ਮੰਗਾਂ ਨੂੰ ਲੈ ਕੇ ਨਗਰ ਕੌਂਸਲ ਮੁਲਾਜ਼ਮਾਂ ਦਾ ਧਰਨਾ ਦੂਜੇ ਦਿਨ ਜਾਰੀ
ਮੰਗਾਂ ਨੂੰ ਲੈ ਕੇ ਨਗਰ ਕੌਂਸਲ ਮੁਲਾਜ਼ਮਾਂ ਦਾ ਧਰਨਾ ਦੂਜੇ ਦਿਨ ਜਾਰੀ
Publish Date: Thu, 08 Jan 2026 05:48 PM (IST)
Updated Date: Fri, 09 Jan 2026 04:06 AM (IST)

ਪ੍ਰਦੀਪ ਭਨੋਟ, ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ : ਨਗਰ ਕੌਂਸਲ ਨਵਾਂਸ਼ਹਿਰ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਦਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਇਸ ਮੌਕੇ ਮੁਲਾਜ਼ਮ ਏਕਤਾ ਜਿੰਦਾਬਾਦ ਅਤੇ ਗੁੰਡਾਰਾਜ ਬੰਦ ਕਰੋ ਦੇ ਨਾਅਰੇ ਲਗਾਏ ਗਏ। ਇਸ ਮੌਕੇ ਨਗਰ ਕੌਂਸਲ ਮੁਲਾਜ਼ਮ ਯੂਨੀਅਨ ਦੇ ਸਰਪਰਸਤ ਸੂਰਜ ਖੋਸਲਾ ਨੇ ਦੱਸਿਆ ਕਿ ਆਪ ਸਰਕਾਰ ਵੱਲੋਂ ਜਾਰੀ ਪੱਤਰ ਤੋਂ ਬਾਅਦ ਵੀ ਕੌਂਸਲ ਅਫ਼ਸਰਾਂ ਵੱਲੋਂ ਮੁਲਾਜ਼ਮਾਂ ਨੂੰ ਦੋ ਵਰਦੀਆਂ ਦੇਣ ਤੋਂ ਮੁਕਰਿਆ ਜਾ ਰਿਹਾ ਹੈ। ਪਿਛਲੇ 6 ਸਾਲ ਤੋਂ ਮੁਲਾਜ਼ਮਾਂ ਨੂੰ ਇਕ ਵੀ ਵਰਦੀ ਨਹੀਂ ਦਿੱਤੀ ਗਈ। ਜਦਕਿ ਸਰਕਾਰ ਵੱਲੋਂ ਜਾਰੀ ਮੁਲਾਜ਼ਮਾਂ ਨੂੰ ਦੋ ਵਰਦੀਆਂ ਦੇ ਪੈਸੇ ਦੇਣ ਦੀ ਹਦਾਇਤਾਂ ਨੂੰ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਸੈਲਰੀਆਂ ਸਬੰਧੀ, ਪੀਐਫ ਸਬੰਧੀ ਅਤੇ ਹੋਰਨਾਂ ਕੰਮਾਂ ਨੂੰ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਨਗਰ ਕੌਂਸਲ ਦੇ ਅਫ਼ਸਰਾਂ ਵੱਲੋਂ ਸਾਰੇ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਹਨ ਪਰ ਇਕ ਚਹੇਤੇ ਅਤੇ ਕਮਾਓ ਪੁੱਤ ਮੁਲਾਜ਼ਮ ਦੀ ਬਦਲੀ ਨਹੀਂ ਕੀਤੀ ਜਾ ਰਹੀ ਹੈ। ਜਿਸ ਕਾਰਨ ਵੀ ਮੁਲਾਜ਼ਮਾਂ ਵਿਚ ਰੋਸ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀ ਮੌਜੂਦਾ ਪ੍ਰਧਾਨ ਅਤੇ ਹੋਰਨਾਂ ਕੌਂਸਲਰਾਂ ਨੂੰ ਮੁਲਾਜ਼ਮਾਂ ਨੂੰ ਕਹਿਣ ਦਾ ਹੱਕ ਬਣਦਾ ਹੈ ਪਰ ਕੌਂਸਲਰਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਮੁਲਾਜ਼ਮਾਂ ਨੂੰ ਦਬਕੇ ਮਾਰਨਾ ਠੀਕ ਨਹੀਂ ਹੈ। ਜਿਸ ਕਾਰਨ ਵੀ ਮੁਲਾਜ਼ਮਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਸਨੀ ਨੇ ਕਿਹਾ ਕਿ ਜੇਕਰ 20 ਸਾਲਾਂ ਤੋਂ ਇਲਾਕੇ ਵਿਚ ਸਫਾਈ ਸੇਵਿਕਾ ਆਪਣੇ ਘਰ ਚੋਂ ਕੂੜਾ ਲੈ ਕੇ ਜਾਂਦੀ ਹੈ ਤਾਂ ਉਸ ਨੂੰ ਡੋਰ ਟੂ ਡੋਰ ਕੁਲੈਕਸ਼ਨ ਵਾਲਿਆਂ ਵੱਲੋਂ ਕਥਿਤ ਤੌਰ ਤੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਜੋ ਕਿ ਨਿੰਦਣਯੋਗ ਹੈ। ਉੁਨ੍ਹਾਂ ਕਿਹਾ ਕਿ ਇਸੇ ਰੰਜਿਸ਼ ਕਾਰਨ ਸਫਾਈ ਸੇਵਿਕਾਵਾਂ ਦੀਆਂ ਕੀਤੀਆਂ ਜਾ ਰਹੀਆਂ ਬਦਲੀਆਂ ਵੀ ਨਿੰਦਣਯੋਗ ਹੈ। ਜਿਸ ਕਾਰਨ ਵੀ ਮੁਲਾਜ਼ਮਾਂ ਵਿਚ ਰੋਸ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਤਿੰਨ ਮਹੀਨੇ ਦੀ ਤਨਖਾਹ ਨਹੀਂ ਮਿਲੀ, ਮੁਲਾਜ਼ਮਾਂ ਦੇ ਬੀਮੇ ਨਹੀਂ ਕੀਤੇ ਜਾ ਰਹੇ ਹਨ। ਜੇਕਰ ਕੋਈ ਹਵੀ ਨਵੀ ਹੁੰਦੀ ਹੈ ਤਾਂ ਮੁਲਾਜ਼ਮਾਂ ਨੂੰ ਬਣਦੇ ਲਾਭ ਨਹੀਂ ਮਿਲ ਸਕਣਗੇ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਅਜੈ, ਦੀਪਕ, ਗੌਰਾ, ਬਬਲੂ, ਚੰਦਨ, ਤਰੁਣਾ, ਅਮਰਜੋਤ, ਪਾਲੋ, ਸ਼ਰੂਤੀ, ਨਿਸ਼ਾ ਆਦਿ ਹਾਜ਼ਰ ਸਨ।। ਕੂੜੇ ਦੇ ਢੇਰ ਵਧਾ ਰਹੇ ਪਰੇਸ਼ਾਨੀ ਨਗਰ ਕੌਂਸਲ ਮੁਲਾਜ਼ਮਾਂ ਦੀ ਹੜਤਾਲ ਕਾਰਨ ਸ਼ਹਿਰ ਚ ਕੂੜੇ ਦੇ ਢੇਰ ਵੱਧਣੇ ਸ਼ੁਰੂ ਹੋ ਗਏ ਹਨ। ਇਸ ਕਾਰਨ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੀ ਪਾਰਕਿੰਗ ਨੇੜੇ ਤੋਂ ਲੰਘਣ ਵਾਲੇ ਲੋਕਾਂ, ਬੰਗਾ ਰੋਡ ਤੇ ਐਕਸਿਸ ਬੈਂਕ ਅਤੇ ਹੋਰਨਾਂ ਥਾਵਾਂ ਤੇ ਲੱਗੇ ਕੂੜੇ ਦੇ ਢੇਰ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਲੋਕਾਂ ਸੋਹਣ ਸਿੰਘ, ਅਵਤਾਰ ਸਿੰਘ, ਮਨਜੀਤ ਸਿੰਘ, ਪਰਮਜੀਤ ਸਿੰਘ ਨੇ ਕਿਹਾ ਕਿ ਇਲਾਕੇ ਵਿਚ ਲੱਗੇ ਕੂੜੇ ਦੇ ਢੇਰ ਕਾਰਨ ਆਵਾਰਾ ਪਸ਼ੂ ਇਕੱਠੇ ਹੋ ਰਹੇ ਹਨ। ਜਿਸ ਕਾਰਨ ਇਲਾਕੇ ਵਿਚ ਹਾਦਸਿਆਂ ਦੀ ਸੰਭਾਵਨਾ ਵੱਧਦੀ ਜਾ ਰਹੀ ਹੈ। ਲੋਕਾਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਵੀ ਸਮੇਂ ਸਿਰ ਪੂਰਾ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਮੁਲਾਜ਼ਮਾਂ ਦੀ ਹੜਤਾਲ ਅਣਮਿੱਥੇ ਸਮੇਂ ਲਈ ਜਾਰੀ ਰਹੀ ਤਾਂ ਦੁਕਾਨਦਾਰਾਂ, ਰੇਹੜੀ, ਫੜੀ ਵਾਲਿਆਂ ਸਮੇਤ ਹੋਰਨਾਂ ਦੀ ਪਰੇਸ਼ਾਨੀ ਅਤੇ ਕੰਮਕਾਰ ਵੀ ਘੱਟਦੇ ਜਾ ਰਹੇ ਹਨ। ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਸਮੇਂ ਸਿਰ ਨਿਪਟਾਉਣ ਦੀ ਮੰਗ ਵੀ ਕੀਤੀ ਤਾਂ ਜੋਂ ਸ਼ਹਿਰ ਦੀ ਚਰਮਰਾਈ ਸਫਾਈ ਵਿਵਸਥਾ ਠੀਕ ਹੋ ਸਕੇ।