ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ
ਮਿੱਡ-ਡੇ-ਮੀਲ ਵਰਕਰਾਂ ਨੇ ਮੁੱਖ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ
Publish Date: Tue, 17 Feb 2026 05:45 PM (IST)
Updated Date: Wed, 18 Feb 2026 04:07 AM (IST)

ਵਰਕਰਾਂ ਨੂੰ ਰੈਗੂਲਰ ਕਰਨ ਤੱਕ 18 ਹਜ਼ਾਰ ਰੁਪਏ ਮਿਹਨਤਾਨਾ ਦੇਣ ਦੀ ਕੀਤੀ ਮੰਗ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਜ਼ਿਲ੍ਹੇ ਦੇ ਮਿਡ-ਡੇ-ਮੀਲ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਰਿੰਪੀ ਰਾਣੀ ਦੀ ਅਗਵਾਈ ਵਿਚ ਡੀਸੀ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੂੰ ਮੰਗ ਪੱਤਰ ਦਿੱਤਾ। ਆਗੂਆਂ ਨੇ ਕਿਹਾ ਕਿ ਮਿੱਡ ਡੇ ਮੀਲ ਵਰਕਰਜ਼ ਯੂਨੀਅਨ ਵੱਲੋਂ ਲਗਾਤਾਰ ਸੰਘਰਸ਼ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਮਿੱਡ-ਡੇ-ਮੀਲ ਵਰਕਰਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਗੰਭੀਰਤਾ ਨਾ ਦਿਖਾਉਣ ਸੰਬੰਧੀ ਮਿੱਡ-ਡੇ-ਮੀਲ ਵਰਕਰਾਂ ਵਿਚ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿੱਡ ਡੇ ਮੀਲ ਵਰਕਰਾਂ ਨੂੰ ਰੈਗੂਲਰ ਕਰਨ ਤੱਕ 18 ਹਜ਼ਾਰ ਰੁਪਏ ਮਹੀਨਾ ਮਿਹਨਤਾਨਾ ਤਾਂ ਪੰਜਾਬ ਸਰਕਾਰ ਨੇ ਕੀ ਦੇਣਾ ਸੀ, ਸਗੋਂ ਚਾਰ ਸਾਲਾਂ ਤੋਂ ਵੱਧ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਆਪਣੇ ਕੀਤੇ ਚੋਣ ਵਾਅਦੇ ਅਨੁਸਾਰ ਮਿੱਡ ਡੇ ਮੀਲ ਵਰਕਰਾਂ ਦਾ ਮਿਹਨਤਾਨਾ ਦੁੱਗਣਾ ਕਰਨ ਅਤੇ ਲਾਗੂ ਕਰਨ ਲਈ ਕੋਈ ਵੀ ਯੋਗ ਕਾਰਵਾਈ ਅਜੇ ਤੱਕ ਨਹੀਂ ਕੀਤੀ, ਜਿਸ ਕਰਕੇ ਸਮੁੱਚੇ ਪੰਜਾਬ ਦੀਆਂ ਮਿੱਡ ਡੇ ਮੀਲ ਵਰਕਰਾਂ ਦੇ ਮਨਾਂ ਵਿਚ ਪੰਜਾਬ ਸਰਕਾਰ ਦੇ ਪ੍ਰਤੀ ਗੁੱਸੇ ਅਤੇ ਨਫ਼ਰਤ ਦੀ ਭਾਵਨਾ ਭਰੀ ਪਈ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਦਿੱਤਾ ਜਾਂਦਾ ਮਾਮੂਲੀ ਜਿਹਾ ਮਾਣ ਭੱਤਾ ਦੇਣ ਲਈ ਵਾਰ-ਵਾਰ ਵੱਖ-ਵੱਖ ਬੈਂਕਾਂ ਵਿਚ ਖ਼ਾਤਾ ਖੋਲ੍ਹਣ ਲਈ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਾਲ ਦੌਰਾਨ ਦੋ ਵਰਦੀਆਂ ਦਿੱਤੀਆਂ ਜਾਣ, ਹਰ 25 ਬੱਚਿਆਂ ਪਿੱਛੇ ਇੱਕ ਹੋਰ ਵਾਧੂ ਵਰਕਰ ਰੱਖੀ ਜਾਵੇ, ਮਿੱਡ-ਡੇ-ਮੀਲ ਵਰਕਰਾਂ ਤੋਂ ਜ਼ਬਰੀ ਹੋਰ ਵਾਧੂ ਕੰਮ ਲੈਣੇ ਬੰਦ ਕੀਤੇ ਜਾਣ, ਸਰਵਿਸ ਬੁੱਕਾਂ ਲਗਾਈਆਂ ਜਾਣ, ਪਛਾਣ ਪੱਤਰ ਜਾਰੀ ਕੀਤੇ ਜਾਣ, ਹਰ ਮਹੀਨੇ ਮਾਣ ਭੱਤਾ ਦੇਣਾ ਯਕੀਨੀ ਬਣਾਇਆ ਜਾਵੇ, ਸਰਕਾਰੀ ਇਸਤਰੀ ਮੁਲਾਜ਼ਮਾਂ ਵਾਂਗ ਛੁੱਟੀਆਂ ਦਿੱਤੀਆਂ ਜਾਣ, ਅਚਨਚੇਤ ਛੁੱਟੀ ਲੈਣ ਸਮੇਂ ਖਾਣਾ ਬਣਾਉਣ ਦਾ ਬਦਲਵਾਂ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇ। ਉਨ੍ਹਾਂ ਕਿਹਾ ਕਿ ਮੰਗਾਂ ਨੂੰ ਮਨਵਾਉਣ ਅਤੇ ਲਾਗੂ ਕਰਵਾਉਣ ਲਈ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ 2027 ਦੀਆਂ ਚੋਣਾਂ ਵਿਚ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਰੋਸ ਪ੍ਰਦਰਸ਼ਨ ਦੌਰਾਨ ਕਮਲਜੀਤ ਕੌਰ, ਸੁਨੀਤਾ ਰਾਣੀ, ਬੀਨਾ, ਬਲਜੀਤ ਕੌਰ, ਦਲਜੀਤ ਕੌਰ, ਰਾਜ ਰਾਣੀ, ਬਲਜੀਤ, ਕਵਿਤਾ, ਮਨਜੀਤ ਕੌਰ, ਊਸਾ ਰਾਣੀ, ਨਿਰਮਲਾ, ਨੀਲਮ ਤੇ ਪੈਨਸ਼ਨਰ ਸਾਥੀ ਕਰਨੈਲ ਸਿੰਘ, ਜੀਤ ਲਾਲ ਗੋਹਲੜੋਂ, ਜੋਗਾ ਸਿੰਘ, ਨਿਰਮਲ ਦਾਸ ਹਾਜ਼ਰ ਸਨ।