ਇਫਟੂ ਨੇ ਨਵਾਂਸ਼ਹਿਰ ਤੇ ’ਚ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ
ਇਫਟੂ ਨੇ ਨਵਾਂਸ਼ਹਿਰ ਅਤੇ ਸੋਇਤਾ ਵਿਖੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ
Publish Date: Sat, 10 Jan 2026 05:48 PM (IST)
Updated Date: Sun, 11 Jan 2026 04:06 AM (IST)

ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਇੰਡੀਅਨ ਫੈੱਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਵੱਲੋਂ ਅੱਜ ਨਵਾਂਸ਼ਹਿਰ ਦੇ ਬਾਰਾਦਰੀ ਬਾਗ਼ ਅੱਗੇ ਤੇ ਪਿੰਡ ਸੋਇਤਾ ਦੇ ਭੱਠੇ ’ਤੇ 4 ਲੇਬਰ ਕੋਡ ਅਤੇ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਗਈਆਂ। ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸੂਬਾ ਸਕੱਤਰ ਅਵਤਾਰ ਸਿੰਘ ਤਾਰੀ, ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ, ਪ੍ਰਧਾਨ ਗੁਰਦਿਆਲ ਰੱਕੜ, ਸਕੱਤਰ ਪਰਵੀਨ ਕੁਮਾਰ ਨਿਰਾਲਾ, ਰੇਹੜੀ ਵਰਕਰ ਯੂਨੀਅਨ ਦੇ ਪ੍ਰਧਾਨ ਹਰੇ ਰਾਮ, ਚੇਅਰਮੈਨ ਹਰੀ ਲਾਲ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ 4 ਲੇਬਰ ਕੋਡ ਦੇਸ਼ ਦੇ ਮਜ਼ਦੂਰ ਵਰਗ ਉੱਤੇ ਬਹੁਤ ਵੱਡਾ ਹਮਲਾ ਹੈ। ਇਹ ਮਜ਼ਦੂਰ ਜਮਾਤ ਕੋਲੋਂ ਉਸਦੇ ਮੁੱਢਲੇ ਅਧਿਕਾਰ ਖੋਹ ਲੈਂਦੇ ਹਨ, ਜੋ ਮਜ਼ਦੂਰਾਂ ਨੇ ਦਹਾਕਿਆਂ ਤੱਕ ਸੰਘਰਸ਼ ਕਰਕੇ ਅਤੇ ਅਣਗਿਣਤ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੇ ਸਨ। ਇਹ ਮਜ਼ਦੂਰ ਜਮਾਤ ਕੋਲੋਂ ਉਸਦਾ ਯੂਨੀਅਨ ਬਣਾਉਣ ਦਾ ਹੱਕ, ਹੜਤਾਲ ਕਾਰਨ ਦਾ ਹੱਕ ਖੋਹਦੇਂ ਹਨ, ਰੁਜ਼ਗਾਰ ਸੁਰੱਖਿਆ ਉੱਤੇ ਹੱਲਾ ਬੋਲਦੇ ਹਨ। ਇਹ ਪੱਕੀਆਂ ਨੌਕਰੀਆਂ ਨੂੰ ਖ਼ਤਮ ਕਰਦੇ ਹਨ, ਕੰਮ ਸਮਾਂ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਦੇ ਹਨ। ਇਨ੍ਹਾਂ ਨਾਲ ਕਿਰਤ ਵਿਭਾਗ ਦੇ ਅਧਿਕਾਰੀ ਸਿਰਫ਼ ਸਲਾਹਕਾਰ ਬਣ ਕੇ ਰਹਿ ਜਾਣਗੇ, ਜਿਸ ਦਾ ਮਾਲਕਾਂ ਨੂੰ ਲਾਭ ਹੋਵੇਗਾ ਅਤੇ ਮਜਦੂਰਾਂ ਨੂੰ ਨੁਕਸਾਨ। ਆਗੂਆਂ ਨੇ ਕਿਹਾ ਕਿ ਇਹ ਕੋਡ ਕਾਰਪੋਰੇਟਰਾਂ ਵੱਲੋਂ ਮਜ਼ਦੂਰਾਂ ਦੀ ਮਿਹਨਤ ਸ਼ਕਤੀ ਦੀ ਬੇਕਿਰਕ ਲੁੱਟ ਕਰਨ ਲਈ ਲਿਆਂਦੇ ਗਏ ਹਨ। ਆਗੂਆਂ ਨੇ ਲੋਕਾਂ ਨੂੰ ਇਨ੍ਹਾਂ ਕੋਡਾਂ ਦਾ ਤਿੱਖਾ ਵਿਰੋਧ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸਰਵੇਸ਼ ਗੁਪਤਾ, ਘਨਈਆ ਕੁਮਾਰ, ਸੁਰੇਸ਼, ਬੀਰ ਸਿੰਘ, ਚਮਨ ਲਾਲ, ਸ਼ਿਵ ਕੁਮਾਰ, ਰੋਸ਼ਨੀ, ਬਬੀਤਾ ਅਤੇ ਰੇਸ਼ਮਾ ਵੀ ਮੌਜੂਦ ਸਨ।