ਨਿੱਜੀ ਫ਼ਾਇਦੇ ਲਈ ਪੰਜਾਬ ਦਾ ਨੁਕਸਾਨ ਕਰਨ ਵਾਲਿਆਂ ਨੂੰ ਨਹੀਂ ਬਖਸ਼ਾਂਗਾ : ਕੰਗ
ਨਿੱਜੀ ਫ਼ਾਇਦੇ ਲਈ ਪੰਜਾਬ ਦਾ ਨੁਕਸਾਨ ਕਰਨ ਵਾਲਿਆਂ ਨੂੰ ਬਖਸ਼ਾਂਗਾ ਨਹੀਂ-ਕੰਗ
Publish Date: Wed, 25 Feb 2026 04:15 PM (IST)
Updated Date: Thu, 26 Feb 2026 04:02 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਵੱਲੋਂ ਮਾਈਨਿੰਗ ਦੇ ਮੁੱਦੇ ਤੇ ਆਪਣੀ ਹੀ ਪਾਰਟੀ ਜਾਂ ਪ੍ਰਸ਼ਾਸਨ ਦੇ ਕੁੱਝ ਲੋਕਾਂ ਵਿਰੁੱਧ ਦਿੱਤੇ ਗਏ ਬਿਆਨ ਨੇ ਸਿਆਸੀ ਹਲਕਿਆਂ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦਾ ਨਾਮ ਲੈ ਕੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਨਜਾਇਜ਼ ਮਾਈਨਿੰਗ ਦੇ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕਰ ਚੁੱਕੇ ਹਨ। ਐੱਮਪੀ ਕੰਗ ਨੇ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਮਾਈਨਿੰਗ ਕਰਨ ਵਾਲਿਆਂ ਨਾਲ ਸਾਡੇ ਕੁਝ ਲੋਕ ਵੀ ਰਲੇ ਹੋਏ ਹਨ। ਉਨ੍ਹਾਂ ਇਲਜ਼ਾਮ ਲਗਾਇਆ ਕਿ ਇਹ ਲੋਕ ਨਿੱਜੀ ਫ਼ਾਇਦੇ ਲਈ ਪੰਜਾਬ ਦਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਨਜਾਇਜ਼ ਮਾਈਨਿੰਗ ਦੇ ਸਖ਼ਤ ਖ਼ਿਲਾਫ਼ ਹਨ ਪਰ ਕੁੱਝ ਲੋਕ ਸਰਕਾਰ ਦੇ ਅਕਸ ਨੂੰ ਢਾਹ ਲਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿਚ ਉਹ ਇਨ੍ਹਾਂ ਵਿਅਕਤੀਆਂ ਦੇ ਨਾਂ ਜਨਤਕ ਕਰਨਗੇ, ਜੋ ਮਾਈਨਿੰਗ ਮਾਫ਼ੀਆ ਨੂੰ ਸ਼ਹਿ ਦੇ ਰਹੇ ਹਨ। ਸੰਸਦ ਮੈਂਬਰ ਦੇ ਇਸ ਬਿਆਨ ਤੋਂ ਬਾਅਦ ਹੁਣ ਇਹ ਚਰਚਾ ਛਿੜ ਗਈ ਹੈ ਕਿ ਉਹ ਕੁਝ ਲੋਕ ਕੌਣ ਹਨ, ਕੀ ਉਹ ਸਥਾਨਕ ਆਗੂ ਹਨ ਜਾਂ ਪ੍ਰਸ਼ਾਸਨਿਕ ਅਧਿਕਾਰੀ। ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਮਾਈਨਿੰਗ ਇੱਕ ਗੰਭੀਰ ਮੁੱਦਾ ਰਿਹਾ ਹੈ ਅਤੇ ਕੰਗ ਦੇ ਇਸ ਤੇਵਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਮਾਫ਼ੀਆ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਦਾ ਨੁਕਸਾਨ ਕਰਕੇ ਆਪਣੀਆਂ ਜੇਬਾਂ ਭਰਨ ਵਾਲਿਆਂ ਦੇ ਨਾਮ ਬਹੁਤ ਜਲਦ ਸਾਹਮਣੇ ਲਿਆਂਦੇ ਜਾਣਗੇ।