ਭੱਠਾ ਮਜ਼ਦੂਰ 22 ਦੀ ਲੁਧਿਆਣਾ ਰੈਲੀ 'ਚ ਕਰਨਗੇ ਸ਼ਮੂਲੀਅਤ
ਭੱਠਾ ਮਜ਼ਦੂਰਾਂ ਕਰਨਗੇ 22 ਮਾਰਚ ਦੀ ਲੁਧਿਆਣਾ ਰੈਲੀ 'ਚ ਸ਼ਮੂਲੀਅਤ
Publish Date: Wed, 11 Mar 2026 04:31 PM (IST)
Updated Date: Thu, 12 Mar 2026 04:01 AM (IST)

ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ : ਇੰਡੀਅਨ ਫੇਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਅਤੇ ਹੋਰ ਜਥੇਬਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ 22 ਮਾਰਚ ਨੂੰ ਸਬਜੀ ਮੰਡੀ ਲੁਧਿਆਣਾ ਵਿਖੇ ਕੀਤੀ ਜਾ ਰਹੀ ਰੈਲੀ ਅਤੇ ਮੁਜਾਹਰੇ ਦੀ ਤਿਆਰੀ ਲਈ ਭੱਠਾ ਵਰਕਰ ਯੂਨੀਅਨ (ਇਫਟੂ) ਦੀ ਇਲਾਕੇ ਦੀ ਆਗੂ ਟੀਮ ਦੀ ਪਿੰਡ ਸੋਇਤਾ ਵਿਖੇ ਮੀਟਿੰਗ ਕੀਤੀ। ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਸਕੱਤਰ ਅਵਤਾਰ ਸਿੰਘ ਤਾਰੀ, ਜ਼ਿਲ੍ਹਾ ਪ੍ਰਧਾਨ ਗੁਰਦਿਆਲ ਰੱਕੜ ਨੇ ਕਿਹਾ ਕਿ ਇਹ ਰੈਲੀ ਅਤੇ ਮੁਜ਼ਾਹਰਾ ਚਾਰ ਲੇਬਰ ਕੋਡ ਰੱਦ ਕਰਵਾਉਣ, ਮਗਨਰੇਗਾ ਕਾਨੂੰਨ ਨੂੰ ਬਹਾਲ ਕਰਾਉਣ, ਬਿਜਲੀ ਸੋਧ ਬਿੱਲ 2025 ਵਾਪਿਸ ਕਰਵਾਉਣ, ਮਿੱਡ ਡੇਅ ਮੀਲ, ਆਸ਼ਾ ਵਰਕਰਾਂ ਸਮੇਤ ਕੱਚੇ ਕਾਮਿਆਂ ਨੂੰ ਪੱਕੇ ਕਰਨ, ਹਰ ਮਜ਼ਦੂਰ ਨੂੰ ਪੱਕਾ ਰੁਜ਼ਗਾਰ ਅਤੇ ਘੱਟੋ ਘੱਟ ਉਜਰਤ ਪ੍ਰਤੀ ਮਹੀਨਾ 26000 ਰੂਪਏ ਕਰਨ ਆਦਿ ਦੀ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਤੇ ਦੇਸ਼ੀ ਵਿਦੇਸ਼ੀ ਸਰਮਾਏਦਾਰਾਂ ਨੂੰ ਖੁਸ਼ ਕਰਨ ਲਈ ਮਜ਼ਦੂਰਾਂ ਤੋਂ ਯੂਨੀਅਨ ਬਣਾਉਣ ਤੇ ਸੰਘਰਸ਼ ਕਰਨ ਵਰਗੇ ਜਮਹੂਰੀ ਹੱਕ ਖੋਹਣ ਲਈ ਕੇਂਦਰ ਸਰਕਾਰ ਮਜ਼ਦੂਰ ਪੱਖੀ 29 ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ 4 ਲੇਬਰ ਕੋਡ ਲੈ ਕੇ ਆਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਨ੍ਹਾਂ ਚਾਰ ਲੇਬਰ ਕੋਡਾਂ ਨੂੰ 1 ਅਪ੍ਰੈਲ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਅਤੇ ਕੇਂਦਰ ਸਰਕਾਰ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਣ ਲਈ ਮਗਨਰੇਗਾ ਕਾਨੂੰਨ ਖ਼ਤਮ ਕਰਕੇ ਵਿਕਸਤ ਭਾਰਤ ਜੀ ਰਾਮ ਜੀ ਉੱਪਰ ਅਮਲ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੇਬਰ ਕੋਡ ਲਾਗੂ ਹੋਣ ਨਾਲ ਮਜ਼ਦੂਰਾਂ ਕੋਲ ਆਪਣੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਅਤੇ ਪ੍ਰਾਪਤ ਕਰਨ ਲਈ ਯੂਨੀਅਨ ਬਣਾਉਣ ਅਤੇ ਸੰਘਰਸ਼ ਕਰਨ ਦਾ ਜਮਹੂਰੀ ਅਧਿਕਾਰ ਖ਼ਤਮ ਹੋ ਜਾਵੇਗਾ। ਕੰਮ ਦਾ ਮਿਹਨਤਾਨਾ ਵਧਾਉਣ ਦੀ ਥਾਂ ਕੰਮ ਘੰਟੇ 8 ਤੋਂ 12 ਘੰਟੇ ਦੀ ਦਿਹਾੜੀ ਹੋਵੇਗੀ। ਆਗੂਆਂ ਨੇ ਆਪਣੇ ਜਮਹੂਰੀ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਲਈ ਮਜ਼ਦੂਰ ਵਿਰੋਧੀ ਇਹਨਾਂ ਲੇਬਰ ਕੋਡਾ ਨੂੰ ਰੱਦ ਕਰਵਾਉਣ ਲਈ ਇਸ ਮੁਜ਼ਾਹਰੇ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਭੱਠਾ ਮਜ਼ਦੂਰਾਂ ਨੇ ਲੁਧਿਅਣਾ ਰੈਲੀ ਵਿਚ ਹੁੰਮ ਹੁਮਾ ਕੇ ਪਹੁੰਚਣ ਦਾ ਭਰੋਸਾ ਦਿੱਤਾ।