ਜੰਡੀ ਦੇ ਚੇਅਰਮੈਨ ਬਣਨ ’ਤੇ ਖੁਸ਼ੀ ਦਾ ਪ੍ਰਗਟਾਵਾ
ਨਾਨਕ ਸਿੰਘ ਜੰਡੀ ਬਣੇ ਬਲਾਕ ਸੰਮਤੀ ਬਲਾਚੌਰ ਦੇ ਚੇਅਰਮੈਨ
Publish Date: Thu, 26 Mar 2026 05:00 PM (IST)
Updated Date: Fri, 27 Mar 2026 04:03 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਬਲਾਕ ਸੰਮਤੀ ਬਲਾਚੌਰ ਦੇ ਚੇਅਰਮੈਨ ਦੀ ਚੋਣ ਨਤੀਜਿਆਂ ਨੇ ਇਲਾਕੇ ਦੀ ਸਿਆਸਤ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਕਾਂਗਰਸ ਪਾਰਟੀ ਨੇ ਆਪਣੀ ਰਣਨੀਤੀ ਅਤੇ ਇਕਜੁੱਟਤਾ ਸਦਕਾ ਨੌਜਵਾਨ ਅਤੇ ਪੜ੍ਹੇ-ਲਿਖੇ ਆਗੂ ਨਾਨਕ ਸਿੰਘ ਜੰਡੀ ਨੂੰ ਚੇਅਰਮੈਨ ਦੀ ਕੁਰਸੀ ਤੇ ਬਿਠਾ ਕੇ ਵਿਰੋਧੀ ਧਿਰਾਂ, ਖਾਸ ਕਰ ਕੇ ਆਮ ਆਦਮੀ ਪਾਰਟੀ ਨੂੰ ਵੱਡੀ ਮਾਤ ਦਿੱਤੀ ਹੈ। ਬੀਡੀਪੀਓ ਦਫਤਰ ਬਲਾਚੌਰ ਵਿਖੇ ਹੋਈ ਇਸ ਚੋਣ ਪ੍ਰਕਿਰਿਆ ਤੋਂ ਬਾਅਦ ਜਿਉਂ ਹੀ ਨਾਨਕ ਸਿੰਘ ਜੰਡੀ ਦੀ ਜਿੱਤ ਦਾ ਐਲਾਨ ਹੋਇਆ ਸਾਰੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿਚ ਨਵਾਂ ਜੋਸ਼ ਭਰ ਗਿਆ। ਵਰਕਰਾਂ ਨੇ ਜਿੱਥੇ ਆਤਿਸ਼ਬਾਜ਼ੀ ਕੀਤੀ, ਉੱਥੇ ਹੀ ਸੱਤਾਧਾਰੀ ਧਿਰ ਤੇ ਤੰਜ ਕੱਸਦਿਆਂ ਕਿਹਾ ਕਿ ਹੁਣ ਬਦਲਾਅ ਦੀ ਹਵਾ ਕਾਂਗਰਸ ਦੇ ਪੱਖ ਵਿਚ ਵਗਣੀ ਸ਼ੁਰੂ ਹੋ ਗਈ ਹੈ।।ਨਵੇਂ ਚੁਣੇ ਗਏ ਚੇਅਰਮੈਨ ਨਾਨਕ ਸਿੰਘ ਜੰਡੀ ਨੇ ਇਸ ਜਿੱਤ ਨੂੰ ਇਲਾਕੇ ਦੇ ਲੋਕਾਂ ਅਤੇ ਵਰਕਰਾਂ ਦੀ ਮਿਹਨਤ ਦੀ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਲੋਕਾਂ ਦਾ ਸਦਾ ਰਿਣੀ ਰਹਿਣਗੇ। ਉਨ੍ਹਾਂ ਦਾ ਮੁੱਖ ਮਕਸਦ ਬਲਾਕ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨਾ ਹੋਵੇਗਾ। ਕਾਂਗਰਸ ਪਾਰਟੀ ਨੇ ਜੋ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਕਾਂਗਰਸੀ ਵਰਕਰਾਂ ਨੇ ਇੱਕਜੁੱਟ ਹੋ ਕੇ ਝਾੜੂ ਨੂੰ ਖਿਲਾਰਿਆ ਹੈ, ਉਸ ਤੋਂ ਸਾਫ਼ ਹੈ ਕਿ ਆਉਣ ਵਾਲਾ ਸਮਾਂ ਕਾਂਗਰਸ ਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਲਾਚੌਰ ਵਿਧਾਨ ਸਭਾ ਸੀਟ ਤੇ ਵੀ ਕਾਂਗਰਸ ਸ਼ਾਨਦਾਰ ਵਾਪਸੀ ਕਰੇਗੀ। ਇਸ ਮੌਕੇ ਕਾਂਗਰਸ ਦੇ ਦਿੱਗਜ ਆਗੂਆਂ ਅਤੇ ਪੰਚਾਂ-ਸਰਪੰਚਾਂ ਨੇ ਨਵੇਂ ਚੇਅਰਮੈਨ ਨੂੰ ਵਧਾਈਆਂ ਦਿੱਤੀਆਂ ਅਤੇ ਆਉਣ ਵਾਲੇ ਸਮੇਂ ਵਿਚ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ।