਿਅਕ ਤੇ ਸਿਹਤ ਸਹੂਲਤਾਂ ਸਸਤੀਆਂ ਅਤੇ ਮਿਆਰੀ ਉਪਲਭਦ ਕਰਾਉਣ, ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਕੀਤੀ।। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨਾਲ ਪੰਜਾਬ ਸਰਕਾਰ ਵੀ ਪੂਰੀ ਤਰ੍ਹਾਂ ਸਹਿਮਤ ਹੈ। ਪੰਜਾਬ ਸਰਕਾਰ ਨੇ ਅੱਜ ਤੱਕ ਬਿਜਲੀ ਸੋਧ ਬਿੱਲ ਦੇ ਖਿਲਾਫ ਬਿਆਨ ਤੱਕ ਨਹੀਂ ਦਿੱਤਾ। ਸਗੋਂ ਜਨਤਕ ਅਦਾਰਿਆਂ ਦੀਆਂ ਜਾਇਦਾਦਾਂ ਵੇਚਣ, ਮਜ਼ਦੂਰਾਂ ਮੁਲਾਜ਼ਮਾਂ ਦੇ ਘੋਲਾਂ ਦੀ ਅਣਦੇਖੀ ਕਰਨ ਅਤੇ ਸੰਘਰਸ਼ੀ ਲੋਕਾਂ ਤੇ ਜਬਰ ਕਰਨ ਦੇ ਰਾਹ ਪਈ ਹੋਈ ਹੈ। ਬਾਅਦ ਵਿਚ ਸ਼ਹਿਰ ਵਿਚ ਮੁਜ਼ਾਹਰਾ ਵੀ ਕੀਤਾ ਗਿਆ। ਇਸ ਰੈਲੀ ਨੂੰ ਸੀਟੂ ਦੇ ਸੂਬਾ ਸਕੱਤਰ ਮਹਾਂ ਸਿੰਘ ਰੌੜੀ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਸਕੱਤਰ ਅਵਤਾਰ ਸਿੰਘ ਤਾਰੀ, ਏਟਕ ਦੇ ਆਗੂ ਨਿਰੰਜਨ ਦਾਸ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਚਰਨਜੀਤ ਸਿੰਘ ਦੌਲਤਪੁਰ, ਬਲਵੀਰ ਸਿੰਘ ਜਾਡਲਾ, ਸੁਖਵਿੰਦਰ ਸਿੰਘ, ਨਿਰਮਲ ਸਿੰਘ ਔਜਲਾ, ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਭੰਗਲ, ਜੁਝਾਰ ਸਿੰਘ, ਪੰਜਾਬ ਪੈਨਸ਼ਨਰ ਵੈੱਲਫ਼ੇਅਰ ਯੂਨੀਅਨ ਦੇ ਆਗੂ ਕਰਨੈਲ ਸਿੰਘ ਰਾਹੋਂ, ਬੀਕੇਯੂ ਰਾਜੇਵਾਲ ਦੇ ਪ੍ਰਧਾਨ ਸੰਤੋਖ ਸਿੰਘ ਰੈਲਮਾਜਰਾ, ਆਸ਼ਾ ਵਰਕਰ ਯੂਨੀਅਨ ਦੇ ਸੂਬਾ ਸਕੱਤਰ ਸ਼ਕੁੰਤਲਾ ਸਰੋਏ, ਪ੍ਰਧਾਨ ਅਮਰਜੀਤ ਕੌਰ, ਆਂਗਣਵਾੜੀ ਵਰਕਰ ਯੂਨੀਅਨ ਦੇ ਪ੍ਰਧਾਨ ਬਲਜੀਤ ਕੌਰ, ਸਕੱਤਰ ਲਖਵਿੰਦਰ ਕੌਰ, ਸੀਟੂ ਦੇ ਆਗੂ ਜਸਵੰਤ ਸਿੰਘ ਸੈਣੀ, ਸਵਰਾਜ ਮਾਜ਼ਦਾ ਵਰਕਰ ਯੂਨੀਅਨ ਦੇ ਆਗੂ ਪਰਵਿੰਦਰ ਸੈਣੀ, ਸ਼ੂਗਰ ਮਿੱਲ ਵਰਕਰ ਯੂਨੀਅਨ ਨਵਾਂਸ਼ਹਿਰ ਦੇ ਆਗੂ ਰਾਕੇਸ਼ ਕੁਮਾਰ, ਪਨਬੱਸ ਯੂਨੀਅਨ ਦੇ ਆਗੂ ਨਰਿੰਦਰ ਪੰਡੋਰੀ, ਮਹੇਸ਼, ਪੈਨਸ਼ਨਰ ਯੂਨੀਅਨ ਦੇ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ, ਵਿਜੈ ਕੁਮਾਰ, ਅਸ਼ਵਨੀ ਕੁਮਾਰ, ਜਗਤਾਰ ਸਿੰਘ ਪੰਨੂੰ ਮਜਾਰਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕਸ਼ਮੀਰ ਸਿੰਘ ਢਿੱਲੋਂ, ਏਟਕ ਦੇ ਆਗੂ ਹਸ਼ਮਤ ਅਲੀ, ਮੋਹਨ ਸਿੰਘ ਬੂਟਾ, ਜਗਦੀਸ਼ ਜਾਡਲਾ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਹਰਪਾਲ ਸਿੰਘ ਜਗਤਪੁਰ, ਜ਼ਮਹੂਰੀ ਕਿਸਾਨ ਸਭਾ ਦੇ ਸਤਨਾਮ ਸੁੱਜੋਂ, ਜੰਗਲਾਤ ਵਰਕਰ ਯੂਨੀਅਨ ਦੇ ਪਰਮਿੰਦਰ ਸੰਧੂ, ਭੱਠਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਦਿਆਲ ਰੱਕੜ, ਜੁਗਾੜੂ ਰੇੜ੍ਹਾ ਵਰਕਰ ਯੂਨੀਅਨ ਦੇ ਆਗੂ ਬੀਰ ਬਹਾਦੁਰ, ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਕਮਲਜੀਤ ਸਨਾਵਾ, ਕਿਰਨਜੀਤ ਕੌਰ, ਪਰਵਾਸੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਪਰਵੀਨ ਕੁਮਾਰ ਨਿਰਾਲਾ, ਆਟੋ ਵਰਕਰ ਯੂਨੀਅਨ ਦੇ ਪ੍ਰਧਾਨ ਪੁਨੀਤ ਕੁਮਾਰ ਬਸ਼ੌੜੀ, ਸੁਰਜੀਤ ਮੱਲਪੁਰੀ, ਰੇਹੜੀ ਵਰਕਰ ਯੂਨੀਅਨ ਦੇ ਪ੍ਰਧਾਨ ਹਰੇ ਰਾਮ ਨੇ ਸੰਬੋਧਨ ਕੀਤਾ। ਬਾਕਸ--- ਮੰਗਾਂ ਨੂੰ ਲੈ ਕੇ ਪਨਬੱਸ ਤੇ ਪੀਆਰਟੀਸੀ ਦੀਆਂ ਬੱਸਾਂ ਰਹੀਆਂ ਬੰਦ ਉਧਰ ਪਨਬੱਸ ਅਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਘੇਰਾਓ ਦੇ ਚੱਲਦੇ ਧਰਨੇ ਲਈ ਮੁਲਾਜ਼ਮਾਂ ਦੇ ਰਵਾਨਾ ਹੋਣ ਕਾਰਨ ਅੱਜ ਦੂਜੇ ਦਿਨ ਵੀ ਸਰਕਾਰੀ ਬੱਸਾਂ ਨਾ ਚੱਲਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨੀ ਚਾਹੀਦੀ ਹੈ ਤਾਂ ਜੋ ਮੁਲਾਜ਼ਮਾਂ, ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵਿਚ ਪਾਇਆ ਜਾ ਰਿਹਾ ਰੋਸ ਸ਼ਾਂਤ ਹੋ ਸਕੇ। ਉਨ੍ਹਾਂ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਿਆ ਕੀਤਾ ਜਾਵੇ ਇਸੇ ਤਰ੍ਹਾਂ ਹੋਰਨਾਂ ਮੰਗਾਂ ਨੂੰ ਵੀ ਪੂਰਾ ਕੀਤਾ ਜਾਵੇ। ਉਧਰ ਸਰਕਾਰੀ ਬੱਸਾਂ ਬੰਦ ਰਹਿਣ ਕਾਰਨ ਲੋਕਾਂ ਨੂੰ ਨਿੱਜੀ ਬੱਸਾ ਚ ਸਫਰ ਕਰਨ ਲਈ ਮਜ਼ਬੂਰ ਹੋਣਾ ਪਿਆ। ਖਾਸਕਰ ਮਹਿਲਾਵਾਂ ਨੂੰ ਵੀ ਪੈਸੇ ਖਰਚ ਕੇ ਸਫਰ ਕਰਨ ਲਈ ਮਜ਼ਬੂਰ ਹੋਣਾ ਪਿਆ। ਜਿਸ ਕਾਰਨ ਮਹਿਲਾਵਾਂ ਵਿਚ ਵੀ ਰੋਸ ਪਾਇਆ ਗਿਆ। ਬਾਕਸ--- ਮੰਗਾ ਨੂੰ ਲੈ ਕੇ ਅੱਜ ਬੰਦ ਰਹੀਆਂ ਬੈਂਕਾਂ ਉਧਰ ਦੇਸ਼ ਵਿਆਪੀ ਹੜਤਾਲ ਦੇ ਚਲਦਿਆਂ ਜਿਆਦਾਤਰ ਬੈਂਕਾਂ ਜਿਵੇਂ ਪੰਜਾਬ ਨੈਸ਼ਨਲ ਬੈਂਕ, ਐੱਸਬੀਆਈ ਸਮੇਤ ਹੋਰਨਾਂ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਨੂੰ ਸਮਰਥਨ ਦੇਣ ਕਾਰਨ ਅੱਜ ਭਾਵੇਂ ਬੈਂਕਾਂ ਦੇ ਦਰਵਾਜੇ ਖੁਲ੍ਹੇ ਰਹੇ ਪਰ ਸ਼ਟਰ ਨੂੰ ਅੱਧਾ ਡਾਉਨ ਕਰਕੇ ਅਤੇ ਉਸਤੇ ਬੈਂਕ ਬੰਦ ਦੀ ਤਖਤੀ ਲਗਾ ਕੇ ਮੁਲਾਜ਼ਮਾਂ ਵੱਲੋਂ ਬੈਂਕ ਦਾ ਸਾਰਾ ਕੰਮਕਾਜ ਠੱਪ ਰੱਖਿਆ ਗਿਆ। ਜਿਸ ਕਾਰਨ ਬੈਂਕਾਂ ਵਿਚ ਆਪਣੇ ਰੋਜ਼ਾਨਾ ਦੇ ਕੰਮਕਾਰ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪਈ। ਉਧਰ ਬੈਂਕਾਂ ਦੇ ਏਟੀਐਮਾਂ ਚੋਂ ਕੈਸ਼ ਖਤਮ ਹੋਣ ਕਾਰਨ ਵੀ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪਈ। ਬਾਕਸ-- ਖੁੱਲ੍ਹੀ ਰਹੀਆਂ ਪੰਜਾਬ ਗ੍ਰਾਮੀਣ ਬੈਂਕ ਸਮੇਤ ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਦੀਆਂ ਸ਼ਾਖਾਵਾਂ ਭਾਵੇਂ ਦੇਸ਼ ਵਿਆਪੀ ਹੜਤਾਲ ਚ ਅਰਧ ਸਰਕਾਰੀ ਬੈਂਕਾਂ ਬੰਦ ਰਹੀਆਂ ਪਰ ਨਵਾਂਸ਼ਹਿਰ ਚ ਪੰਜਾਬ ਗ੍ਰਾਮੀਣ ਬੈਂਕ ਸਮੇਤ ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਦੀਆਂ ਸਾਰੀਆਂ ਸ਼ਾਖਾਵਾਂ ਖੁਲ੍ਹੀਆਂ ਰਹੀਆਂ ਅਤੇ ਉਥੇ ਸਾਰੇ ਲੈਣ ਦੇਣ ਹੁੰਦੇ ਰਹੇ। ਜਿਸ ਕਾਰਨ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਕਾਰ ਕਰਵਾਉਣ, ਪੈਨਸ਼ਨਾਂ ਪ੍ਰਾਪਤ ਕਰਨ, ਲੋਨ ਦੀਆਂ ਕਿਸ਼ਤਾਂ ਜਮਾ ਕਰਵਾਉਣ ਸਮੇਤ ਹੋਰਨਾਂ ਕਾਰਜਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਕਰਦਿਆਂ ਦੇਖਿਆ ਗਿਆ।