- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣਾ ਜ਼ਰੂਰੀ

ਆਪ ਸਰਕਾਰ ਵੱਲੋਂ ਨਸ਼ੇ ਦੀ ਰੋਕਥਾਮ ਲਈ ਦੂਜੇ ਪੜਾਅ 'ਚ ਪਿੰਡਾਂ ਦੇ ਪਹਿਰੇਦਾਰ ਮੁਹਿੰਮ ਸ਼ੁਰੂ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੰਜਾਬ ਵਿਚ ਆਪ ਸਰਕਾਰ ਨੇ ਰਾਜ ਭਾਗ ਸੰਭਾਲਣ ਤੋਂ ਬਾਅਦ ਚਲਾਈ ਨਸ਼ਾ ਵਿਰੋਧੀ ਮੁਹਿੰਮ ਦੇ ਦੂਜੇ ਪੜਾਅ ਤਹਿਤ ਪਿੰਡਾਂ ਦੇ ਪਹਿਰੇਦਾਰ ਦੀ ਸ਼ੁਰੂਆਤ ਕਰਦਿਆਂ ਜਲੰਧਰ ਵਿਖੇ ਨਸ਼ੇ ਨੂੰ ਜੜ੍ਹੋਂ ਪੁੱਟਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਕੀਤੇ ਇਸ ਐਲਾਨ ਤੋਂ ਬਾਅਦ ਜਿਥੇ ਨਸ਼ਾ ਤਸਕਰਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਉਥੇ ਵਿਰੋਧੀ ਧਿਰ ਇਸ ਨੂੰ ਸਿਆਸੀ ਡਰਾਮੇਬਾਜੀ ਆਖ ਰਹੀ ਹੈ। ਜਦਕਿ ਇਸ ਸਮਾਗਮ ਵਿਚ ਆਪ ਦੇ ਮੁੱਖੀ ਅਰਵਿੰਦ ਕੇਜ਼ਰੀਵਾਲ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਸਮੇਤ ਹੋਰਨਾਂ ਵਿਧਾਇਕਾਂ, ਨੇਤਾਵਾਂ ਅਤੇ ਆਗੂਆਂ ਸਮੇਤ ਵਰਕਰਾਂ ਦੀ ਹਾਜ਼ਰੀ ਵੀ ਸ਼ਲਾਘਾਯੋਗ ਰਹੀ ਹੈ।
ਇਸ ਦੌਰਾਨ 10 ਤੋਂ 30 ਜਨਵਰੀ ਤਕ ਚਲਾਈ ਜਾ ਰਹੀ ਪੈਦਲ ਯਾਤਰਾ, 13 ਫਰਵਰੀ ਨੰ ਡਿਫੈਂਸ ਕਮੇਟੀਆਂ ਦੀ ਇਕੱਤਰਤਾ ਵੀ ਕਾਰਗਰ ਸਾਬਿਤ ਹੋਵੇਗੀ। ਜੇਕਰ ਸਰਕਾਰ ਇਸ ਮੁਹਿੰਮ ਤਹਿਤ ਬਣਦਾ ਗੌਰ ਕਰੇ ਤਾਂ ਪੰਜਾਬ ਚੋਂ ਨਸ਼ਾ ਖਤਮ ਹੋ ਜਾਵੇਗਾ ਅਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ 'ਚ ਕੋਈ ਰੋਕ ਨਹੀਂ ਰਹਿ ਜਾਵੇਗੀ। ਜਦਕਿ ਇਸ ਤੋਂ ਉਲਟ ਨਸ਼ੇ ਦੀ ਰੋਕਥਾਮ ਲਈ ਹੋਰ ਕੀ ਕੁੱਝ ਕੀਤਾ ਜਾਣਾ ਚਾਹੀਦਾ ਹੈ। ਇਸ ਬਾਰੇ ਪੇਸ਼ ਹਨ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਅਤੇ ਸਮਾਜ ਸੇਵਕਾਂ ਦੇ ਵਿਚਾਰ।
ਵੱਡੇ ਨਸ਼ੇ ਤਸਕਰਾਂ ਨੂੰ ਨਜ਼ਰ ਅੰਦਾਜ਼ ਕਰ ਕੇ ਮੁਹਿੰਮ ਸਫਲ ਨਹੀਂ ਹੋ ਸਕਦੀ : ਲੱਕੀ
ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਪ੍ਰਧਾਨ ਭਾਜਪਾ ਦਾ ਕਹਿਣਾ ਹੈ ਕਿ ਬੇਸ਼ੱਕ ਜ਼ਿਲ੍ਹੇ ਵਿਚ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ ਪਰ ਵੱਡੇ ਨਸ਼ਾ ਤਸਕਰਾਂ ਨੂੰ ਨਜਰ ਅੰਦਾਜ ਕਰਕੇ ਨਸ਼ਾ ਕਰਨ ਵਾਲਿਆਂ ਨੂੰ ਸਲਾਖਾਂ ਪਿਛੇ ਸੁਟਿਆ ਜਾ ਰਿਹਾ ਹੈ। ਇਹੇ ਕਾਰਨ ਹੈ ਕਿ ਅਜੇ ਤੱਕ ਨਸ਼ਾਂ ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਦਾ ਕਾਰਨ ਸਜਾਵਾਂ ਵਿਚ ਨਰਮੀ ਵੀ ਨਜ਼ਰ ਆ ਰਹੀ ਹੈ। ਕਿਉਂ ਕਿ ਮਾਣਯੋਗ ਅਦਾਲਤ ਤੋਂ ਨਸ਼ੇ ਨਾਲ ਕਾਬੂ ਕੀਤੇ ਕਥਿਤ ਮੁਲਜ਼ਮਾਂ ਨੂੰ ਜਮਾਨਤਾਂ ਮਿਲ ਜਾਂਦੀਆਂ ਹਨ ਅਤੇ ਉਹ ਦੋਬਾਰਾ ਘਰ ਆ ਕੇ ਇਸੇ ਕੰਮ ਵਿਚ ਦੋਬਾਰਾ ਜੁੱਟ ਜਾਂਦੇ ਹਨ।
ਨਸ਼ਾ ਤਸਕਰੀ ਦੀ ਰੋਕਥਾਮ ਜ਼ਰੂਰੀ : ਸ਼ੁਕਾਰ
ਸੁਖਦੀਪ ਸਿੰਘ ਸ਼ੁਕਾਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਨਸ਼ਾ ਤਸਕਰੀ ਦਾ ਧੰਦਾ ਸਮਾਜ ਲਈ ਕੋਹੜ ਹੈ। ਇਸ ਦੀ ਰੋਕਥਾਮ ਜ਼ਰੂਰੀ ਹੈ। ਇਸ ਨੂੰ ਖਤਮ ਕਰਨਾ ਇਕੱਲੇ ਪੁਲਿਸ ਪ੍ਰਸ਼ਾਸਨ ਦੇ ਵੱਸ ਦੀ ਗੱਲ ਨਹੀਂ ਹੈ। ਪੂਰੇ ਸਮਾਜ ਨੂੰ ਇਸ ਕੋਹੜ ਨੂੰ ਖਤਮ ਕਰਨ ਲਈ ਅੱਗੇ ਆਉਣ ਦੀ ਲੋੜ ਹੈ। ਇਸ ਦੇ ਸਰਕਾਰ ਦੇ ਨਾਲ ਨਾਲ ਪ੍ਰਸ਼ਾਸਨਿਕ ਅਫ਼ਸਰਾਂ ਨੂੰ ਵੀ ਆਪਣਾ ਕੰਮ ਇਮਾਨਦਾਰੀ ਨਾਲ ਨਿਭਾਉਣ ਦੀ ਵੀ ਲੋੜ ਹੈ। ਕਿਉਂਕਿ ਨਸ਼ਾ ਤਸਕਰਾਂ ਤੇ ਕਾਰਵਾਈ ਕਰਦਿਆਂ ਵੀ ਆਪਣੇ ਅਤੇ ਪਰਾਏ ਦਾ ਭੇਦ ਵੱਧਦਾ ਜਾ ਰਿਹਾ ਹੈ।
ਨਸ਼ਾ ਤਸਕਰਾਂ ਸਿਰ 'ਤੇ ਅਫ਼ਸਰਾਂ, ਨੇਤਾਵਾਂ, ਵਕੀਲਾਂ ਦਾ ਹੱਥ : ਕਾਕੂ
ਦਿਨੇਸ਼ ਕੁਮਾਰ ਕਾਕੂ ਆਰਟੀਆਈ ਕਾਰਕੁੰਨ ਦਾ ਕਹਿਣਾ ਹੈ ਕਿ ਬੇਸ਼ਕ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ। ਪਰ ਫੇਰ ਵੀ ਇਸ ਉੱਤੇ ਕਾਬੂ ਨਹੀਂ ਪਾਇਆ ਜਾ ਰਿਹਾ। ਜਿਸ ਦਾ ਕਾਰਨ ਨਸ਼ਾ ਤਸਕਰਾਂ ਦੇ ਸਿਰ ਉੱਤੇ ਕੁਝ ਰਾਜ ਨੇਤਾਵਾਂ, ਵਕੀਲਾਂ ਅਤੇ ਖਾਕੀ ਵਰਦੀ ਵਾਲਿਆਂ ਦੇ ਹੱਥ ਨਜ਼ਰ ਆ ਰਿਹਾ ਹੈ। ਕਈ ਵਕੀਲ ਕਥਿਤ ਮੁਲਜ਼ਮਾਂ ਨੂੰ ਜਮਾਨਤਾਂ ਦਿਵਾਉਣ ਦੇ ਨਾਂਅ ਤੇ ਮੋਟੀ ਕਮਾਈ ਕਰ ਰਹੇ ਹਨ ਅਤੇ ਸਮਾਜਿਕ ਤਾਣੇ ਬਾਣੇ ਨੂੰ ਗੁੰਝਲਦਾਰ ਬਣਾ ਰਹੇ ਹਨ। ਇਸ ਲਈ ਆਪ ਸਰਕਾਰ ਹਰੇਕ ਕਰਮਚਾਰੀ, ਅਧਿਕਾਰੀ ਜਾਂ ਨੇਤਾਵਾਂ ਨੂੰ ਉਨ੍ਹਾਂ ਦੇ ਫਰਜ਼ ਇਮਾਨਦਾਰੀ ਨਾਲ ਨਿਭਾਉਂਣ ਲਈ ਵੀ ਜਾਗਰੂਕ ਕਰੇ। ਤਾਂ ਜੋ ਪੰਜਾਬ ਚੋਂ ਨਸ਼ਿਆਂ ਦੀ ਬਿਮਾਰੀ ਨੂੰ ਠੱਲ੍ਹਂ ਪਾਈ ਜਾ ਸਕੇ।
ਰੁਜ਼ਗਾਰ ਦੀ ਘਾਟ ਨਸ਼ੇ ਦੇ ਧੰਦੇ 'ਚ ਸ਼ਾਮਲ ਹੋਣ ਦਾ ਮੁੱਖ ਕਾਰਨ : ਆਂਗਰਾ
ਭਾਰਤੀ ਆਂਗਰਾ ਨੇਤਾ ਸ਼ਿਵ ਸੇਨਾ ਹਿੰਦ ਦਾ ਕਹਿਣਾ ਹੈ ਕਿ ਨਸ਼ਾ ਤਸਕਰੀ ਦਿਨੋਂ ਦਿਨ ਵਧ ਰਹੀ ਹੈ। ਜਿਸਦਾ ਮੁੱਖ ਕਾਰਨ ਬੇਰੋਜ਼ਗਾਰੀ ਵੀ ਹੈ। ਇਹੇ ਨਹੀਂ ਨਸ਼ੇ ਦੇ ਕਾਰੋਬਾਰੀਆਂ ਨੇ ਜਿਥੇ ਇਸ ਕੰਮ ਵਿਚ ਔਰਤਾਂ ਨੂੰ ਸ਼ਾਮਲ ਕਰ ਲਿਆ ਹੈ, ਉਥੇ ਨੌਜਵਾਨਾਂ ਦੇ ਇਸ ਧੰਦੇ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਬੇਰੁਜ਼ਗਾਰੀ, ਗਰੀਬੀ ਅਤੇ ਲਾਚਾਰੀ ਕਾਰਨ ਇਸ ਧੰਦੇ ਨਾਲ ਜੁੜ ਰਹੇ ਹਨ। ਆਪ ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਗਰੀਬੀ ਦੂਰ ਕਰਨ ਲਈ ਯੋਗ ਉਪਰਾਲੇ ਕਰਵਾਏ ਜਾਣ। ਇਸੇ ਤਰ੍ਹਾਂ ਸਰਕਾਰੀ ਵਿਭਾਗਾਂ ਵਿਚ ਕਾਲੀਆਂ ਭੇਡਾਂ ਨੂੰ ਕਾਬੂ ਕਰਨਾ ਵੀ ਜ਼ਰੂਰੀ ਹੈ।
ਬਿਨਾਂ ਡਾਕਟਰ ਦੀ ਪਰਚੀ ਤੋਂ ਵਿਕ ਰਹੀਆਂ ਦਵਾਈਆਂ ਰੋਕੀਆਂ ਜਾਣ : ਮੰਗੂਪੁਰ
ਅਜੈ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਬੱਚਿਆਂ ਨੂੰ ਦਵਾਈਆਂ ਦੀ ਵਿਕਰੀ ਰੋਕਣ ਲਈ ਮੈਡੀਕਲ ਸਟੋਰਾਂ ਤੇ ਸੀਸੀਟੀਵੀ ਕੈਮਰੇ ਲਗਾਉਣ ਦੇ ਉਪਰਾਲੇ ਕੀਤੇ ਜਾਣ। ਜਿਨਾਂ ਦੀ ਸਬੰਧਤ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਚੈਕਿੰਗ ਅਤੇ ਮੈਨਟੇਨ ਕੀਤੇ ਜਾਂਦੇ ਰਿਕਾਰਡ ਦੀ ਵੀ ਜਾਂਚ ਕੀਤੀ ਜਾਵੇ। ਤਾਂ ਜੋਂ ਮੈਡੀਕਲ ਸਟੋਰ ਸੰਚਾਲਕ ਡਾਕਟਰ ਦੀ ਪਰਚੀ ਤੋਂ ਬਿਨਾਂ ਵੇਚੀਆਂ ਜਾ ਰਹੀਆਂ ਦਵਾਈਆਂ ਦੀ ਰੋਕਥਾਮ ਹੋ ਸਕੇ। ਉਨ੍ਹਾਂ ਕਿਹਾ ਕਿ ਮੈਡੀਕਲ ਸਟੋਰ ਵਾਲੇ ਨਸ਼ੇ ਛੁਡਾਉਣ ਦੇ ਨਾਂਅ ਤੇ ਮੈਡੀਕਲ ਨਸ਼ੇ ਦੀ ਆਦਤ ਪਾ ਰਹੇ ਹਨ। ਜਿਸ ਨੂੰ ਰੋਕਣਾ ਵੀ ਅਤਿ ਜ਼ਰੂਰੀ ਹੋ ਗਿਆ ਹੈ।