ਖਟਕੜ ਕਲਾਂ 'ਚ ਸ਼ਹੀਦੀ ਯਾਦਗਾਰ ਕਮੇਟੀ ਵੱਲੋਂ ਸਮਾਗਮ
ਖਟਕੜ ਕਲਾਂ 'ਚ ਸ਼ਹੀਦਾਂ ਦੀ ਯਾਦ 'ਚ ਸ਼ਹੀਦੀ ਯਾਦਗਾਰ ਕਮੇਟੀ ਵੱਲੋਂ ਸਮਾਗਮ
Publish Date: Mon, 23 Mar 2026 05:46 PM (IST)
Updated Date: Tue, 24 Mar 2026 04:05 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਚ ਸ਼ਹੀਦੀ ਯਾਦਗਾਰ ਕਮੇਟੀ ਬੰਗਾ ਵੱਲੋਂ ਦਹਾਕਿਆਂ ਤੋਂ ਮਨਾਇਆ ਜਾ ਰਿਹਾ ਪਾਸ਼ ਹੰਸ ਰਾਜ ਯਾਦਗਾਰੀ ਸਮਾਗਮ ਸਫ਼ਲਤਾ ਪੂਰਵਕ ਨੇਪਰੇ ਚੜ੍ਹਿਆ। ਸਮਾਗਮ ਅਮਰੀਕੀ ਸਾਮਰਾਜੀਆਂ ਵੱਲੋਂ ਵੱਖ-ਵੱਖ ਮੁਲਕਾਂ ਦੇ ਖ਼ਿਲਾਫ਼ ਛੇੜੀਆਂ ਜੰਗਾਂ ਅਤੇ ਮੜ੍ਹੀਆਂ ਜਾ ਰਹੀਆਂ ਵਪਾਰਕ ਸੰਧੀਆਂ ਦੁਨੀਆ ਭਰ ਦੇ ਅਨਮੋਲ ਕੁਦਰਤੀ ਖਜ਼ਾਨਿਆ ਅਤੇ ਕਿਰਤ ਸ਼ਕਤੀ ਹੜੱਪਣ ਲਈ ਬੋਲੇ ਜਾ ਰਹੇ ਧਾਵਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਚ ਕਾਮਯਾਬ ਰਿਹਾ। ਅਮਰ ਸ਼ਹੀਦਾਂ ਦੀਆਂ ਤਸਵੀਰਾਂ ਨੂੰ ਸ਼ਹੀਦੀ ਯਾਦਗਾਰ ਕਮੇਟੀ ਬੰਗਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਤਰਕਸ਼ੀਲ ਸੁਸਾਇਟੀ ਪੰਜਾਬ, ਜਮਹੂਰੀ ਅਧਿਕਾਰ ਸਭਾ ਪੰਜਾਬ, ਪੰਜਾਬ ਲੋਕ ਸੱਭਿਆਚਾਰਕ ਮੰਚ ਤੇ ਵਿਦੇਸ਼ਾਂ ਤੋਂ ਆਏ ਲੋਕ ਹੱਕਾਂ ਦੀ ਲਹਿਰ ਨਾਲ ਜੁੜੇ ਕਾਮਿਆਂ ਨੇ ਫੁੱਲਾਂ ਦੇ ਹਾਰ ਪਹਿਨਾਏ। ਮੁੱਖ ਬੁਲਾਰੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਦੁਨੀਆਂ ਦੇ ਲੋਕਾਂ ਖਿਲਾਫ਼ ਬੋਲੇ ਆਰਥਿਕ ਅਤੇ ਫਿਰਕੂ ਫਾਸ਼ੀ ਹੱਲਿਆਂ ਦੇ ਜਿੰਮੇਵਾਰ ਇਥੋਂ ਦੀਆਂ ਸਾਮਰਾਜੀ ਅਤੇ ਦੇਸੀ ਕਾਰਪੋਰੇਟ ਘਰਾਣੇ ਹਨ। ਉਨ੍ਹਾਂ ਕਿਹਾ ਕਿ ਲੋਕ ਦੋਖੀ, ਦੇਸ਼ੀ ਵਿਦੇਸ਼ੀ ਤਾਕਤਾਂ ਦਾ ਗਲਬਾ ਵਗਾਹ ਮਾਰਨ ਲਈ 23 ਮਾਰਚ ਦੇ ਸ਼ਹੀਦਾਂ ਦੁਆਰਾ ਫਾਂਸੀ ਦੇ ਤਖਤੇ ਤੋਂ ਲਾਏ ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਦੇ ਨਾਅਰਿਆਂ ਨੂੰ ਅਮਲੀ ਜਾਮਾ ਪਹਿਨਾਉਣਾ ਬੇਹੱਦ ਜਰੂਰੀ ਹੈ। ਸਮਾਗਮ ਦੌਰਾਨ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਗੁਰਸ਼ਰਨ ਭਾਅ ਜੀ ਦਾ ਲਿਖਿਆ ਨਾਟਕ ਸੀਸ ਤਲੀ ਤੇ ਖੇਡਿਆ ਜੋ ਸੁਨੇਹਾ ਦੇਣ ਚ ਕਾਮਯਾਬ ਰਿਹਾ। ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਸਵਰਨ ਧਾਲੀਵਾਲ ਅਤੇ ਸਾਥੀਆਂ ਦੀਆਂ ਕਵੀਸ਼ਰੀਆਂ ਨੇ ਲੋਕਾਂ ਨੂੰ ਹਲੂਣ ਕੇ ਰੱਖ ਦਿੱਤਾ। ਇਸ ਮੌਕੇ ਸੋਹਣ ਸਿੰਘ ਪਰਮਾਰ ਕੈਨੇਡਾ, ਸੁਰਿੰਦਰ ਹੀਰਾ, ਲਾਲ ਸਿੰਘ ਬੈਂਸ, ਮਲਕੀਤ ਝਿੰਗੜ, ਪਰਮਜੀਤ ਕੌਰ ਸ਼ੇਰਗਿੱਲ, ਤਲਵਿੰਦਰ ਸ਼ੇਰ ਗਿੱਲ, ਤਲਵਿੰਦਰ ਹੀਰ, ਜਗਤਾਰ ਬਾਹੋਵਾਲ, ਡਾ. ਮੰਗਤ ਰਾਏ, ਬੂਟਾ ਸਿੰਘ ਮਹਿਮੂਦਪੁਰ, ਰਣਜੀਤ ਕੌਰ ਮਹਿਮੂਦਪੁਰ, ਪਰਮਜੀਤ ਕੌਰ, ਮਹਿੰਦਰ ਕੌਰ ਰਾਏਪੁਰ ਡੱਬਾ, ਕਮਲੇਸ਼ ਕੌਰ ਰਸੂਲਪੁਰ, ਆਦਿ ਹਾਜ਼ਰ ਸਨ।