ਨਗਰ ਕੌਂਸਲ ਨੇ ਚਲਾਇਆ ਨਾਜਾਇਜ਼ ਕਬਜ਼ੇ ਹਟਾਓ ਅਭਿਆਨ
ਨਗਰ ਕੌਂਸਲ ਨੇ ਚਲਾਇਆ ਨਜਾਇਜ ਕਬਜੇ ਹਟਾਓ ਅਭਿਆਨ-ਈਓ ਮਨੀਸ਼ ਕੁਮਾਰ
Publish Date: Thu, 15 Jan 2026 07:28 PM (IST)
Updated Date: Fri, 16 Jan 2026 04:10 AM (IST)

ਅੱਜ ਵਾਰਨਿੰਗ ਦਿੱਤੀ ਗਈ ਹੈ, ਸਮਾਨ ਚੁੱਕਣ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ : ਈਓ ਮਨੀਸ਼ ਕੁਮਾਰ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਨਗਰ ਕੌਂਸਲ ਨਵਾਂਸ਼ਹਿਰ ਵੱਲੋਂ ਮੁੱਖ ਬਾਜ਼ਾਰਾਂ ’ਚ ਦੁਕਾਨਦਾਰਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਸੜਕ ਚ ਸਜਾਏ ਸਾਮਾਨ ਨੂੰ ਹਟਾਉਣ ਲਈ ਇਕ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੌਕੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਮਨੀਸ਼ ਕੁਮਾਰ ਅਤੇ ਮੁਲਾਜ਼ਮਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਆਪਣੀਆਂ ਦੁਕਾਨਾਂ ਵਿਚ ਸਜਾ ਕੇ ਰੱਖਣ ਨੂੰ ਤਰਜੀਹ ਦੇਣ ਨਹੀਂ ਤਾਂ ਸੜਕ ਵਿਚ ਰੱਖੇ ਸਮਾਨ ਨੂੰ ਚੁੱਕ ਕੇ ਨਗਰ ਕੌਂਸਲ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਮੁੱਖ ਬਾਜ਼ਾਰ ਸੰਕਰੀ ਗਲੀ ਦਾ ਰੂਪ ਧਾਰਣ ਕਰ ਲੈਂਦੇ ਹਨ। ਇਹੇ ਨਹੀਂ ਇਸ ਕਾਰਨ ਖਰੀਦਦਾਰੀ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਵੀ ਪਾਰਕਿੰਗ ਤੇ ਵਾਹਨ ਖੜ੍ਹੇ ਕਰਨ ਦੀ ਥਾਂ ਨਹੀਂ ਮਿਲਦੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਨਿਰਧਾਰਿਤ ਪਾਰਕਿੰਗ ਵਿਚ ਖੜ੍ਹੇ ਕਰਨ ਨੂੰ ਤਰਜੀਹ ਦੇਣ ਤਾਂ ਜੋ ਮੁੱਖ ਬਾਜ਼ਾਰਾਂ ’ਚ ਗਲਤ ਪਾਰਕਿੰਗ ਕਾਰਨ ਹੋ ਰਹੀ ਪਰੇਸ਼ਾਨੀ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ। ਈਓ ਮਨੀਸ਼ ਕੁਮਾਰ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਦੁਕਾਨਦਾਰਾਂ, ਰੇਹੜੀ-ਫੜ੍ਹੀ ਵਾਲਿਆਂ ਨੂੰ ਵਾਰਨਿੰਗ ਦੇਣ ਲਈ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਦਾ ਸਾਮਾਨ ਕਬਜ਼ੇ ’ਚ ਲੈਣ ਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੇਹੜੀ-ਫੜ੍ਹੀ ਵਾਲੇ ਵਾਰਡਾਂ ’ਚ ਜਾ ਕੇ ਆਪਣਾ ਸਾਮਾਨ ਵੇਚਣ ਨੂੰ ਤਰਜੀਹ ਦੇਣ ਤਾਂ ਜੋ ਸ਼ਹਿਰ ਵਿਚ ਲੱਗਣ ਵਾਲੇ ਜਾਮਾਂ ਤੋਂ ਵਾਹਨ ਚਾਲਕਾਂ ਤੇ ਰਾਹਗੀਰਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਮੁੱਖ ਬਾਜ਼ਾਰਾਂ, ਮੁੱਖ ਸੜਕਾਂ ’ਤੇ ਕੀਤੇ ਨਾਜਾਇਜ਼ ਕਬਜ਼ੇ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਰੋਜ਼ਾਨਾ ਅਖ਼ਬਾਰਾਂ ’ਚ ਖਬਰਾਂ ਵੀ ਪ੍ਰਕਾਸ਼ਿਤ ਹੁੰਦੀਆਂ ਹਨ। ਈਓ ਮਨੀਸ਼ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਤੋਂ ਕੱਪੜੇ ਦੇ ਥੈਲੇ ਲੈ ਕੇ ਬਾਜ਼ਾਰਾਂ ’ਚ ਖਰੀਦਦਾਰੀ ਕਰਨ ਜਾਣ ਤਾਂ ਜੋ ਦੁਕਾਨਦਾਰਾਂ ਵੱਲੋਂ ਦਿੱਤੀ ਜਾਂਦੇ ਪਾਬੰਦੀਸ਼ੁਦਾ ਲਿਫਾਫਿਆਂ ਕਾਰਨ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕੇ। ਉਧਰ ਨਗਰ ਕੌਂਸਲ ਮੁਲਾਜ਼ਮਾਂ ਦੇ ਫੇਰੀ ਦੇ ਕੇ ਵਾਪਸ ਦਫਤਰ ਪੁੱਜਣ ਤੋਂ ਬਾਅਦ ਦੁਕਾਨਦਾਰਾਂ, ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਦੁਬਾਰਾ ਨਾਜਾਇਜ਼ ਕਬਜ਼ਾ ਕਰ ਲਿਆ ਗਿਆ। ਇਸ ਮੌਕੇ ਸੰਨੀ, ਗੌਰਾ, ਸਮੇਤ ਹੋਰ ਮੁਲਾਜ਼ਮ ਵੀ ਹਾਜ਼ਰ ਸਨ।