ਵਿਧਾਇਕ ਕਟਾਰੀਆ ਵੱਲੋਂ ਐੱਸਸੀ ਵਿੰਗ ਦੇ ਅਹੁਦੇਦਾਰਾਂ ਨਾਲ ਮੀਟਿੰਗ
ਵਿਧਾਇਕ ਨੇ ਸੰਗਠਨ ਦੀ ਮਜ਼ਬੂਤੀ ਲਈ ਐੱਸਸੀ ਵਿੰਗ ਦੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ
Publish Date: Thu, 08 Jan 2026 04:21 PM (IST)
Updated Date: Fri, 09 Jan 2026 04:03 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਹਲਕਾ ਬਲਾਚੌਰ ਦੇ ਵਿਧਾਇਕ ਸੰਤੋਸ਼ ਕਟਾਰੀਆ ਵੱਲੋਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਤੇ ਸੰਗਠਨ ਨੂੰ ਜ਼ਮੀਨੀ ਪੱਧਰ‘ਤੇ ਮਜ਼ਬੂਤ ਕਰਨ ਦੇ ਮਕਸਦ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਐੱਸਸੀ ਵਿੰਗ ਦੇ ਦੁਆਬਾ ਜੋਨ ਦੇ ਇੰਚਾਰਜ, ਜ਼ਿਲ੍ਹਾ ਪ੍ਰਧਾਨ, ਹਲਕਾ ਪ੍ਰਧਾਨ ਅਤੇ ਵੱਖ-ਵੱਖ ਬਲਾਕ ਪ੍ਰਧਾਨਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਵਿਧਾਇਕ ਸੰਤੋਸ਼ ਕਟਾਰੀਆ ਨੇ ਆਗੂਆਂ ਨਾਲ ਪਾਰਟੀ ਢਾਂਚੇ ਨੂੰ ਹੋਰ ਸਰਗਰਮ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਐੱਸਸੀ ਵਿੰਗ ਦੀ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਵਿਚ ਅਹਿਮ ਭੂਮਿਕਾ ਹੈ। ਉਨ੍ਹਾਂ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਲਈ ਤਤਪਰ ਰਹਿਣ। ਪਾਰਟੀ ਸੰਗਠਨ ਦੇ ਨਾਲ-ਨਾਲ ਹਲਕੇ ਦੇ ਵਿਕਾਸ ਕਾਰਜਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ। ਵਿਧਾਇਕ ਨੇ ਕਿਹਾ ਕਿ ਇਲਾਕੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਵਿਕਾਸ ਦੇ ਕੰਮਾਂ ’ਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਹਲਕੇ ਦੇ ਹਰ ਵਰਗ ਦੀ ਭਲਾਈ ਲਈ ਸਰਕਾਰ ਵਚਨਬੱਧ ਹੈ। ਇਸ ਮੌਕੇ ਹਾਜ਼ਰ ਅਹੁਦੇਦਾਰਾਂ ਨੇ ਵਿਧਾਇਕਾ ਨੂੰ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਇੱਕ ਕਰ ਦੇਣਗੇ ਅਤੇ ਸਰਕਾਰ ਦੀਆਂ ਲੋਕ-ਪੱਖੀ ਸਕੀਮਾਂ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣਗੇ। ਇਸ ਮੌਕੇ ਦੁਆਬਾ ਜੋਨ ਦੇ ਪ੍ਰਧਾਨ ਜਰਨੈਲ ਨੰਗਲ, ਜ਼ਿਲ੍ਹਾ ਪ੍ਰਧਾਨ ਸੋਹਣ ਲਾਲ ਢੰਡਾ, ਹਲਕਾ ਪ੍ਰਧਾਨ ਕੁਲਦੀਪ ਸਿੰਘ ਬਲਾਕ ਮਨਜੀਤ ਬੇਦੀ, ਪ੍ਰੇਮ ਚੋਪੜਾ, ਕੁਲਵਿੰਦਰ ਕੁਮਾਰ, ਲਖਵੀਰ ਸਿੰਘ, ਸੁਰਿੰਦਰ ਭੱਟੀ, ਮਨਦੀਪ ਕੁਮਾਰ, ਨਵਜੋਤ ਕੁਮਾਰ ਆਦਿ ਹਾਜ਼ਰ ਸਨ।