ਵਿਧਾਇਕਾ ਕਟਾਰੀਆ ਨੇ ਵੱਡੀ ਸਕਰੀਨ ’ਤੇ ਦੇਖਿਆ ਲਾਈਵ ਵਿਧਾਨ ਸਭਾ ਸੈਸ਼ਨé
ਵਿਧਾਇਕਾ ਸੰਤੋਸ਼ ਕਟਾਰੀਆ ਨੇ ਮਹਿਲਾਵਾਂ ਨਾਲ ਵੱਡੀ ਸਕਰੀਨ ਤੇ ਦੇਖਿਆ ਲਾਈਵ ਵਿਧਾਨ ਸਭਾ ਸੈਸ਼ਨé
Publish Date: Sun, 08 Mar 2026 04:57 PM (IST)
Updated Date: Mon, 09 Mar 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਔਰਤਾਂ ਲਈ ਕੀਤੇ ਗਏ ਵੱਡੇ ਐਲਾਨਾਂ ਨੂੰ ਲੈ ਕੇ ਹਲਕਾ ਬਲਾਚੌਰ ’ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਵਿਧਾਇਕਾ ਸੰਤੋਸ਼ ਕਟਾਰੀਆ ਦੇ ਦਫ਼ਤਰ ਵਿਖੇ ਅੱਜ ਸਵੇਰ ਤੋਂ ਹੀ ਹਲਕੇ ਦੀਆਂ ਔਰਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਖਾਸ ਤੌਰ ’ਤੇ ਆਪਣੇ ਦਫ਼ਤਰ ਵਿਖੇ ਇੱਕ ਵੱਡੀ ਸਕਰੀਨ ਦਾ ਪ੍ਰਬੰਧ ਕੀਤਾ ਤਾਂ ਜੋ ਹਲਕੇ ਦੇ ਲੋਕ ਤੇ ਖਾਸ ਕਰ ਕੇ ਔਰਤਾਂ ਸਰਕਾਰ ਦੇ ਫੈਸਲਿਆਂ ਨੂੰ ਲਾਈਵ ਦੇਖ ਸਕਣ। ਜਿਵੇਂ ਹੀ ਸੈਸ਼ਨ ਦੌਰਾਨ ਜਨਰਲ 1000 ਤੇ ਐੱਸਸੀ ਸ਼੍ਰੇਣੀ ਦੀਆਂ ਔਰਤਾਂ ਲਈ 1500 ਰੁਪਏ ਸਨਮਾਨ ਰਾਸ਼ੀ ਦਾ ਐਲਾਨ ਹੋਇਆ ਤਾਂ ਪੂਰਾ ਦਫ਼ਤਰ ਤਾੜੀਆਂ ਦੀ ਗੂੰਜ ਨਾਲ ਗੂੰਜ ਉੱਠਿਆ। ਸਵੇਰ ਤੋਂ ਹੀ ਪਹੁੰਚੀਆਂ ਔਰਤਾਂ ਨੇ ਬੜੀ ਉਤਸੁਕਤਾ ਨਾਲ ਮੁੱਖ ਮੰਤਰੀ ਦਾ ਭਾਸ਼ਣ ਸੁਣਿਆ। ਔਰਤਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਇੱਕ ਹੋਰ ਵੱਡਾ ਵਾਅਦਾ ਪੂਰਾ ਕਰ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਲੋਕ ਹਿਤੈਸ਼ੀ ਸਰਕਾਰ ਹੈ। ਇਸ ਮੌਕੇ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹਰ ਵਰਗ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਫੈਸਲੇ ਨੇ ਪੰਜਾਬ ਦੀਆਂ ਧੀਆਂ ਤੇ ਮਾਵਾਂ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਹਲਕੇ ਦੀਆਂ ਔਰਤਾਂ ਦਾ ਧੰਨਵਾਦ ਕੀਤਾ, ਜੋ ਵੱਡੀ ਗਿਣਤੀ ’ਚ ਪਹੁੰਚ ਕੇ ਇਸ ਇਤਿਹਾਸਕ ਪਲ ਦੀਆਂ ਗਵਾਹ ਬਣੀਆਂ। ਇਸ ਮੌਕੇ ਨਗਰ ਕੌਂਸਲ ਦੇ ਸੀਨੀ. ਉਪ ਪ੍ਰਧਾਨ ਹਰਵਿੰਦਰ ਕੌਰ ਸਿਆਣ, ਨਿਰਮਲਾ ਦੇਵੀ, ਸ਼ਿੰਦੋ ਮੇਸ਼ੀ, ਚੌਧਰੀ ਰਾਧੇ ਸ਼ਾਮ, ਜਸਵਿੰਦਰ ਸਿਆਣ, ਕੁਲਦੀਪ ਸਿੰਘ, ਹੋਰ ਹਲਕੇ ਤੋਂ ਪਤਵੰਤ ਸੱਜਣ ਪਹੁੰਚੇ।