ਕੇਸੀ ਸਕੂਲ ਦੇ ਬੱਚਿਆਂ ਨੇ ਧਰਤੀ ਦਿਵਸ 'ਤੇ ਰੁੱਖ ਲਗਾਏ
ਕੇਸੀ ਸਕੂਲ ਦੇ ਬੱਚਿਆਂ ਨੇ ਧਰਤੀ ਦਿਵਸ 'ਤੇ ਰੁੱਖ ਲਗਾਏ
Publish Date: Wed, 22 Apr 2026 06:56 PM (IST)
Updated Date: Wed, 22 Apr 2026 06:58 PM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਵਿਸ਼ਵ ਧਰਤੀ ਦਿਵਸ ਤੇ ਕੇਸੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਵਾਤਾਵਰਣ ਬਚਾਉਣ ਤੇ ਧਰਤੀ ਨੂੰ ਸੁੰਦਰ ਰੱਖਣ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਵਿਚ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲਿਆ। ਗਰੁੱਪ ਸੀਈਓ ਅਸ਼ਵਨੀ ਦੱਤਾ ਤੇ ਸਕੂਲ ਪ੍ਰਿੰ. ਰੰਜਨਾ ਖੰਨਾ ਦੀ ਦੇਖ-ਰੇਖ ਚ ਵਿਦਿਆਰਥੀ ਹਰਾ ਭੋਜਨ ਤੇ ਹਰੇ ਕੱਪੜੇ ਪਾ ਕੇ ਸਕੂਲ ਪੁੱਜੇ। ਸਕੂਲ ਦੇ ਹਰੇਕ ਹਾਊਸ, ਇਮਰਾਲਡ, ਰੂਬੀ, ਟੋਪਾਜ ਤੇ ਸੈਫਾਇਰ ਹਾਊਸ ਦੇ 250 ਤੋਂ ਵੱਧ ਬੱਚਿਆਂ ਨੇ ਲਗਭਗ 50 ਵੱਖ-ਵੱਖ ਕਿਸਮਾਂ ਦੇ ਰੁੱਖ ਲਗਾਏ ਤੇ ਉਨ੍ਹਾਂ ਦੀ ਰੱਖਿਆ ਕਰਨ ਤੇ ਧਰਤੀ ਨੂੰ ਸੁੰਦਰ ਰੱਖਣ ਦਾ ਪ੍ਰਣ ਲਿਆ। ਬੱਚਿਆਂ ਨੇ ਲੋਕਾਂ ਨੂੰ ਕੂੜਾ ਸੁੱਟਣ ਤੋਂ ਰੋਕਣ ਲਈ ਉਤਸ਼ਾਹਿਤ ਕਰਨ ਲਈ ਸਕੂਲ ਵਿਚ ਇਕ ਰੈਲੀ ਵੀ ਕੱਢੀ। ਸੀਈਓ ਅਸ਼ਵਨੀ ਦੱਤਾ ਨੇ ਦੱਸਿਆ ਕਿ ਵਿਸ਼ਵ ਧਰਤੀ ਦਿਵਸ ਜੀਵਨ ਦੇ ਸਰੋਤਾਂ ਨੂੰ ਬਚਾਉਣ ਤੇ ਇਕ ਸਿਹਤਮੰਦ ਵਾਤਾਵਰਣ ਬਣਾਈ ਰੱਖਣ ਬਾਰੇ ਜਾਗਰੂਕਤਾ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਵਧਦੀ ਆਬਾਦੀ ਨੇ ਕੁਦਰਤੀ ਸਰੋਤਾਂ ਤੇ ਬੇਲੋੜਾ ਬੋਝ ਪਾਇਆ ਹੈ, ਜਿਸ ਨਾਲ ਸਰੋਤਾਂ ਦੀ ਸਹੀ ਵਰਤੋਂ ਲਈ ਧਰਤੀ ਦਿਵਸ ਵਰਗੇ ਪ੍ਰੋਗਰਾਮਾਂ ਦੀ ਮਹੱਤਤਾ ਵਧ ਗਈ ਹੈ। ਜੇਕਰ ਅੱਜ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਉਹ ਭਵਿੱਖ ਵਿਚ ਵਾਤਾਵਰਣ ਪ੍ਰੇਮੀ ਬਣ ਜਾਣਗੇ ਤੇ ਧਰਤੀ ਨੂੰ ਬਚਾ ਸਕਣਗੇ। ਹੈੱਡ ਮਾਸਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲਾਕ ਡਾਊਨ ਕਾਰਨ ਧਰਤੀ ਦੀਆਂ ਵਾਈਬ੍ਰੇਸ਼ਨਾਂ ਚ 30 ਤੋਂ 50 ਫੀਸਦੀ ਕਮੀ ਆਈ ਹੈ। ਓਜ਼ੋਨ ਪਰਤ ਚ ਸੁਧਾਰ, ਪ੍ਰਦੂਸ਼ਣ ਘਟਾਉਣ ਤੇ ਨਦੀਆਂ ਦੇ ਪੱਧਰ ਤੋਂ ਧਰਤੀ ਨੂੰ ਬਹੁਤ ਫਾਇਦਾ ਹੋਇਆ ਹੈ। ਹਾਊਸ ਦੇ ਪ੍ਰਮੁੱਖ ਰਾਜਵੀਰ ਕੌਰ, ਹਰਦੀਪ ਸੰਧੂ, ਹਿਨਾ ਖੰਨਾ ਅਤੇ ਮੋਨਿਕਾ ਸ਼ਰਮਾ ਨੇ ਦੱਸਿਆ ਕਿ ਰੁੱਖ ਲਗਾ ਕੇ ਬੱਚਿਆਂ ਨੇ ਰੁੱਖ ਲਗਾਓ, ਧਰਤੀ ਬਚਾਓ ਦਾ ਸੰਦੇਸ਼ ਦਿੱਤਾ ਜੋ ਕੱਲ੍ਹ ਸਾਡੇ ਵਾਤਾਵਰਣ ਦੀ ਰੱਖਿਆ ਵਿਚ ਮਦਦ ਕਰੇਗਾ।