26 ਲੱਖ ਨਾਲ ਬਣੇਗੀ ਕੁਲਾਮ ਰੋਡ ਦੀ ਸੜਕ : ਕੌਂਸਲਰ ਖ਼ਾਲਸਾ
26 ਲੱਖ ਦੀ ਲਾਗਤ ਨਾਲ ਬਣੇਗੀ ਕੁਲਾਮ ਰੋਡ ਦੀ ਸੜਕ-ਕੌਂਸਲਰ ਪਰਮ ਸਿੰਘ ਖ਼ਾਲਸਾ
Publish Date: Mon, 19 Jan 2026 05:47 PM (IST)
Updated Date: Tue, 20 Jan 2026 04:10 AM (IST)

ਕੁਲਾਮ ਰੋਡ ਦੇ ਸੀਵਰੇਜ ਨੂੰ ਚੰਡੀਗੜ੍ਹ ਰੋਡ ਨਾਲ ਜੋੜਣ ਨੂੰ ਨਹੀਂ ਮਿਲੀ ਮਨਜ਼ੂਰੀ ਪ੍ਰਦੀਪ ਭਨੋਟ, ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਨਗਰ ਕੌਂਸਲ ਨਵਾਂਸ਼ਹਿਰ ਵੱਲੋਂ ਕੁਲਾਮ ਰੋਡ ਦੀ ਉਸਾਰੀ ਦਾ ਕੰਮ ਸ਼ੁਰੂ ਕਰਦਿਆਂ ਜੇਸੀਬੀ ਮਸ਼ੀਨ ਰਾਹੀਂ ਸੜਕ ਦੀ ਪੁਟਾਈ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਕੌਂਸਲਰ ਪਰਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਇਸ ਸੜਕ ਦੀ ਉਸਾਰੀ ਤੇ ਕਰੀਬ 26 ਲੱਖ ਰੁਪਏ ਖਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਤੇ ਦੁਕਾਨਦਾਰਾਂ ਦੀ ਮੰਗ ਨੂੰ ਦੇਖਦਿਆਂ ਇਸ ਖਸਤਾਹਾਲ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਉਸਾਰੀ ਸਮੇਂ ਸੜਕ ਦੇ ਉੱਚੀ ਹੋਣ ਤੇ ਲੋਕਾਂ ਦੇ ਘਰਾਂ ਤੇ ਦੁਕਾਨਾਂ ਦਾ ਪੱਥਰ ਨੀਵਾਂ ਹੋਣ ਕਾਰਨ ਹੋਣ ਵਾਲੀ ਪਰੇਸ਼ਾਨੀ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਸੜਕ ਦੀ ਪੁਟਾਈ ਕਰ ਕੇ ਇਸ ਥਾਂ ਤੇ ਹੀ 80ਐੱਮਐੱਮ ਦੇ ਇੰਟਰਲਾਕ ਨੂੰ ਲਾਉਣ ਦਾ ਪ੍ਰਬੰਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਉਸਾਰੀ ਮਹਾਸ਼ਿਵਰਾਤਰੀ ਤੋਂ ਪਹਿਲਾ ਸ਼ਿਵ ਮੰਦਰ ਕੱਚਾ ਟੋਬਾ ਤੱਕ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਹੱਲੇ ਦੀਆਂ ਗਲੀਆਂ ਨਾਲੀਆਂ ਦਾ ਕੰਮ ਪਹਿਲਾਂ ਹੀ ਕਰਵਾਇਆ ਜਾ ਚੁੱਕਿਆ ਹੈ, ਜਿਸ ਕਾਰਨ ਇਸ ਕੰਮ ਨੂੰ ਛੇੜਿਆ ਨਹੀਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਉਸਾਰੀ ਦੇ ਨਾਲ-ਨਾਲ ਬਾਰਿਸ਼ ਦੇ ਪਾਣੀ ਦੀ ਨਿਕਾਸੀ ਸੀਵਰੇਜ ’ਚ ਕਰਵਾਉਣ ਦੇ ਵੀ ਯੋਗ ਪ੍ਰਬੰਧ ਕਰਵਾਏ ਜਾ ਰਹੇ ਹਨ ਤਾਂ ਜੋ ਉਕਤ ਸੜਕ ’ਤੇ ਖੜ੍ਹੇ ਹੋਣ ਵਾਲੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਬਿਨਾਂ ਕਿਸੇ ਰੁਕਾਵਟ ਦੇ ਹੋ ਸਕੇ। ਬਾਕਸ ਸੜਕ ਦੀ ਉਸਾਰੀ ਕਾਰਨ ਘਰਾਂ ਤੇ ਦੁਕਾਨਾਂ ਦੀਆਂ ਪਾਈਪਾਂ ਟੁੱਟੀਆਂ ਉਧਰ ਕੁਲਾਮ ਰੋਡ ’ਤੇ ਸੜਕ ਦੀ ਉਸਾਰੀ ਦਾ ਕੰਮ ਜੇਸੀਬੀ ਨਾਲ ਸ਼ੁਰੂ ਕਰਨ ਕਾਰਨ ਪਾਣੀ ਦੀ ਪਾਈਪਾਂ ਤੇ ਨਾਲੀਆਂ ਦੇ ਟੁੱਟਣ ਤੇ ਦੁਕਾਨਾਂ ਦੀਆਂ ਥੜ੍ਹੀਆਂ ਟੁੱਟਣ ਕਾਰਨ ਦੁਕਾਨਦਾਰਾਂ ਦੀਆਂ ਪਰੇਸ਼ਾਨੀਆਂ ਵੱਧਦੀਆਂ ਜਾ ਰਹੀਆਂ ਹਨ। ਦੁਕਾਨਦਾਰਾਂ ਤੇ ਸਥਾਨਕ ਲੋਕਾਂ ਨੇ ਕਿਹਾ ਕਿ ਜਿਸ ਤਰ੍ਹਾਂ ਰੇਲਵੇ ਰੋਡ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰ ਕੇ ਹੁਣ ਜੂੰ ਦੀ ਚਾਲੇ ਚੱਲ ਰਿਹਾ ਹੈ। ਉਸ ਤਰ੍ਹਾਂ ਦਾ ਕੰਮ ਕੁਲਾਮ ਰੋਡ ’ਤੇ ਨਾ ਕਰਵਾਇਆ ਜਾਵੇ ਤਾਂ ਜੋ ਰੇਲਵੇ ਰੋਡ ਦੇ ਦੁਕਾਨਦਾਰਾਂ ਤੇ ਸਥਾਨਕ ਲੋਕਾਂ ਵਾਂਗ ਕੁਲਾਮ ਰੋਡ ਦੇ ਦੁਕਾਨਦਾਰਾਂ ਤੇ ਸਥਾਨਕ ਲੋਕਾਂ ਨੂੰ ਪਰੇਸ਼ਾਨੀ ਨਾ ਝੱਲਣੀ ਪਵੇ। ਲੋਕਾਂ ਨੇ ਕੁਲਾਮ ਰੋਡ ਦੀ ਉਸਾਰੀ ਦਾ ਕੰਮ ਸਮੇਂ ਸਿਰ ਪੂਰਾ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ। ਉਧਰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਲਾਮ ਰੋਡ ਦੇ ਸੀਵਰੇਜ ਨੂੰ ਚੰਡੀਗੜ੍ਹ ਰੋਡ ਦੇ ਸੀਵਰੇਜ ਨਾਲ ਜੋੜਣ ਦੇ ਕੰਮ ਨੂੰ ਕਰਵਾਉਣ ਲਈ ਨਗਰ ਕੌਂਸਲ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਪੱਤਰ ਨੂੰ ਹਾਲੇ ਮਨਜ਼ੂਰੀ ਨਹੀਂ ਮਿਲੀ ਹੈ, ਜਦਕਿ ਕੁਲਾਮ ਰੋਡ ਦੀ ਉਸਾਰੀ ਦੇ ਕੰਮ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਕਾਰਨ ਬਰਸਾਤ ਦੇ ਦਿਨਾਂ ’ਚ ਕੁਲਾਮ ਰੋਡ ’ਤੇ ਖੜ੍ਹੇ ਹੋਣ ਵਾਲੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੰਮ ਹਾਲੇ ਜਸ ਦਾ ਤਸ ਦੀ ਜਾਪ ਰਿਹਾ ਹੈ। ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੁਲਾਮ ਰੋਡ ਦੇ ਸੀਵਰੇਜ ਨੂੰ ਚੰਡੀਗੜ੍ਹ ਰੋਡ ਦੇ ਸੀਵਰੇਜ ਨਾਲ ਜੋੜਣ ਦਾ ਕੰਮ ਜੰਗੀ ਪੱਧਰ ’ਤੇ ਕਰਵਾਇਆ ਜਾਵੇ ਤਾਂ ਜੋ ਕੁਲਾਮ ਰੋਡ ਦੇ ਲੋਕਾਂ ਦੀ ਪਰੇਸ਼ਾਨੀ ਜੜ੍ਹ ਤੋਂ ਖਤਮ ਹੋ ਸਕੇ। ਬਾਕਸ-- ਕੀ ਕਹਿੰਦੇ ਹਨ ਕਾਂਗਰਸੀ ਆਗੂ ਤੇ ਉਮੀਦਵਾਰ ਪ੍ਰਦੀਪ ਚਾਂਦਲਾ? ਕਾਂਗਰਸੀ ਆਗੂ ਤੇ ਉਮੀਦਵਾਰ ਪ੍ਰਦੀਪ ਚਾਂਦਲਾ ਨੇ ਦੱਸਿਆ ਕਿ ਨਵਾਂਸ਼ਹਿਰ ਤੋਂ ਕੁਲਾਮ ਰੋਡ ਵਾਲੀ ਸੜਕ ਰਾਹੀਂ ਨਵਾਂਸ਼ਹਿਰ ਤੋਂ ਸੜੋਆ ਤੱਕ ਤੇ ਹੋਰਨਾਂ ਵੱਖ-ਵੱਖ ਪਿੰਡਾਂ ਨੂੰ ਜਾਣ ਵਾਲੇ ਭਾਰੀ ਟ੍ਰੈਫਿਕ, ਜਿਵੇਂ ਬੱਸ, ਟਰੱਕ, ਟਿੱਪਰ ਸਮੇਤ ਹੋਰ ਵਾਹਨਾਂ ਦੇ ਲਾਂਘੇ ਨੂੰ ਦੇਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹੈਵੀ ਟ੍ਰੈਫਿਕ ਨੂੰ ਦੇਖਦਿਆਂ ਇਸ ਥਾਂ ’ਤੇ ਇੰਟਰਲਾਕ ਸੜਕ ਦੀ ਥਾਂ ਲੁੱਕ ਵਾਲੇ ਪਲਾਂਟ ਚੱਲਣ ’ਤੇ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਪਲਾਂਟ ਮਾਰਚ ਤੇ ਅਪ੍ਰੈਲ ਮਹੀਨੇ ਚੱਲਣੇ ਸ਼ੁਰੂ ਹੋ ਜਾਂਦੇ ਹਨ। ਉਦੋਂ ਤੱਕ ਨਗਰ ਕੌਂਸਲ ਨੂੰ ਇੰਤਜ਼ਾਰ ਕਰਨਾ ਚਾਹੀਦਾ ਸੀ ਪਰ ਇਹ ਕੰਮ ਸ਼ੁਰੂ ਕਰ ਕੇ ਉਨ੍ਹਾਂ ਨੇ ਵੱਡੀ ਗਲਤੀ ਕੀਤੀ ਹੈ, ਕਿਉਂਕਿ ਹੈਵੀ ਟ੍ਰੈਫਿਕ ਕਾਰਨ ਇੰਟਰਲਾਕ ਸੜਕਾਂ ਦਾ ਕਚੂਮਰ ਨਿਕਲ ਜਾਣਾ ਹੈ ਤੇ ਵਾਰ-ਵਾਰ ਸੜਕ ਟੁੱਟਣ ਲੋਕਾਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਨਿਜਾਤ ਮਿਲਣੀ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਉਸਾਰੀ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦੀ ਲੀਕੇਜ ਨੂੰ ਰੋਕਣ ਤੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਦੇ ਨਾਲ-ਨਾਲ ਬਰਸਾਤ ਦੇ ਦਿਨਾਂ ’ਚ ਸੜਕਾਂ ’ਤੇ ਖੜ੍ਹੇ ਹੋਣ ਵਾਲੇ ਪਾਣੀ ਦੀ ਨਿਕਾਸੀ ਵੱਲ ਵੀ ਬਣਦਾ ਗੌਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਹੋਣ ਵਾਲੇ ਹਰੇਕ ਤਰ੍ਹਾਂ ਦੀ ਪਰੇਸ਼ਾਨੀ ਤੋਂ ਨਿਜਾਤ ਮਿਲ ਸਕੇ। ਬਾਕਸ ਕੀ ਕਹਿੰਦੇ ਹਨ ਕੌਂਸਲਰ ਪ੍ਰਵੀਨ ਭਾਟੀਆ? ਕਾਂਗਰਸੀ ਕੌਂਸਲਰ ਪ੍ਰਵੀਨ ਭਾਟੀਆ ਦਾ ਕਹਿਣਾ ਹੈ ਕਿ ਕੁਲਾਮ ਰੋਡ ’ਤੇ ਬਰਸਾਤ ਦੇ ਦਿਨਾਂ ’ਚ ਪਾਣੀ ਖੜ੍ਹਨ ਦੀ ਸਮੱਸਿਆ ਕਾਰਨ ਪੁਰੇਵਾਲ ਹਸਪਤਾਲ ਤੋਂ ਲੈ ਕੇ ਸ਼ਿਵ ਮੰਦਰ ਕੱਚਾ ਟੋਬਾ ਤੱਕ ਬਰਸਾਤੀ ਪਾਣੀ ਦੇ ਖੜ੍ਹੇ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਇਸ ਕਾਰਨ ਬਾਰਿਸ਼ ਦੇ ਪਾਣੀ ਦੇ ਨਾਲ-ਨਾਲ ਸੀਵਰੇਜ ਦਾ ਪਾਣੀ ਵੀ ਲੋਕਾਂ ਦੇ ਘਰਾਂ ’ਚ ਜਾਣ ਕਾਰਨ ਬਦਬੂ ਭਰਿਆ ਮਾਹੌਲ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੁਲਾਮ ਰੋਡ ਨੂੰ ਚੰਡੀਗੜ੍ਹ ਰੋਡ ਦੇ ਸੀਵਰੇਜ ਨਾਲ ਜੋੜਣ ਦੇ ਉਪਰਾਲੇ ਕਰਨ ਨੂੰ ਮਨਜ਼ੂਰੀ ਦੇ ਕੇ ਹੀ ਇਸ ਮਸਲੇ ਦਾ ਸਹੀ ਹੱਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੜਕ ਦੀ ਉਸਾਰੀ ਤੋਂ ਪਹਿਲਾ ਇਸ ਕੰਮ ਨੂੰ ਮਨਜ਼ੂਰੀ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕੁਲਾਮ ਰੋਡ ਦੇ ਲੋਕਾਂ ਦੀ ਮੰਗ ਨੂੰ ਨਜ਼ਰਅੰਦਾਜ ਕੀਤਾ ਤਾਂ ਮਜਬੂਰਨ ਉਨ੍ਹਾਂ ਨੂੰ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਧਰਨੇ ’ਤੇ ਬੈਠਣ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੜਕਾਂ ਦੀ ਉਸਾਰੀ ਦੇ ਨਾਲ-ਨਾਲ ਇਲਾਕੇ ਦੀਆਂ ਸਾਰੀਆਂ ਗਲੀਆਂ-ਨਾਲੀਆਂ ਦੀ ਉਸਾਰੀ ਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਯੋਗ ਹੱਲ ਬਾਰੇ ਬਣਦਾ ਗੌਰ ਕੀਤਾ ਜਾਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਕੰਮਾਂ ’ਚ ਕੋਈ ਕੁਤਾਹੀ ਵਰਤੀ ਜਾਂਦੀ ਹੈ ਤਾਂ ਉਹ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਸੜਕ ਦੀ ਉਸਾਰੀ ਦਾ ਕੰਮ ਰੋਕਣ ਤੇ ਧਰਨੇ ਦੇਣ ਤੋਂ ਪਿੱਛੇ ਨਹੀਂ ਹੱਟਣਗੇ। ਉਨ੍ਹਾਂ ਕਿਹਾ ਕਿ ਕੁਲਾਮ ਰੋਡ ਦਾ ਸੀਵਰੇਜ ਬਹੁਤ ਹੀ ਨੀਵਾਂ ਹੋਣ ਦੇ ਬਾਵਜੂਦ ਇਸ ਥਾਂ ’ਤੇ ਪਾਣੀ ਦੇ ਖੜ੍ਹੇ ਹੋਣ ਦੀ ਸਮੱਸਿਆ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਤੇ ਕੁਲਾਮ ਰੋਡ ਤੋਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਕਰਵਾਉਣੇ ਜ਼ਰੂਰੀ ਹਨ।