ਕੇਵੀਕੇ ਵੱਲੋਂ ਕਣਕ ਦੀਆਂ ਕੁੰਗੀਆਂ ਸਬੰਧੀ ਕਰਵਾਈ ਕਿਸਾਨ-ਸਾਇੰਸਦਾਨ ਗੋਸ਼ਟੀ
ਕੇਵੀਕੇ ਵੱਲੋਂ ਕਣਕ ਦੀਆਂ ਕੁੰਗੀਆਂ ਸੰਬੰਧੀ ਕਰਵਾਈ ਕਿਸਾਨ-ਸਾਇੰਸਦਾਨ ਗੋਸ਼ਟੀ
Publish Date: Tue, 20 Jan 2026 04:43 PM (IST)
Updated Date: Wed, 21 Jan 2026 04:04 AM (IST)

ਪ੍ਰਦੀਪ ਭਨੋਟ,ਪੰਜਾਬੀ ਜਾਗਰਣ, ਨਵਾਂਸ਼ਹਿਰ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵੱਲੋਂ ਕਣਕ ਦੀਆਂ ਕੁੰਗੀਆਂ ਬਾਬਤ ਕਿਸਾਨ-ਸਾਇੰਸਦਾਨ ਗੋਸ਼ਟੀ ਦਾ ਆਯੋਜਨ ਕੀਤਾ। ਜਿਸ ਵਿਚ ਕੇਵੀਕੇ ਦੇ ਪ੍ਰਮੁੱਖ ਡਾ. ਪ੍ਰਦੀਪ ਕੁਮਾਰ ਨੇ ਕਿਸਾਨ ਵੀਰਾਂ ਨੂੰ ਫ਼ਸਲਾਂ ਦੀਆਂ ਬਿਮਾਰੀਆਂ ਖਾਸ ਕਰਕੇ ਕਣਕ ਦੀਆਂ ਕੁੰਗੀਆਂ ਦੀ ਸਹੀ ਪਹਿਚਾਣ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਡਾ. ਬਲਜੀਤ ਸਿੰਘ ਸਹਾਇਕ ਪ੍ਰੋ. ਕੀਟ ਵਿਗਿਆਨ ਨੇ ਕਣਕ ਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਕੀੜਿਆਂ ਦੀ ਸਰਵਪੱਖੀ ਰੋਕਥਾਮ ਬਾਰੇ ਵਿਸਥਾਰ ਨਾਲ ਦੱਸਿਆ। ਗੋਸ਼ਟੀ ਦੌਰਾਨ ਪੀਲੀ ਕੁੰਗੀ ਦੀ ਰੋਕਥਾਮ ਦੇ ਜ਼ਰੂਰੀ ਪਹਿਲੂ ਵੀ ਮਾਹਿਰਾਂ ਨੇ ਸਾਂਝੇ ਕੀਤੇ। ਉਨ੍ਵਾਂ ਦੱਸਿਆ ਕਿ ਬਿਮਾਰੀ ਨਜ਼ਰ ਆਉਣ ਤੇ 300 ਗ੍ਰਾਮ ਤਾਕਤ 75 ਡਬਲਯੂਪੀ ਜਾਂ 200 ਗ੍ਰਾਮ ਕੈਵੀਅਟ 25 ਡਬਲਯੂਜੀ ਜਾਂ 120 ਗ੍ਰਾਮ ਨਟੀਵੋ 75 ਡਬਲਯੂਜੀ ਜਾਂ 200 ਮਿਲੀਲਿਟਰ ਅੰਮਪੈਕਟ ਐਕਸਟਰਾ ਜਾਂ 200 ਮਿਲੀਲਿਟਰ ਉਪੇਰਾ 18.3 ਐਸਈ ਜਾਂ 200 ਮਿਲੀਲਿਟਰ ਕਸਟੋਡੀਆ 320 ਐਸਸੀ ਜਾਂ 200 ਮਿਲੀਲਿਟਰ ਟਿਲਟ 25 ਈਸੀ/ ਸ਼ਾਈਨ 25 ਈਸੀ/ਬੰਪਰ 25 ਈਸੀ/ਸਟਿਲਟ 25 ਈਸੀ/ਕੰਪਾਸ 25 ਈਸੀ/ਮਾਰਕਜ਼ੋਲ 25 ਈਸੀ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰਨਾ ਚਾਹੀਦਾ ਹੈ। ਬਿਮਾਰੀ ਦੀ ਸ਼ੁਰੂਆਤ ਵਿਚ ਪੀਲੀ ਕੁੰਗੀ ਦੇ ਹਮਲੇ ਵਾਲੀਆਂ ਧੌੜੀਆਂ ਤੇ ਹੀ ਉੱਲੀਨਾਸ਼ਕਾਂ ਦਾ ਛਿੜਕਾਅ ਕਰਨ ਦੀ ਲੋੜ ਹੈ। ਬਿਮਾਰੀ ਬਾਰੇ ਸਮੇਂ ਸਿਰ ਜਾਣਕਾਰੀ ਲਈ ਖੇਤਾਂ ਦਾ ਲਗਾਤਾਰ ਸਰਵੇਖਣ ਕਰਨਾ ਚਾਹੀਦਾ ਹੈ ਅਤੇ ਲੋੜ ਪੈਣ ਤੇ ਇਹ ਛਿੜਕਾਅ ਫਿਰ ਦੁਹਰਾਉਣਾ ਚਾਹੀਦਾ ਹੈ ਤਾਂ ਜੋ ਟੀਸੀ ਵਾਲਾ ਪੱਤਾ ਬਿਮਾਰੀ ਰਹਿਤ ਰਹੇ।।ਅੰਤ ਵਿਚ ਮਾਹਿਰਾਂ ਵੱਲੋਂ ਕਣਕ ਦੀ ਪੀਲੀ ਕੁੰਗੀ ਬਾਰੇ ਨਿਰੀਖਣ ਕੀਤਾ ਗਿਆ।।ਮਾਹਿਰਾਂ ਵੱਲੋਂ ਕਿਸਾਨਾਂ ਨੂੰ ਮੌਕੇ ਤੇ ਬਿਮਾਰੀ ਦੀਆਂ ਨਿਸ਼ਾਨੀਆਂ ਦੀ ਪਹਿਚਾਣ ਕਰਨੀ ਦੱਸੀ ਗਈ ਅਤੇ ਇਸ ਦੀ ਰੋਕਥਾਮ ਲਈ ਨਾਲ ਹੀ ਉੱਲੀਨਾਸ਼ਕ ਦਾ ਛਿੜਕਾਅ ਸਿਫ਼ਾਰਸ਼ ਕੀਤਾ ਗਿਆ।