ਇਸਤਰੀ ਜਾਗ੍ਰਿਤੀ ਮੰਚ ਨੇ ਮਨਾਇਆ ਕੌਮਾਂਤਰੀ ਮਹਿਲਾ ਦਿਵਸ
ਇਸਤਰੀ ਜਾਗ੍ਰਿਤੀ ਮੰਚ ਨੇ ਮਨਾਇਆ ਕੌਮਾਂਤਰੀ ਮਹਿਲਾ ਦਿਵਸ
Publish Date: Sun, 08 Mar 2026 04:54 PM (IST)
Updated Date: Mon, 09 Mar 2026 04:03 AM (IST)

ਔਰਤਾਂ ਨੂੰ ਜਥੇਬੰਦ ਹੋ ਕੇ ਤਿੱਖੇ ਸੰਘਰਸ਼ ਲੜਨ ਦਿੱਤਾ ਸੱਦਾ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਅੱਜ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ। ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੀ ਪ੍ਰਧਾਨਗੀ ਦਵਿੰਦਰ ਕੌਰ, ਗੁਰਦੇਵ ਕੌਰ ਉੜਾਪੜ ਅਤੇ ਰਾਜਵਿੰਦਰ ਕੌਰ ਕੱਟ ਨੇ ਕੀਤੀ। ਮੰਚ ਦੀ ਸੂਬਾਈ ਆਗੂ ਹਰਦੀਪ ਕੌਰ ਕੋਟਲਾ, ਕਮੇਟੀ ਮੈਂਬਰ ਰਣਜੀਤ ਕੌਰ ਮਹਿਮੂਦਪੁਰ, ਸੰਤੋਸ਼ ਕੁਮਾਰੀ ਕੁਰਲ, ਸੁਰਜੀਤ ਕੌਰ ਓਟਾਲ, ਗੁਰਬਖਸ਼ ਕੌਰ ਅਤੇ ਕਿਰਨਜੀਤ ਕੌਰ ਨੇ ਕਿਹਾ ਕਿ ਔਰਤਾਂ ਨੂੰ ਆਪਣੀ ਹੋਂਦ ਪਛਾਨਣ, ਨਵੇਂ ਰਾਹਾਂ ਦੇ ਰਾਹੀਂ ਬਣਨ ਲਈ, ਔਰਤਾਂ ਉੱਤੇ ਹੋ ਰਹੇ ਚੌਤਰਫਾ ਹਮਲਿਆਂ ਦਾ ਟਾਕਰਾ ਕਰਨ ਲਈ ਜਥੇਬੰਦ ਹੋਣਾ ਤੇ ਸੰਘਰਸ਼ ਕਰਨਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਔਰਤ ਵਰਗ ਲਈ ਬੜਾ ਗੌਰਵਮਈ ਦਿਹਾੜਾ ਹੈ।।ਔਰਤ ਵਰਗ ਨਾਲ ਅੱਜ ਵੀ ਸਮਾਜਿਕ, ਆਰਥਿਕ ਤੌਰ ਉੱਤੇ ਵਿਤਕਰੇ ਜਾਰੀ ਹਨ। ਲੜਕੀਆਂ ਦੀ ਪਾਲਣਾ, ਪੜ੍ਹਾਈ ਅਤੇ ਮਿਹਨਤ ਸ਼ਕਤੀ ਦੇ ਮੁੱਲ ਵਿਚ ਮਰਦਾਂ ਦੇ ਮੁਕਾਬਲੇ ਢੇਰ ਸਾਰੇ ਵਿਤਕਰੇ ਹਨ।ਹਿੰਸਾ, ਘਰੇਲੂ ਹਿੰਸਾ, ਬਲਾਤਕਾਰ, ਛੇੜਛਾੜ ਦੇ ਰੂਪ ਵਿਚ ਔਰਤ ਹਰ ਰੋਜ਼ ਜਬਰ ਸਹਿ ਰਹੀ ਹੈ। ਦਹੇਜ ਦਾ ਕੋਹੜ ਸਮਾਜ ਅੰਦਰ ਅਜੇ ਵੀ ਪਸਰਿਆ ਹੋਇਆ ਹੈ। ਔਰਤ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੀ ਲੋੜ ਹੈ। ਉਨ੍ਹਾਂ ਔਰਤਾਂ ਦੀ ਇਤਿਹਾਸਕ ਭੂਮਿਕਾ ਦਾ ਜਿਕਰ ਕਰਦਿਆਂ ਕਿਹਾ ਕਿ ਇਤਿਹਾਸ ਵਿਚ ਵੱਡੀਆਂ ਵੱਡੀਆਂ ਸਮਾਜਿਕ, ਆਰਥਿਕ ਅਤੇ ਰਾਜਸੀ ਤਬਦੀਲੀਆਂ ਔਰਤਾਂ ਦੀ ਸ਼ਮੂਲੀਅਤ ਨਾਲ ਹੀ ਹੋਈਆਂ ਹਨ ।ਜੋ ਔਰਤ ਦੀ ਸ਼ਮੂਲੀਅਤ ਬਗੈਰ ਸੰਭਵ ਹੀ ਨਹੀਂ ਸਨ। ਇਸ ਮੌਕੇ ਬਲਵਿੰਦਰ ਕੌਰ ਸਲੋਹ, ਹਰਬੰਸ ਕੌਰ ਤੇ ਪੂਜਾ ਨੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਉੱਤੇ ਕੀਤੇ ਜਾ ਰਹੇ ਹਮਲੇ ਬੰਦ ਕਰਨ, ਵਿਕਸਤ ਭਾਰਤ ਜੀ ਰਾਮ ਜੀ ਦੀ ਥਾਂ ਮਗਨਰੇਗਾ ਕਾਨੂਨ ਲਾਗੂ ਕਰਨ, ਚਾਰ ਕਿਰਤ ਕੋਡ ਰੱਦ ਕਾਰਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਮਤੇ ਪਾਸ ਕੀਤੇ ਗਏ। ਮੰਚ ਸੰਚਾਲਨ ਰੁਪਿੰਦਰ ਕੌਰ ਦੁਰਗਾਪੁਰ ਨੇ ਕੀਤਾ। ਇਸ ਮੌਕੇ ਬਲਬੀਰ ਕੌਰ ਸੰਘਾ, ਸਾਰਾ ਸਿੱਧੂ, ਰੇਣੂੰ ਬਾਲਾ, ਗੁਰਬਖਸ਼ ਕੌਰ ਬੈਂਸ ਆਗੂ ਵੀ ਮੌਜੂਦ ਸਨ।