25 ਦੁਕਾਨਾਂ ਦੀ ਚੈਕਿੰਗ, 15 ੱਕਿਲੋ ਪਾਬੰਦੀਸ਼ੁਦਾ ਲਿਫਾਫੇ ਬਰਾਮਦ
ਤਸਵੀਰ ਸਮੇਤ--25 ਦੁਕਾਨਾਂ ਦੀ ਚੈਕਿੰਗ ਕਰਕੇ 15 ਕਿਲੋ ਪਾਬੰਦੀਸ਼ੁਦਾ ਲਿਫਾਫੇ ਬ੍ਰਾਮਦ
Publish Date: Thu, 19 Feb 2026 05:39 PM (IST)
Updated Date: Fri, 20 Feb 2026 04:07 AM (IST)

3 ਦੁਕਾਨਦਾਰਾਂ ਦੇ ਕੱਟੇ ਚਲਾਨ, 1000 ਰੁਪਏ ਜੁਰਮਾਨਾ ਵਸੂਲਿਆ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਨਗਰ ਕੌਂਸਲ ਨਵਾਂਸ਼ਹਿਰ ਵੱਲੋਂ ਈਓ ਮਨੀਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਸੈਨਿਟਰੀ ਇੰਸਪੈਕਟਰ ਦੀ ਅਗਵਾਈ ਹੇਠ ਮੁਲਾਜ਼ਮਾਂ ਵੱਲੋਂ ਨਵਾਂਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਦੁਕਾਨਾਂ ਦੀ ਜਾਂਚ ਕਰਦਿਆਂ ਪਾਬੰਦੀਸ਼ੁਦਾ ਪਲਾਸਟਿਕ ਬੈਗ ਨੂੰ ਬਰਾਮਦ ਕਰਕੇ ਦੁਕਾਨਦਾਰਾਂ ਦੇ ਖਿਲਾਫ ਮੌਕੇ ਤੇ ਕਾਰਵਾਈ ਕਰਦਿਆਂ ਚਲਾਨ ਕੱਟੇ ਗਏ। ਮੁਲਾਜ਼ਮ ਚੰਦਨ ਸਹੋਤਾ, ਆਸ਼ੂ, ਨਰੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਕਾਰਜਸਾਧਕ ਅਫ਼ਸਰ ਦੀਆਂ ਹਦਾਇਤਾਂ ਤੇ ਚੈਕਿੰਗ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਜਿੱਥੇ ਦੁਕਾਨਦਾਰਾਂ ਅਤੇ ਲੋਕਾਂ ਨੂੰ ਪਾਬੰਦੀਸ਼ੁਦਾ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਲੋਕਾਂ ਨੂੰ ਬਾਜ਼ਾਰਾਂ ਵਿਚ ਸ਼ਾਪਿੰਗ ਕਰਨ ਆਉਂਦੇ ਸਮੇਂ ਕੱਪੜੇ ਦੇ ਬੈਗ ਲਿਆਉਣ ਦੀ ਅਪੀਲ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ ਪਾਬੰਦੀਸ਼ੁਦਾ ਲਿਫਾਫੇ ਚ ਸਮਾਨ ਪਾ ਕੇ ਦਿੰਦਾ ਹੈ, ਉਸ ਦੀ ਜਾਣਕਾਰੀ ਨਗਰ ਕੌਂਸਲ ਨੂੰ ਦਿੱਤੀ ਜਾਵੇ। ਤਾਂ ਜੋ ਉਸ ਦੁਕਾਨਦਾਰ, ਰੇਹੜੀ ਫੜੀ ਵਾਲੇ ਖਿਲਾਫ ਸਮੇਂ ਸਿਰ ਬਣਦੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਗੀਤਾ ਭਵਨ ਰੋਡ ਤੇ 25 ਦੁਕਾਨਾਂ ਦੀ ਜਾਂਚ ਕੀਤੀ ਗਈ, ਜਿਸ ’ਚੋਂ 15 ਕਿੱਲੋ ਦੇ ਕਰੀਬ ਪਾਬੰਦੀਸ਼ੁਦਾ ਲਿਫਾਫੇ ਬਰਾਮਦ ਕੀਤੇ। ਇਸ ਮੌਕੇ ਤਿੰਨ ਦੁਕਾਨਦਾਰਾਂ ਦੇ ਚਲਾਨ ਕੱਟ ਕੇ1000 ਰੁਪਏ ਦੇ ਕਰੀਬ ਜੁਰਮਾਨਾ ਵੀ ਵਸੂਲਿਆ ਗਿਆ। ਮੁਲਾਜ਼ਮਾਂ ਨੇ ਲੋਕਾਂ ਨੂੰ ਪਾਬੰਦੀਸ਼ੁਦਾ ਲਿਫਾਫਿਆਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀ ਚੈਕਿੰਗ ਅਭਿਆਨ ਜਾਰੀ ਰਹਿਣਗੇ। ਇਸ ਮੌਕੇ ਨਗਰ ਕੌਂਸਲ ਮੁਲਾਜ਼ਮ ਸ਼ਬਨਮ, ਡੌਲੀ, ਕੀਰਤੀ ਵੀ ਹਾਜ਼ਰ ਸਨ।