ਚੰਡੀਗੜ੍ਹ ’ਚ ਅਧਿਆਪਕਾਂ ’ਤੇ ਕੀਤਾ ਲਾਠੀਚਾਰਜ ਨਿੰਦਣਯੋਗ
ਚੰਡੀਗੜ੍ਹ ਵਿਖੇ ਅਧਿਆਪਕਾਂ 'ਤੇ ਕੀਤਾ ਲਾਠੀਚਾਰਜ ਨਿੰਦਣਯੋਗ
Publish Date: Sat, 14 Mar 2026 05:48 PM (IST)
Updated Date: Sun, 15 Mar 2026 04:07 AM (IST)

ਪੰਜਾਬ ਸਰਕਾਰ ਟੈਟ ਦੀ ਸ਼ਰਤ ਤੁਰੰਤ ਵਾਪਸ ਲਵੇ : ਸੰਹੂਗੜਾ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਵੇਰਕਾ ਬੂਥ ਦੇ ਸਾਹਮਣੇ ਚੰਡੀਗੜ੍ਹ ਰੋਡ ਵਿਖੇ ਹੋਈ। ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਕਿਹਾ ਕਿ ਟੈਟ ਦੀ ਸ਼ਰਤ ਨੂੰ ਵਾਪਸ ਕਰਵਾਉਣ ਨੂੰ ਲੈ ਕੇ ਚੱਲਦੇ ਵਿਧਾਨ ਸਭਾ ਇਜਲਾਸ ਦੌਰਾਨ ਵਿਸ਼ੇਸ਼ ਆਰਡੀਨੈਂਸ ਲਿਆਉਣ ਦੀ ਮੰਗ ਨੂੰ ਸਰਕਾਰ ਵੱਲੋਂ ਅਣਗੋਲਿਆ ਕਰਨ ਦੇ ਰੋਸ ਕਾਰਨ ਅਧਿਆਪਕ ਜਥੇਬੰਦੀਆਂ ਵਿਧਾਨ ਸਭਾ ਵੱਲ ਨੂੰ ਕੂਚ ਕਰ ਰਹੀਆਂ ਸਨ, ਜਿਸ ’ਤੇ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਕੀਤੇ ਲਾਠੀਚਾਰਜ, ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਦਾਗ਼ਣ ਦੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸਖ਼ਤ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ਤੇ ਜਬਰੀ ਟੈਟ ਥੋਪ ਰਹੀ ਹੈ, ਜਿਸ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਅਧਿਆਪਕ ਭਰਤੀ ਤਾਂ ਹੀ ਹੁੰਦਾ ਹੈ, ਜੇਕਰ ਉਹ ਸਰਕਾਰ ਵਲੋਂ ਭਰਤੀ ਨਿਯਮਾਂ ਨੂੰ ਪੂਰਾ ਕਰਦਾ ਹੈ। ਜੋ ਕਿ ਸਰਕਾਰ ਵੱਲੋਂ ਪਹਿਲਾਂ ਹੀ ਤੈਅ ਕੀਤੇ ਹੁੰਦੇ ਹਨ। ਉਨ੍ਹਾਂ ਕਿਹਾ ਕਿ 2011 ਤੋਂ ਪਹਿਲਾਂ ਭਰਤੀ ਅਧਿਆਪਕਾਂ ਤੇ ਟੈਟ ਦੀ ਸ਼ਰਤ ਤਰਕ ਸੰਗਤ ਨਹੀਂ ਹੈ। ਮਾਨ ਨੇ ਕਿਹਾ ਕਿ ਸਰਕਾਰ ਟੈਟ ਦੀ ਆੜ ਵਿਚ ਪੁਰਾਣੀ ਪੈਨਸ਼ਨ ਦੇ ਮੁੱਦੇ ਨੂੰ ਦਬਾਉਣਾ ਚਾਹੁੰਦੀ ਹੈ। ਇਸ ਮੌਕੇ ਜੁਝਾਰ ਸੰਹੂਗੜਾ ਜ਼ਿਲ੍ਹਾ ਪ੍ਰਧਾਨ ਬੀਐੱਡ ਅਧਿਆਪਕ ਫਰੰਟ ਨੇ ਕਿਹਾ ਕਿ ਸਰਕਾਰ ਡੰਡੇ ਦੇ ਜ਼ੋਰ ਨਾਲ ਅਧਿਆਪਕਾਂ ਦੀ ਅਵਾਜ਼ ਨੂੰ ਦਬਾ ਨਹੀਂ ਸਕਦੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਹੀ ਟੈਟ ਦੀ ਸ਼ਰਤ ਵਾਪਸ ਲਵੇ ਨਹੀਂ ਤਾਂ ਹੋਰ ਵੀ ਤਿੱਖਾ ਸੰਘਰਸ਼ ਹੋਵੇਗਾ। ਇਸ ਮੌਕੇ ਬਲਜਿੰਦਰ ਵਿਰਕ, ਸ਼ਤੀਸ ਨਵਾਂ ਗਰਾਂ, ਸੁਰਿੰਦਰ ਛੂਛੇਵਾਲ, ਪਵਨ ਕੁਮਾਰ ਨਵਾਂਸ਼ਹਿਰ, ਪਰਗਟ ਸਿੰਘ ਕਾਨੂੰਗੋ, ਰਾਜ ਕੁਮਾਰ ਜੰਡੀ, ਜਸਵੰਤ ਸਿੰਘ ਫੌਜੀ ਆਦਿ ਤੋਂ ਬਿਨਾਂ ਹੋਰ ਵੀ ਸਾਥੀ ਹਾਜ਼ਰ ਸਨ।