12 ਦੀ ਦੇਸ਼ ਵਿਆਪੀ ਹੜਤਾਲ ਦੀ ਸਫਲਤਾ ਲਈ ਕੀਤੀ ਮੀਟਿੰਗ
12 ਦੀ ਦੇਸ਼ ਵਿਆਪੀ ਹੜਤਾਲ ਦੀ ਸਫਲਤਾ ਲਈ ਕੀਤੀ ਮੀਟਿੰਗ
Publish Date: Thu, 05 Feb 2026 04:55 PM (IST)
Updated Date: Thu, 05 Feb 2026 04:59 PM (IST)

ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਦੀ ਸਫ਼ਲਤਾ ਲਈ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੀ ਸਾਂਝੀ ਮੀਟਿੰਗ ਬਾਰਾਦਰੀ ਬਾਗ਼ ਵਿਖੇ ਕੀਤੀ। ਆਗੂਆਂ ਨੇ ਕਿਹਾ ਕਿ ਹੜਤਾਲ ਨੂੰ ਸਫ਼ਲ ਬਣਾਉਣ ਲਈ ਪੂਰੀ ਤਿਆਰੀ ਵਿਚ ਲੱਗ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਤੇ ਦੇਸ਼ੀ-ਵਿਦੇਸ਼ੀ ਸਰਮਾਏਦਾਰਾਂ ਨੂੰ ਖੁਸ਼ ਕਰਨ ਲਈ ਮਜ਼ਦੂਰਾਂ ਤੋਂ ਯੂਨੀਅਨ ਬਣਾਉਣ ਤੇ ਸੰਘਰਸ਼ ਕਰਨ ਵਰਗੇ ਬੁਨਿਆਦੀ ਹੱਕ ਖੋਹਣ ਲਈ ਕੇਂਦਰ ਸਰਕਾਰ ਮਜ਼ਦੂਰ ਪੱਖੀ 29 ਲੇਬਰ ਕਾਨੂੰਨਾਂ ਨੂੰ ਖ਼ਤਮ ਕਰਕੇ 4 ਲੇਬਰ ਕੋਡ ਲੈ ਕੇ ਆਈ ਹੈ। ਉੁਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਨ੍ਹਾਂ ਚਾਰ ਲੇਬਰ ਕੋਡਾਂ ਨੂੰ 1 ਅਪ੍ਰੈਲ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ।।ਉਨ੍ਹਾਂ ਕਿਹਾ ਕਿ ਇਹ ਕੋਡ ਲਾਗੂ ਹੋਣ ਨਾਲ ਮਜ਼ਦੂਰਾਂ ਕੋਲ ਆਪਣੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਅਤੇ ਪ੍ਰਾਪਤ ਕਰਨ ਲਈ ਯੂਨੀਅਨ ਬਣਾਉਣ ਅਤੇ ਸੰਘਰਸ਼ ਕਰਨ ਦਾ ਜਮਹੂਰੀ ਅਧਿਕਾਰ ਖ਼ਤਮ ਹੋ ਜਾਵੇਗਾ। ਕੰਮ ਦਾ ਮਿਹਨਤਾਨਾ ਵਧਾਉਣ ਦੀ ਥਾਂ ਕੰਮ ਘੰਟੇ 8 ਤੋਂ 12 ਘੰਟੇ ਦੀ ਦਿਹਾੜੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਲਿਆ ਕੇ ਮਗਨਰੇਗਾ ਵਰਕਰਾਂ ਦਾ ਕੰਮ ਹੀ ਉਨ੍ਹਾਂ ਕੋਲੋਂ ਖੋਹ ਲਿਆ ਹੈ। ਆਗੂਆਂ ਨੇ ਜਨਤਕ ਅਦਾਰਿਆਂ ਦੇ ਨਿੱਜੀਕਰਨ ਦਾ ਵਿਰੋਧ ਕਰਦਿਆਂ ਇਸ ਨੂੰ ਬੰਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਬਿੱਲ 2025 ਰਾਹੀਂ ਬਿਜਲੀ ਵਿਭਾਗ ਕਾਰਪੋਰੇਟਰਾਂ ਹਵਾਲੇ ਕਰਨਾ ਚਾਹੁੰਦੀ ਹੈ। ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੀ ਗਈ ਵਪਾਰਕ ਡੀਲ ਭਾਰਤੀ ਕਿਸਾਨਾਂ ਨੂੰ ਬਰਬਾਦ ਕਰ ਦੇਵੇਗੀ। ਇਸਦਾ ਤਿੱਖਾ ਵਿਰੋਧ ਹੋਣਾ ਚਾਹੀਦਾ ਹੈ। ਮੀਟਿੰਗ ਵਿਚ ਇਫ਼ਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੀਟੂ ਦੇ ਸੂਬਾ ਸਕੱਤਰ ਮਹਾਂ ਸਿੰਘ ਰੌੜੀ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਬਲਵੀਰ ਸਿੰਘ ਜਾਡਲਾ, ਜਸਵਿੰਦਰ ਸਿੰਘ ਭੰਗਲ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ, ਜ਼ਮਹੂਰੀ ਕਿਸਾਨ ਸਭਾ ਦੇ ਆਗੂ ਕੁਲਦੀਪ ਸਿੰਘ ਦੌੜਕਾ, ਤਰਸੇਮ ਸਿੰਘ ਬੈਂਸ, ਸੁਰਿੰਦਰ ਸਿੰਘ ਮਹਿਰਮਪੁਰ, ਸੁਖਦੇਵ ਸਿੰਘ ਗਰਚਾ, ਜਰਨੈਲ ਸਿੰਘ ਰਾਣੇਵਾਲ, ਰਾਮਜੀ ਦਾਸ ਸਨਾਵਾ ਹਾਜ਼ਰ ਸਨ।