ਗਰਭ ਅਵਸਥਾ ਦੀਆਂ ਸਮੱਸਿਆਵਾਂ ਦੀ ਪਛਾਣ ਕਰਨਾ ਜ਼ਰੂਰੀ : ਸਿਵਲ ਸਰਜਨ
ਮਾਤਰੀ ਮੌਤ ਦਰ ਘਟਾਉਣ ਲਈ ਗਰਭ ਅਵਸਥਾ ਦੀਆਂ ਸਮੱਸਿਆਵਾਂ ਦੀ ਪਛਾਣ ਕਰਨਾ ਜ਼ਰੂਰੀ-ਸਿਵਲ ਸਰਜਨ
Publish Date: Sun, 08 Mar 2026 06:02 PM (IST)
Updated Date: Mon, 09 Mar 2026 04:07 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਵਿਖੇ ਜਣੇਪੇ ਦੌਰਾਨ ਜਾਂ ਜਣੇਪੇ ਤੋਂ ਬਾਅਦ ਨਿਰਧਾਰਿਤ ਸਮੇਂ ਵਿਚ ਹੋਣ ਵਾਲੀਆਂ ਮੌਤਾਂ ਸਬੰਧੀ ਜ਼ਿਲ੍ਹਾ ਪੱਧਰੀ ਰੀਵਿਊ ਕਮੇਟੀ ਦੀ ਸਮੀਖਿਆ ਮੀਟਿੰਗ ਹੋਈ। ਜਿਸ ਵਿਚ ਇਕ ਮਾਤਰੀ ਮੌਤ ਦੇ ਕੇਸ ਨੂੰ ਵਿਚਾਰਿਆ ਗਿਆ।।ਇਹ ਕੇਸ ਸਿਹਤ ਬਲਾਕ ਸੁੱਜੋਂ ਨਾਲ ਸੰਬੰਧਤ ਸੀ। ਮੀਟਿੰਗ ਦੌਰਾਨ ਸਿਵਲ ਸਰਜਨ ਨੇ ਮਾਤਰੀ ਮੌਤ ਦੇ ਕਾਰਨਾਂ ਬਾਰੇ ਜਾਣਕਾਰੀ ਲਈ ਅਤੇ ਮੌਤ ਦੇ ਕਾਰਨਾਂ ਤੇ ਡੂੰਘਾਈ ਨਾਲ ਵਿਚਾਰ-ਚਰਚਾ ਕੀਤੀ।।ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਅਜਿਹੀਆਂ ਮੌਤਾਂ ਨੂੰ ਰੋਕਣ ਲਈ ਢੁੱਕਵੇਂ ਕਦਮ ਉਠਾਏ ਜਾਣ। ਉਨ੍ਹਾਂ ਹਦਾਇਤ ਕੀਤੀ ਕਿ ਜਿਹੜੀਆਂ ਗਰਭਵਤੀ ਔਰਤਾਂ ਹਾਈ ਰਿਸਕ ਤੇ ਹਨ ਉਨ੍ਹਾਂ ਦੀ ਇੱਕ ਲਿਸਟ ਤਿਆਰ ਕਰਕੇ ਹਮੇਸ਼ਾ ਆਪਣੇ ਕੋਲ ਰੱਖੀ ਜਾਵੇ। ਤਾਂ ਜੋ ਪਹਿਲਾਂ ਤੋਂ ਗਰਭਵਤੀ ਔਰਤ ਦੀ ਸੁਰੱਖਿਆ ਲਈ ਇਕ ਐਕਸ਼ਨ ਪਲਾਨ ਬਣਾ ਕੇ ਉਸ ਦਾ ਸੁਰੱਖਿਅਤ ਜਣੇਪਾ ਮੁਮਕਿਨ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਮਾਤਰੀ ਦਰ ਮੌਤ ਨੂੰ ਘਟਾਉਣ ਲਈ ਗਰਭਵਤੀ ਔਰਤਾਂ ਦੀ ਸਿਹਤ ਉੱਤੇ ਤਿੱਖੀ ਨਜ਼ਰ ਰੱਖੀ ਜਾਵੇ ਅਤੇ ਜੇਕਰ ਕਿਸੇ ਔਰਤ ਨੂੰ ਕੋਈ ਸਮੱਸਿਆ ਹੈ। ਤਾਂ ਉਸ ਦੇ ਉਚਿੱਤ ਇਲਾਜ ਪ੍ਰਬੰਧਨ ਲਈ ਲੋੜੀਂਦੇ ਉਪਰਾਲੇ ਕੀਤੇ ਜਾਣ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਪ੍ਰਮੁੱਖ ਉਦੇਸ਼ਾਂ ਵਿਚੋਂ ਇੱਕ ਮਾਤਰੀ ਮੌਤ ਦਰ ਨੂੰ ਘਟਾਉਣਾ ਹੈ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਜ਼ਿਲ੍ਹਾ ਨਿਗਰਾਨੀ ਤੇ ਮੁਲਾਂਕਣ ਅਫ਼ਸਰ ਗੁਰਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।