ਭਖਦੇ ਮੁੱਦਿਆਂ ਨੂੰ ਲੈ ਕੇ ਟੌਂਸਾ ਵਿਖੇ ਕੀਤੀ ਅਹਿਮ ਮੀਟਿੰਗ
ਭਖਦੇ ਮੁੱਦਿਆਂ ਨੂੰ ਲੈ ਕੇ ਟੌਂਸਾ ਵਿਖੇ ਕੀਤੀ ਅਹਿਮ ਮੀਟਿੰਗ
Publish Date: Fri, 10 Apr 2026 05:01 PM (IST)
Updated Date: Sat, 11 Apr 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕਾਠਗੜ੍ਹ ਹਲਕੇ ਦੇ ਲੋਕ ਮੁੱਦਿਆਂ ਨੂੰ ਹੱਲ ਕਰਵਾਉਣ ਅਤੇ ਜਨਤਕ ਲਾਮਬੰਦੀ ਲਈ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਨਾਲ ਸੰਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ‘ਦੇ ਟੌਂਸਾ ਯੂਨਿਟ ਦੀ ਇੱਕ ਅਹਿਮ ਮੀਟਿੰਗ ਮਨੋਹਰ ਲਾਲ ਅਤੇ ਸਾਬਕਾ ਸਰਪੰਚ ਸ਼ਸ਼ੀ ਰਾਣਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੌਰਾਨ ਇਲਾਕੇ ਦੀਆਂ ਦਰਪੇਸ਼ ਮੁਸ਼ਕਲਾਂ ਤੇ ਗੰਭੀਰ ਚਰਚਾ ਕੀਤੀ। ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਕਰਨ ਸਿੰਘ ਰਾਣਾ ਨੇ ਕਿਹਾ ਕਿ ਬਲਾਚੌਰ ਹਲਕਾ ਪਿਛਲੇ 20 ਸਾਲਾਂ ਤੋਂ ਅਣਗਹਿਲੀ ਦਾ ਸ਼ਿਕਾਰ ਹੈ। ਉਨ੍ਹਾਂ ਹਵਾ-ਪਾਣੀ ਦੇ ਪ੍ਰਦੂਸ਼ਣ, ਨਸ਼ਿਆਂ ਦੀ ਰੋਕਥਾਮ, ਸਰਕਾਰੀ ਸਿੱਖਿਆ ਅਤੇ ਸਿਹਤ ਸੇਵਾਵਾਂ ਦੀ ਮਾੜੀ ਹਾਲਤ ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ, ਦਫ਼ਤਰਾਂ ਵਿਚ ਫੈਲਿਆ ਭ੍ਰਿਸ਼ਟਾਚਾਰ ਅਤੇ ਅਵਾਰਾ ਪਸ਼ੂਆਂ ਤੇ ਜੰਗਲੀ ਜਾਨਵਰਾਂ ਵੱਲੋਂ ਉਜਾੜੀ ਜਾ ਰਹੀ ਫ਼ਸਲ ਹਲਕੇ ਦੇ ਮੁੱਖ ਮੁੱਦੇ ਹਨ। ਜਿਨ੍ਹਾਂ ਵੱਲ ਸਰਕਾਰਾਂ ਨੇ ਕਦੇ ਧਿਆਨ ਨਹੀਂ ਦਿੱਤਾ। ਉਨ੍ਹਾਂ ਮੌਜੂਦਾ ਵਿਧਾਇਕ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਦੇ ਕਾਰਜਕਾਲ ਦੇ ਸਿਰਫ਼ ਛੇ ਮਹੀਨੇ ਬਾਕੀ ਰਹਿ ਗਏ ਹਨ ਪਰ ਵਿਧਾਇਕ ਨੇ ਕਦੇ ਵੀ ਇਨ੍ਹਾਂ ਲੋਕ ਮੁੱਦਿਆਂ ਨੂੰ ਵਿਧਾਨ ਸਭਾ ਵਿਚ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਮੌਜੂਦਾ ਅਤੇ ਪੁਰਾਣੇ ਵਿਧਾਇਕਾਂ ਦੀ ਅਣਗਹਿਲੀ ਦਾ ਮੁੱਖ ਕਾਰਨ ਉਨ੍ਹਾਂ ਦੀਆਂ ਰਾਜਨੀਤਕ ਧਿਰਾਂ ਹਨ, ਜੋ ਸਿਰਫ਼ ਧੰਨਵਾਨ ਲੋਕਾਂ ਦੀ ਨੁਮਾਇੰਦਗੀ ਕਰਦੀਆਂ ਹਨ ਅਤੇ ਆਮ ਲੋਕ ਉਨ੍ਹਾਂ ਦੇ ਏਜੰਡੇ ਤੋਂ ਬਾਹਰ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਲਈ ਖ਼ੁਦ ਲਾਮਬੰਦ ਹੋਣ ਕਿਉਂਕਿ ਜਨ ਸੰਘਰਸ਼ ਹੀ ਮੰਗਾਂ ਮਨਵਾਉਣ ਦਾ ਇੱਕੋ-ਇੱਕ ਸਹੀ ਰਾਹ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੋ ਸਿਆਸੀ ਧਿਰਾਂ ਜਾਂ ਉਮੀਦਵਾਰ ਲੋਕ ਮੁੱਦਿਆਂ ਤੇ ਗੱਲ ਨਹੀਂ ਕਰਦੇ ਉਨ੍ਹਾਂ ਤੋਂ ਕਿਸੇ ਸੁਧਾਰ ਦੀ ਆਸ ਨਹੀਂ ਰੱਖਣੀ ਚਾਹੀਦੀ। ਮੀਟਿੰਗ ਵਿਚ ਹਲਕੇ ਦੇ ਵਿਧਾਇਕ ਤੋਂ ਮੰਗ ਕੀਤੀ ਗਈ ਕਿ ਉਹ ਜਥੇਬੰਦੀਆਂ ਅਤੇ ਆਮ ਲੋਕਾਂ ਨਾਲ ਵਿਚਾਰ-ਚਰਚਾ ਕਰਕੇ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ।