ਨਗਰ ਕੌਂਸਲ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਦਿੱਤਾ ਰੋਸ ਧਰਨਾ
ਨਵਾਂਸ਼ਹਿਰ 'ਚ ਨਗਰ ਕੌਂਸਲ ਮੁਲਾਜ਼ਮਾਂ ਨੇ ਮੰਗਾ ਸਬੰਧੀ ਦਿੱਤਾ ਰੋਸ ਧਰਨਾ
Publish Date: Thu, 12 Mar 2026 06:39 PM (IST)
Updated Date: Fri, 13 Mar 2026 04:09 AM (IST)

ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਨਗਰ ਕੌਂਸਲ ਨਵਾਂਸ਼ਹਿਰ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਦੇਣ ਉਪਰੰਤ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਹਰ ਕੈਟਾਗਰੀ ਦੇ ਮਿਊਸਪਲ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਬਾਰੇ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਸਾਬਕਾ ਮੰਤਰੀ ਇੰਦਰਬੀਰ ਸਿੰਘ ਨਿੱਝਰ, ਬਲਕਾਰ ਸਿੰਘ, ਡਾ. ਰਵਜੋਤ ਸਿੰਘ ਅਤੇ ਉੱਚ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗ ਵਿਚ ਜਾਣੂੰ ਕਰਵਾਇਆ ਜਾ ਚੁੱਕਾ ਹੈ। ਇਸਤੋਂ ਇਲਾਵਾ ਵਿੱਤ ਮੰਤਰੀ ਨਾਲ ਮੰਗਾਂ ਸਬੰਧੀ ਚਰਚਾ ਹੋਈ ਹੈ ਅਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਚਿੱਠੀ ਪੱਤਰਾਂ ਰਾਹੀਂ ਬੇਨਤੀ ਕੀਤੀ ਗਈ ਹੈ ਪਰ ਹੁਣ ਤੱਕ ਕੋਈ ਠੋਸ ਨਤੀਜਾ ਨਹੀਂ ਨਿੱਕਲਿਆ। ਜਿਸ ਕਾਰਨ ਪੰਜਾਬ ਦੇ ਸਮੂਹ ਮਿਊਸਪਲ ਮੁਲਾਜ਼ਮੰ, ਸਫਾਈ ਸੇਵਕਾਂ ਅਤੇ ਸੀਵਰਮੈਨਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੰਗਾਂ ਮੰਨਣ ਵਿਚ ਕੀਤੀ ਜਾ ਰਹੀ ਦੇਰੀ ਕਾਰਨ ਮੁਲਾਜ਼ਮਾਂ ਵਿਚ ਰੋਸ ਵੱਧਦਾ ਜਾ ਰਿਹਾ ਹੈ। ਜਿਸ ਤਹਿਤ ਇਹ ਰੋਸ ਪ੍ਰਦਰਸ਼ਨ ਅਤੇ ਪੁਤਲਾ ਫੂੰਕ ਪ੍ਰਦਰਸ਼ਨ ਕੀਤਾ ਗਿਆ ਹੈ। ਮੁਲਾਜ਼ਮਾਂ ਨੇ ਮੰਗ ਕੀਤੀ ਕਿ ਆਉਟ ਸੋਰਸ ਅਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ। ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਇੰਨ੍ਹਾਂ ਮੁਲਾਜ਼ਮਾਂ ਨੂੰ ਪੀਐਫ ਵਿਚੋਂ ਵਾਪਸੀ ਯੋਗ ਕਰਜਾ ਦਿੱਤਾ ਜਾਵੇ, ਜਿਨ੍ਹਾਂ ਮੁਲਾਜ਼ਮਾਂ ਨੇ 31.12-2011 ਤੱਕ ਪੈਨਸ਼ਨ ਦੀ ਆਪਸ਼ਨ ਲਈ ਹੈ ਦਾ ਪ੍ਰੋਸੈਸ ਪੂਰਾ ਕਰਕੇ ਪੈਨਸ਼ਨ ਲਗਾਈ ਜਾਵੇ। ਤਨਖਾਹਾਂ ਸਮੇਂ ਸਿਰ ਦੇਣ ਲਈ ਵੈਟ ਦੀ ਰਾਸ਼ੀ ਦੁੱਗਣੀ ਕੀਤੀ ਜਾਵੇ। ਸਫਾਈ ਸੇਵਕਾਂ ਦੀ ਨਵੀਂ ਭਰਤੀ ਵਿਚ ਸਫਾਈ ਸੇਵਕ ਪਿਛੋਕੜ ਵਾਲੇ ਉਮੀਦਵਾਰ ਲਈ 75 ਫ਼ੀਸਦੀ ਰਾਖਵਾਂਕਰਨ ਕੀਤਾ ਜਾਵੇ। ਸਫਾਈ ਸੇਵਕਾਂ, ਸੀਵਰਮੈਨਾਂ ਤੇ ਫਾਇਰਮੈਨਾਂ ਦਾ ਸਲਾਨਾ ਐਕਸੀਡੈਂਟਲ ਬੀਮਾ ਹਰ ਸਾਲ ਕਰਵਾਉਣਾ ਯਕੀਨੀ ਬਣਾਇਆ ਜਾਵੇ ਅਤੇ ਬੀਮਾ ਵਧਾ ਕੇ 20 ਲੱਖ ਕੀਤਾ ਜਾਵੇ। ਸਫਾਈ ਸੇਵਕਾਂ ਤੇ ਸੀਵਰਮੈਨਾਂ ਨੂੰ ਮਿਲਦੀ ਗਰਮ ਤੇ ਠੰਢੀ ਵਰਦੀ ਦੇ ਕੱਪੜੇ, ਸਿਲਾਈ, ਜਰਸੀ ਬੂਟ ਅਤੇ ਚੱਪਲਾਂ ਦੇ ਰੇਟਾਂ ਵਿਚ ਚਾਰ ਗੁਣਾ ਵਾਧਾ ਕੀਤਾ ਜਾਵੇ ਅਤੇ ਇਸੇ ਤਰ੍ਹਾਂ ਵਰਦੀ ਧੁਲਾਈ ਭੱਤੇ ਵਿਚ ਵਾਧਾ ਕੀਤਾ ਜਾਵੇ। ਸਫਾਈ ਸੇਵਕਾਂ ਨੂੰ ਸਪੈਸ਼ਲ ਪੇਅ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ। ਪੰਜਾਬ ਦੇ ਸੱਤਵੇਂ ਪੇ ਕਮਿਸ਼ਨ ਦਾ ਗਠਨ ਜਲਦੀ ਕੀਤਾ ਜਾਵੇ। ਮਹਿੰਗਾਈ ਭੱਤਾ ਕੇਂਦਰ ਸਰਕਾਰ ਦੀ ਤਰਜ ਤੇ ਦਿੱਤਾ ਜਾਵੇ। ਇਸ ਮੌਕੇ ਪੰਜਾਬ ਸਰਕਾਰ ਦਾ ਪੁਤਲਾ ਵੀ ਫੂੰਕਿਆ ਗਿਆ। ਇਸ ਮੌਕੇ ਸੰਨੀ ਜ਼ਿਲ੍ਹਾ ਪ੍ਰਧਾਨ, ਦੀਪਕ ਚੇਅਰਮੈਨ, ਸੂਰਜ ਪ੍ਰਧਾਨ, ਸ਼ੇਰਵਿਲ, ਗੋਰਾ,ਮਾਨਵ, ਭਾਰਤ, ਬੌਬੀ, ਬਲਵਿੰਦਰ, ਗੋਰੀ, ਅਸ਼ਵਨੀ, ਬਬਲੂ, ਨਰੇਸ਼, ਚੰਦਨ, ਤਰੁਣਾ, ਅਮਰਜੋਤ, ਵੰਦਨਾ, ਸੁਨੀਤਾ, ਸੁਲੇਖਾ ਆਦਿ ਹਾਜ਼ਰ ਸਨ।