ਸਵ. ਖਿਡਾਰੀ ਰਵਿੰਦਰ ਸਿੰਘ ਦੇ ਪਿਤਾ ਨੂੰ ਲੰਗੜੋਆ ਦੇ ਸਰਪੰਚ ਵੱਲੋਂ ਰਾਸ਼ੀ ਭੇਟ
ਸਵ. ਖਿਡਾਰੀ ਰਵਿੰਦਰ ਸਿੰਘ ਦੇ ਪਿਤਾ ਨੂੰ ਲੰਗੜੋਆ ਦੇ ਸਰਪੰਚ ਵੱਲੋਂ ਰਾਸ਼ੀ ਭੇਟ
Publish Date: Tue, 17 Mar 2026 03:34 PM (IST)
Updated Date: Wed, 18 Mar 2026 04:01 AM (IST)

17ਐਨਐਸਆਰ04ਪੀ ਪਿੰਡ ਮਜਾਰੀ ਵਾਸੀ ਖਿਡਾਰੀ ਰਵਿੰਦਰ ਸਿੰਘ ਦੇ ਪਿਤਾ ਨੂੰ ਰਾਸ਼ੀ ਭੇਂਟ ਕਰਦੇ ਹੋਏ ਸਰਪੰਚ ਗੁਰਦੇਵ ਸਿੰਘ ਪਾਬਲਾ ਅਤੇ ਹੋਰ। ਪੰਜਾਬੀ ਜਾਗਰਣ ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ ਮਜਾਰੀ : ਫੁੱਟਬਾਲ ਖਿਡਾਰੀ ਰਵਿੰਦਰ ਸਿੰਘ ਮਜਾਰੀ ਦੀ ਪਿੰਡ ਛਦੌੜੀ ਵਿਖੇ ਕਰਵਾਏ ਫੁੱਟਬਾਲ ਟੂਰਨਾਮੈਂਟ ਦੌਰਾਨ ਖੇਡਦਿਆਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਸ ਦੁੱਖ ਦੀ ਘੜੀ ’ਚ ਪਿੰਡ ਲੰਗੜੋਆ ਦੇ ਸਰਪੰਚ ਗੁਰਦੇਵ ਸਿੰਘ ਪਾਬਲਾ ਦੀ ਅਗਵਾਈ ਹੇਠ ਟੂਰਨਾਮੈਂਟ ਪ੍ਰਬੰਧਕਾਂ ਤੇ ਖਿਡਾਰੀਆਂ ਵੱਲੋਂ ਇਸ ਟੂਰਨਾਮੈਂਟ ਚ ਦਿੱਤੀ ਜਾਣ ਵਾਲੀ ਇਨਾਮੀ ਰਾਸ਼ੀ ਕਰੀਬ 1.48 ਲੱਖ ਰੁਪਏ ਨੂੰ ਸਵ. ਰਵਿੰਦਰ ਸਿੰਘ ਮਜਾਰੀ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਸਰਪੰਚ ਨੇ ਦੱਸਿਆ ਕਿ ਪਿੰਡ ਲੰਗੜੋਆ ਵਿਖੇ ਫੁੱਟਬਾਲ ਟੂਰਨਾਮੈਂਟ ਦਾ ਆਖਰੀ ਦਿਨ ਸੀ ਤੇ ਫਾਈਨਲ ਮੁਕਾਬਲਾ ਪਿੰਡ ਲੰਗੜੋਆ ਅਤੇ ਰੁੜਕੀ ਖਾਸ ’ਚ ਹੋਣਾ ਸੀ ਪਰ ਰਵਿੰਦਰ ਸਿੰਘ ਦੀ ਮੌਤ ਸੁਣਦੇ ਹੀ ਦੋਨਾਂ ਟੀਮਾਂ ਵੱਲੋਂ ਟੂਰਨਾਮੈਂਟ ਕਮੇਟੀ ਤੇ ਐੱਨਆਰਆਈ ਵੀਰਾਂ ਤੇ ਪਿੰਡ ਦੀ ਪੰਚਾਇਤ ਵੱਲੋ ਹਮਦਰਦੀ ਜਿਤਾਉਂਦੇ ਹੋਏ ਮੈਚ ਨਾ ਖੇਡਣ ਦਾ ਫੈਸਲਾ ਕੀਤਾ ਅਤੇ ਨਾਲ ਹੀ ਇਹ ਫੈਸਲਾ ਕੀਤਾ ਕਿ ਮੁਕਾਬਲੇ ਦੀ ਇਨਾਮੀ ਰਾਸ਼ੀ ਵੀ ਉਸ ਖਿਡਾਰੀ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ। ਪਿੰਡ ਦੀ ਪੰਚਾਇਤ ਅਤੇ ਟੂਰਨਾਮੈਂਟ ਕਮੇਟੀ ਵੱਲੋਂ ਖਿਡਾਰੀ ਦੇ ਪਿੰਡ ਮਜਾਰੀ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਇਨਾਮੀ ਰਾਸ਼ੀ ਜਿਸ ਵਿਚ ਮਹਿਲ ਗਹਿਲਾ ਦੀ ਟੀਮ ਅਤੇ ਲੰਗੜੋਆ ਦੀ ਬੀ ਟੀਮ ਵੱਲੋਂ ਵੀ ਜਿੱਤੀ ਇਨਾਮੀ ਰਾਸ਼ੀ ਪਰਿਵਾਰ ਨੂੰ ਭੇਂਟ ਕੀਤੀ। ਜੋ 1.48 ਲੱਖ ਰੁਪਏ ਬਣਦੀ ਸੀ। ਸਰਪੰਚ ਗੁਰਦੇਵ ਸਿੰਘ ਪਾਬਲਾ ਨੇ ਕਿਹਾ ਕਿ ਰਵਿੰਦਰ ਸਿੰਘ ਇਕ ਬਹੁਤ ਵਧੀਆ ਖਿਡਾਰੀ ਸੀ। ਜਿਸਦੀ ਸਾਡੇ ਪਿੰਡ ਦੇ ਖਿਡਾਰੀਆਂ ਨਾਲ ਵੀ ਬਹੁਤ ਸਾਂਝ ਸੀ। ਉਸ ਦੇ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਨਾਲ ਹੀ ਇਲਾਕੇ ਨੇ ਵੀ ਇਕ ਹੋਣਹਾਰ ਖਿਡਾਰੀ ਗੁਆ ਲਿਆ ਹੈ। ਇਸ ਮੌਕੇ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ, ਸੈਕਟਰੀ ਮੋਹਣ ਸਿੰਘ, ਵਾਈਸ ਪ੍ਰਧਾਨ ਬਲਦੇਵ ਸਿੰਘ, ਸੋਹਣ ਸਿੰਘ ਸੂਬੇਦਾਰ, ਰਛਪਾਲ ਸਿੰਘ, ਨਿਰਮਲ ਸਿੰਘ ਜੇਈ, ਗ੍ਰਾਮ ਸਭਾ ਚੇਅਰਮੈਨ ਅਵਤਾਰ ਬਾਲੀ, ਗ੍ਰਾਮ ਸਭਾ ਪ੍ਰਧਾਨ ਗੁਰਸ਼ਰਨ ਸਿੰਘ, ਹਰਪਾਲ ਸਿੰਘ ਗਿੱਲ ਮਜਾਰੀ ਤੇ ਪਿੰਡ ਵਾਸੀ ਹਾਜ਼ਰ ਸਨ।