ਖੇਡਾਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ : ਚੇਅਰਮੈਨ ਗੜ੍ਹੀ
ਖੇਡਾਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ-ਚੇਅਰਮੈਨ ਗੜੀ
Publish Date: Tue, 17 Feb 2026 05:56 PM (IST)
Updated Date: Wed, 18 Feb 2026 04:09 AM (IST)
ਨੌਜਵਾਨਾਂ ਖੇਡਾਂ ਨਾਲ ਜੁੜਨ : ਵਿਧਾਇਕ ਕਟਾਰੀਆ
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ
ਬ੍ਰਹਮਚਾਰੀ ਸਪੋਰਟਸ ਐਂਡ ਵੈੱਲਫੇਅਰ ਯੂਥ ਕਲੱਬ ਵੱਲੋਂ ਬੀਏਵੀ ਗਰਾਊਂਡ ਬਲਾਚੌਰ ਵਿਖੇ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਮੈਚ ਬਲਾਚੌਰ ਸ਼ਹਿਰ ਅਤੇ ਪਿੰਡ ਗੜ੍ਹੀ ਕਾਨੂੰਗੋ ਦੀਆਂ ਟੀਮਾਂ ਦੌਰਾਨ ਖੇਡਿਆ ਗਿਆ, ਜਿਸ ਦੀ ਸ਼ੁਰੂਆਤ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਤੇ ਵਿਧਾਇਕ ਹਲਕਾ ਬਲਾਚੌਰ ਸੰਤੋਸ਼ ਕਟਾਰੀਆ ਨੇ ਕਰਵਾਈ ਅਤੇ ਉਨ੍ਹਾਂ ਨਾਲ ਬਲਾਚੌਰ ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੌਸ਼ਲ ਲਾਡੀ ਰਾਣਾ, ਧਰਮਿੰਦਰ ਤ੍ਰਿਪਾਠੀ ਐਮਸੀ, ਧਰਮਿੰਦਰ ਮੇਨਕਾ ਐੱਮਸੀ, ਜਸਵਿੰਦਰ ਸਿਆਣਾ, ਐੱਸਸੀ ਵਿੰਗ ਦੇ ਤਹਿਸੀਲ ਪ੍ਰਧਾਨ ਕੁਲਦੀਪ ਸਿੰਘ, ਅਜੇ ਕੁਮਾਰ ਐੱਮਸੀ, ਰਾਧੇ ਸ਼ਾਮ ਐਮਸੀ, ਸੁਨੀਤਾ ਸ਼ਰਮਾ, ਡਾ. ਭੁਪਿੰਦਰ ਜੀਤ ਸਿੰਘ ਸੂਰੀ, ਸਤਨਾਮ ਸਿੰਘ ਐੱਨਆਰਆਈ, ਸੁਖਵੀਰ ਕੌਰ ਤਹਿਸੀਲਦਾਰ ਬਲਾਚੌਰ ਸਨ।
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਪੰਜਾਬ ਵਿਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖ ਕੇ ਖੇਡ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਬੱਚਿਆਂ ਦੇ ਭਵਿੱਖ ਅਤੇ ਉਨ੍ਹਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਪਿੰਡ-ਪਿੰਡ ਸਟੇਡੀਅਮ ਬਣਾਉਣ ਦੀ ਯੋਜਨਾ ਉਲੀਕੀ ਹੈ।
ਉਨ੍ਹਾਂ ਨੇ ਪਿੰਡ ਗੜ੍ਹੀ ਕਾਨੂੰਗੋ ਦੀ ਟੀਮ ਨੂੰ 5100 ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜਿਹੜੀ ਜੇਤੂ ਟੀਮ ਗੋਲ ਕਰੇਗੀ। ਉਸ ਨੂੰ ਵੀ 5100 ਰੁਪਏ ਇਨਾਮ ਰਾਸ਼ੀ ਦਿੱਤੀ ਜਾਵੇਗੀ। ਵਿਧਾਇਕ ਹਲਕਾ ਬਲਾਚੌਰ ਸੰਤੋਸ਼ ਕਟਾਰੀਆ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੂਰੇ ਪੰਜਾਬ ਵਿਚ ਲੱਗਭਗ 3300 ਦੇ ਕਰੀਬ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਵੱਲੋਂ ਖੇਡ ਮੈਦਾਨ ਲਈ 10 ਲੱਖ ਰੁਪਏ ਦੇਣ ਦਾ ਜੋ ਐਲਾਨ ਕੀਤਾ ਗਿਆ ਸੀ, ਉਸ ਨੂੰ ਜਲਦ ਪੂਰਾ ਕਰਕੇ ਗ੍ਰਾਂਟ ਜਾਰੀ ਕੀਤੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਰੂਚੀ ਲੈਣ।