ਐਡਵੋਕੇਟ ਖੋਸਲਾ ਵੱਲੋਂ ਇਆਲੀ ਦੇ ਪਾਰਟੀ ’ਚ ਆਉਣ ’ਤੇ ਖੁਸ਼ੀ ਦਾ ਪ੍ਰਗਟਾਵਾ
ਤਸਵੀਰ ਸਮੇਤ---ਐਡਵੋਕੇਟ ਪ੍ਰਵੇਸ਼ ਖੋਸਲਾ ਵੱਲੋਂ ਇਆਲੀ ਦੇ ਪਾਰਟੀ 'ਚ ਆਉਣ 'ਤੇ ਖੁਸ਼ੀ ਦਾ ਪ੍ਰਗਟਾਵਾ
Publish Date: Thu, 11 Jun 2026 03:23 PM (IST)
Updated Date: Thu, 11 Jun 2026 03:23 PM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਪੰਜਾਬ ਦੀ ਸਿਆਸਤ ’ਚ ਉਸ ਵੇਲੇ ਇੱਕ ਵੱਡਾ ਸਿਆਸੀ ਧਮਾਕਾ ਹੋਇਆ, ਜਦੋਂ ਹਲਕਾ ਮੁੱਲਾਂਪੁਰ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੌਜੂਦਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਰਸਮੀ ਤੌਰ ਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ‘ ਵਿਚ ਸ਼ਾਮਲ ਹੋ ਗਏ। ਜਿਸ ਕਰ ਕੇ ਸਿਆਸੀ ਗਲਿਆਰਿਆਂ ਵਿਚ ਵੱਡੀ ਹਲਚਲ ਪੈਦਾ ਹੋ ਗਈ ਹੈ।।ਮਨਪ੍ਰੀਤ ਸਿੰਘ ਇਆਲੀ ਦੇ ਪਾਰਟੀ ਵਿਚ ਸ਼ਾਮਲ ਹੋਣ ਦੇ ਫੈਸਲੇ ਦਾ ਹਰ ਪਾਸੇ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਅਤੇ ਪਾਰਟੀ ਦੇ ਮੁੱਖ ਬੁਲਾਰੇ ਪ੍ਰਗਟ ਸਿੰਘ ਵੱਲੋਂ ਉਨ੍ਹਾਂ ਨੂੰ ਜਥੇਬੰਦੀ ਵਿਚ ਸਿਰੋਪਾਓ ਪਾ ਕੇ ਨਿੱਘੀ ਜੀ ਆਇਆਂ ਆਖੀ ਗਈ। ਇਸ ਦੇ ਨਾਲ ਹੀ ਅਕਾਲੀ ਦਲ ਵਾਰਿਸ ਪੰਜਾਬ ਦੇ‘ ਬਲਾਚੌਰ ਦੇ ਆਗੂ ਐਡਵੋਕੇਟ ਪ੍ਰਵੇਸ਼ ਖੋਸਲਾ ਨੇ ਵੀ ਮਨਪ੍ਰੀਤ ਸਿੰਘ ਇਆਲੀ ਦੇ ਪਾਰਟੀ ਵਿਚ ਆਉਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਹੈ। ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਮਨਪ੍ਰੀਤ ਸਿੰਘ ਇਆਲੀ ਨੇ ਆਪਣਾ ਮੁੱਖ ਏਜੰਡਾ ਦੱਸਿਆ ਕਿ ਉਨ੍ਹਾਂ ਪੰਜਾਬ ਦੇ ਹੱਕਾਂ, ਪੰਥਕ ਵਿਚਾਰਧਾਰਾ ਦੀ ਰਾਖੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਇਹ ਅਹਿਮ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਅਸੀਂ ਪੰਜਾਬ ਦੇ ਪਾਣੀਆਂ ਦੀ ਰਾਖੀ, ਬੰਦੀ ਸਿੰਘਾਂ ਦੀ ਰਿਹਾਈ ਅਤੇ ਨੌਜਵਾਨੀ ਨੂੰ ਬਚਾਉਣ ਦੇ ਮੁੱਦਿਆਂ ਤੇ ਲਗਾਤਾਰ ਸੰਘਰਸ਼ ਕਰਦੇ ਰਹਾਂਗੇ। ਉਨ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਤੇ ਲਗਾਏ ਗਏ ਐੱਨਐੱਸਏ ਅਤੇ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਸਿੱਖ ਕੈਦੀਆਂ ਦੇ ਮੁੱਦੇ ਤੇ ਵੀ ਮੌਜੂਦਾ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਰਾਜਨੀਤਿਕ ਮਾਹਿਰਾਂ ਮੁਤਾਬਕ ਮਨਪ੍ਰੀਤ ਸਿੰਘ ਇਆਲੀ ਇੱਕ ਰਸੂਖਦਾਰ ਅਤੇ ਜ਼ਮੀਨੀ ਆਗੂ ਹਨ। ਉਨ੍ਹਾਂ ਦੇ ਇਸ ਕਦਮ ਨਾਲ ਮਾਲਵਾ ਖੇਤਰ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ‘ਨੂੰ ਬਹੁਤ ਵੱਡੀ ਸਿਆਸੀ ਮਜ਼ਬੂਤੀ ਮਿਲੇਗੀ। ਜਿਸ ਦਾ ਸਿੱਧਾ ਅਸਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੇ ਸਾਫ਼ ਦੇਖਣ ਨੂੰ ਮਿਲੇਗਾ। ਇਸ ਮੌਕੇ ਸਾਬਕਾ ਸਰਪੰਚ ਨਾਰਾਇਣ ਚੰਦ, ਗੁਰਮੱਖ ਸਿੰਘ ਖ਼ਾਲਸਾ, ਪਰਮਜੀਤ ਸਿੰਘ ਖ਼ਾਲਸਾ ਕੰਗਣਾ ਬੇਟ, ਸਤਪਾਲ ਸਿੰਘ ਖ਼ਾਲਸਾ ਤਾਜੋਵਾਲ, ਜਸਵਿੰਦਰ ਸਿੰਘ ਖ਼ਾਲਸਾ ਰੱਤੇਵਾਲ, ਸਰਬਜੀਤ ਸਿੰਘ ਖ਼ਾਲਸਾ ਬਕਾਪੁਰ, ਸੋਨੂੰ ਸਿਆਣਾ, ਓਮ ਪ੍ਰਕਾਸ ਕੰਗਣਾ ਬੇਟ, ਅਜੇ ਕੁਮਾਰ ਕੰਗਣਾ ਬੇਟ, ਲੱਕੀ ਚਣਕੋਆ ਤੇ ਹੋਰ ਮੌਜੂਦ ਸਨ।