ਪੀਐੱਸਟੀਈਟੀ ਪ੍ਰੀਖਿਆ ਦੇਣ ਪੁੱਜੇ ਅਧਿਆਪਕ ਤੇ ਮਾਪੇ ਰਹੇ ਪਰੇਸ਼ਾਨ
ਪੀਐੱਸਟੀਈਟੀ ਪ੍ਰੀਖਿਆ ਦੇਣ ਪੁੱਜੇ ਅਧਿਆਪਕਾਂ ਅਤੇ ਮਾਪਿਆਂ ਦੀ ਵੱਧੀ ਰਹੀ ਪਰੇਸ਼ਾਨੀ
Publish Date: Sun, 15 Mar 2026 07:13 PM (IST)
Updated Date: Mon, 16 Mar 2026 04:13 AM (IST)

ਪ੍ਰਦੀਪ ਭਨੋਟ, ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹੇ ਵਿਚ ਕਰਵਾਈ ਜਾ ਰਹੀ ਪੀਐੱਸਟੀਈਟੀ-2026 ਦੀ ਪ੍ਰੀਖਿਆ ਦੌਰਾਨ ਅਧਿਆਪਕਾਂ ਅਤੇ ਮਾਪਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਸ ਪ੍ਰੀਖਿਆ ’ਚ ਹਿੱਸਾ ਲੈਣ ਪੁੱਜੇ ਅਧਿਆਪਕਾਂ ਤੇ ਮਾਪਿਆਂ ਨੇ ਦੱਸਿਆ ਕਿ ਉਹ ਸਵੇਰ ਸਵੱਖਤੇ ਆਪਣੇ ਘਰਾਂ ਪਰਿਵਾਰਾਂ ਤੋਂ ਇਨ੍ਹਾਂ ਪ੍ਰੀਖਿਆ ਕੇਂਦਰ ਵੱਲ ਰਵਾਨਾ ਹੋਏ ਸਨ ਤੇ ਸਮੇਂ ਤੋਂ ਪਹਿਲਾ ਹੀ ਆਪਣੇ ਸੈਂਟਰਾਂ ’ਤੇ ਪੁੱਜੇ ਸਨ ਪਰ ਸਵੇਰ ਤੋਂ ਸੈਂਟਰ ਦੇ ਨੇੜੇ ਖੜ੍ਹੇ ਅਧਿਆਪਕਾਂ ਅਤੇ ਮਾਪਿਆਂ ਨੂੰ ਪੀਣ ਲਈ ਪਾਣੀ, ਛਾਂ ਤੇ ਬਾਥਰੂਮਾਂ ਦੇ ਕੋਈ ਵੀ ਸੁੱਚਜੇ ਪ੍ਰਬੰਧ ਨਜ਼ਰ ਨਹੀਂ ਆਏ। ਉਨ੍ਹਾਂ ਕਿਹਾ ਕਿ ਇਸ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਧਿਆਪਕਾਂ ਨੇ ਕਿਹਾ ਕਿ ਆਟੋ ਮਾਲਕਾਂ ਵੱਲੋਂ ਅਧਿਆਪਕਾਂ ਨੂੰ ਸਕੂਲ ਆਫ ਐਮੀਨੈਂਸ, ਜੇਐੱਸਐਫਐੱਚ ਖ਼ਾਲਸਾ ਸਕੂਲ, ਸ਼ਿਵਾਲਿਕ ਸਕੂਲ ਨਵਾਂਸ਼ਹਿਰ, ਸਰਕਾਰੀ ਸਕੂਲ ਲੰਗੜੋਆ, ਸਰਕਾਰੀ ਸਕੂਲ ਹਿਆਲਾ ਸਮੇਤ ਹੋਰਨਾਂ ਕੇਂਦਰਾਂ ਤੇ ਲਿਜਾਣ ਲਈ ਮਨਮਰਜੀ ਦੇ ਰੇਟਾਂ ਨਾਲ ਸਾਲਮ ਕਰਵਾਉਣ ਨੂੰ ਤਰਜੀਹ ਦਿੱਤੀ ਗਈ, ਜਦਕਿ ਆਟੋ ਚਾਲਕਾਂ ਵੱਲੋਂ ਨਵਾਂਸ਼ਹਿਰ ਤੋਂ ਸਿਵਲ ਹਸਪਤਾਲ ਨਵਾਂਸ਼ਹਿਰ, ਕਰਿਆਮ ਰੋਡ, ਰਾਹੋਂ ਰੋਡ ਸਮੇਤ ਨਵਾਂਸ਼ਹਿਰ ਦੇ ਇਲਾਕੇ ’ਚ ਬਣੇ ਕੇਂਦਰਾਂ ਤੱਕ ਲਿਜਾਣ ਲਈ ਆਮ ਤੌਰ ’ਤੇ ਸਵਾਰੀਆਂ ਤੋਂ 20 ਰੁਪਏ ਵਸੂਲੇ ਜਾਂਦੇ ਹਨ ਪਰ ਇਸ ਵਾਰ ਉਨ੍ਹਾਂ ਵੱਲੋਂ ਸਾਲਮ ਆਟੋ ਭੇਜ ਕੇ 150 ਤੋਂ 200 ਰੁਪਏ ਦੀ ਵਸੂਲੀ ਕਰਦੇ ਦੇਖਿਆ ਗਿਆ, ਜੋ ਕਿ ਅਧਿਆਪਕਾਂ ਦੀ ਲੁੱਟ ਨੂੰ ਜੱਗ ਜ਼ਾਹਰ ਕਰਦਾ ਹੈ। ਅਧਿਆਪਕਾਂ ਅਤੇ ਮਾਪਿਆਂ ਨੇ ਮੰਗ ਕੀਤੀ ਕਿ ਭਵਿੱਖ ’ਚ ਅਜਿਹੀਆਂ ਪ੍ਰੀਖਿਆਵਾਂ ਲਈ ਬੱਸ ਅੱਡੇ ਦੇ ਲਾਗਲੇ ਸੈਂਟਰਾਂ ਵਿਖੇ ਹੀ ਪ੍ਰੀਖਿਆ ਦੇ ਪ੍ਰਬੰਧ ਕਰਵਾਏ ਜਾਣ ਤਾਂ ਜੋ ਅਧਿਆਪਕਾਂ ਦੀ ਹੋ ਰਹੀ ਲੁੱਟ ਖਸੁੱਟ ਅਤੇ ਪਰੇਸ਼ਾਨੀਆਂ ਦੂਰ ਹੋ ਸਕਣ। ਬਾਕਸ-- ਪੁਲਿਸ ਨੇ ਕੀਤੇ ਸਖਤ ਸੁਰੱਖਿਆ ਪ੍ਰਬੰਧ ਜ਼ਿਲ੍ਹੇ ਵਿਚ ਪੀਐੱਸਟੀਈਟੀ 2026 ਦੀ ਪ੍ਰੀਖਿਆ ਦੌਰਾਨ ਸੁਰਖਿਆ ਦੇ ਪ੍ਰਬੰਧ ਕਰਨ ਲਈ ਪੁਲਿਸ ਮੁਲਾਜ਼ਮਾਂ ਵੱਲੋਂ ਆਪਣੀ ਡਿਉਟੀ ਪੂਰੀ ਤਨਦੇਹੀ ਨਾਲ ਨਿਭਾਈ ਗਈ, ਜਿਸ ਕਾਰਨ ਕਿਸੇ ਵੀ ਸੈਂਟਰ ’ਤੇ ਕੋਈ ਵੀ ਅਣਹੋਣੀ ਘਟਨਾ ਵਾਪਰਨ ਦੀ ਖਬਰ ਨਹੀਂ ਆਈ। ਉਧਰ ਸੈਂਟਰਾਂ ਦੇ ਨੇੜੇ ਸੜਕ ਦੇ ਦੋਹਾਂ ਪਾਸਿਆਂ ’ਤੇ ਲੱਗੀਆਂ ਗੱਡੀਆਂ ਦੀਆਂ ਕਤਾਰਾਂ ਦੇਖਣ ਨੂੰ ਮਿਲਿਆ ਪਰ ਐਤਵਾਰ ਨੂੰ ਦੁਕਾਨਾਂ ਬੰਦ ਰਹਿਣ ਕਾਰਨ ਅਤੇ ਲੋਕਾਂ ਦੀ ਆਵਾਜਾਈ ਘੱਟ ਰਹਿਣ ਕਾਰਨ ਕਿਸੇ ਵੀ ਨੂੰ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਬਾਕਸ-- 19 ਪ੍ਰੀਖਿਆਂ ਕੇਂਦਰਾਂ ’ਚ ਅਣ-ਅਧਿਕਾਰਤ ਵਿਅਕਤੀ ਦੇ ਦਖਲ ’ਤੇ ਪਾਬੰਦੀ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮੈਜਿਸਟਰੇਟ ਨੇ ਪੀਐੱਸਟੀਈਟੀ ਪ੍ਰੀਖਿਆ ਲਈ ਅਣ-ਅਧਿਕਾਰਤ ਵਿਅਕਤੀ ਦੇ ਦਾਖਲੇ ’ਤੇ ਪਾਬੰਦੀ ਗਈ ਸੀ। ਜ਼ਿਲ੍ਹਾ ਮੈਜਿਸਟ੍ਰੇਟ ਗੁਲਪ੍ਰੀਤ ਸਿੰਘ ਔਲਖ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਸੀ ਕਿ ਜ਼ਿਲ੍ਹੇ ’ਚ ਅੱਜ ਹੋ ਰਹੀ ਪੀਐੱਸਟੀਈਟੀ 2026 ਦੀ ਪ੍ਰੀਖਿਆ ਦੌਰਾਨ ਬਣਾਏ ਕੁੱਲ 19 ਪ੍ਰੀਖਿਆਂ ਕੇਂਦਰਾਂ ਦੇ 100 ਮੀਟਰ ਦੇ ਘੇਰੇ ’ਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਵਾਸਤੇ ਕਿਸੇ ਵੀ ਅਣ-ਅਧਿਕਾਰਤ ਵਿਅਕਤੀ ਨੂੰ ਦਾਖਲ ਨਾ ਹੋਣ ਦਿੱਤਾ ਜਾਵੇ, ਜਿਸ ਦਾ ਪੂਰੀ ਸਖਤੀ ਨਾਲ ਪਾਲਣ ਵੀ ਕੀਤਾ ਗਿਆ। ਬਾਕਸ-- ਲੋਕੇਸ਼ਨਾਂ ’ਤੇ ਲੱਭਦੇ ਰਹੇ ਸੈਂਟਰ ਉਧਰ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਅਧਿਆਪਕ ਅਤੇ ਮਾਪੇ ਆਪਣੇ ਪ੍ਰੀਖਿਆ ਸੈਂਟਰ ਦੀ ਸਹੀ ਲੋਕੇਸ਼ਨ ਜਾਨਣ ਲਈ ਮੋਬਾਈਲ ਫੋਨ ਦੀ ਐਪ ’ਤੇ ਜੂਝਦੇ ਰਹੇ, ਉਥੇ ਆਟੋ ਚਾਲਕਾਂ ਵੱਲੋਂ ਅਧਿਆਪਕਾਂ ਤੋਂ ਕਦੇ ਲੋਕੇਸ਼ਨ ਦੇ ਰੋਡ ਤੇ ਕਦੇ ਉਸ ਦੇ ਨੇੜਲੀ ਥਾਂ ਰਾਹੀਂ ਲੋਕੇਸ਼ਨ ਦੀ ਭਾਲ ਕਰਦੇ ਨਜ਼ਰ ਆਏ। ਕੁੱਝੇਕ ਆਟੋ ਚਾਲਕਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦਾ ਨਾਂ ਤਬਦੀਲ ਹੋਣ ਕਰ ਕੇ ਸੈਂਟਰ ਦੇ ਨਾਂ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਲੱਭਣ ਲਈ ਵੀ ਤਰਲੋ-ਮੱਛੀ ਹੁੰਦੇ ਦੇਖਿਆ ਗਿਆ। ਇਸੇ ਤਰ੍ਹਾਂ ਜੇਐੱਸਐੱਫਐੱਚ ਖ਼ਾਲਸਾ ਸਕੂਲ ਨਵਾਂਸ਼ਹਿਰ ਦੀ ਬੱਸ ਅੱਡੇ ਤੋਂ ਲੋਕੇਸ਼ਨ ਇਕ ਕਿਲੋਮੀਟਰ ਹੋਣ ਦਾ ਪਤਾ ਚੱਲਣ ਤੇ ਅਧਿਆਪਕ ਅਤੇ ਮਾਪੇ ਆਟੋ ਚਾਲਕਾਂ ਨੂੰ ਨਜ਼ਰਅੰਦਾਜ਼ ਕਰਦੇ ਪੈਦਲ ਹੀ ਸਕੂਲ ਵੱਲ ਰਵਾਨਾ ਹੁੰਦੇ ਦਿਸੇ।