ਸਰਵਾਈਕਲ ਕੈਂਸਰ ਤੋਂ ਬਚਾਅ ਲਈ ਐੱਚਪੀਵੀ ਵੈਕਸੀਨ ਜ਼ਰੂਰੀ : ਡਾ. ਸਤਿੰਦਰਜੀਤ ਕੌਰ
ਸਰਵਾਈਕਲ ਕੈਂਸਰ ਤੋਂ ਬਚਾਅ ਲਈ ਐੱਚਪੀਵੀ ਵੈਕਸੀਨ ਅਹਿਮ-ਡਾ. ਸਤਿੰਦਰਜੀਤ ਕੌਰ
Publish Date: Mon, 12 Jan 2026 05:44 PM (IST)
Updated Date: Tue, 13 Jan 2026 04:07 AM (IST)

ਐੱਲਐੱਚਵੀਜ਼ ਅਤੇ ਏਐੱਨਐੱਮਜ਼ ਦੀ ਇੱਕ ਦਿਨਾ ਬਲਾਕ ਪੱਧਰੀ ਟ੍ਰੇਨਿੰਗ ਕਰਵਾਈ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਸਿਵਲ ਸਰਜਨ ਦਫ਼ਤਰ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੈਫ. ਜਨਰਲ ਬਿਕਰਮ ਸਿੰਘ ਸਬ-ਡਵੀਜ਼ਨਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਿੰਦਰਜੀਤ ਕੌਰ ਦੀ ਰਹਿਨੁਮਾਈ ਹੇਠ ਹਿਊਮਨ ਪੈਪੀਲੋਮਾ ਵਾਇਰਸ (ਐੱਚਪੀਵੀ) ਵੈਕਸੀਨੇਸ਼ਨ ਸੰਬੰਧੀ ਐੱਲਐੱਚਵੀਜ਼ ਅਤੇ ਏਐੱਨਐੱਮਜ਼ ਦੀ ਬਲਾਕ ਪੱਧਰ ਤੇ ਇੱਕ ਦਿਨਾ ਵਿਸ਼ੇਸ਼ ਟ੍ਰੇਨਿੰਗ ਦਾ ਆਯੋਜਨ ਕੀਤਾ। ਜਿਸਦਾ ਮੁੱਖ ਉਦੇਸ਼ ਬੱਚਿਆਂ ਨੂੰ ਸਰਵਾਈਕਲ ਕੈਂਸਰ ਜਿਸਨੂੰ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਵੀ ਕਿਹਾ ਜਾਂਦਾ ਹੈ ਤੋਂ ਬਚਾਉਣਾ ਹੈ। ਐੱਸਐੱਮਓ ਡਾ. ਸਤਿੰਦਰਜੀਤ ਕੌਰ ਨੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਰੋਕਥਾਮ ਲਈ ਐੱਚਪੀਵੀ ਟੀਕਾਕਰਣ ਬਹੁਤ ਅਹਿਮ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਟੀਕਾਕਰਣ ਦੌਰਾਨ ਮਾਪਿਆਂ ਨੂੰ ਵੈਕਸੀਨ ਦੀ ਮਹੱਤਤਾ, ਸੁਰੱਖਿਆ ਅਤੇ ਇਸ ਦੇ ਲਾਭਾਂ ਬਾਰੇ ਸਪੱਸ਼ਟ ਅਤੇ ਵਿਗਿਆਨਕ ਜਾਣਕਾਰੀ ਦੇਣੀ ਯਕੀਨੀ ਬਣਾਈ ਜਾਵੇ। ਤਾਂ ਜੋ ਟੀਕਾਕਰਣ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਅਨੁਸਾਰ ਸਰਵਾਈਕਲ ਕੈਂਸਰ ਔਰਤਾਂ ਵਿਚ ਹੋਣ ਵਾਲਾ ਚੌਥਾ ਸਭ ਤੋਂ ਆਮ ਕੈਂਸਰ ਹੈ। ਜਦਕਿ ਭਾਰਤ ਵਿਚ ਇਹ ਦੂਜਾ ਸਭ ਤੋਂ ਆਮ ਕੈਂਸਰ ਹੈ। ਭਾਵੇਂ ਕਿ ਇਹ ਕੈਂਸਰ ਟੀਕਾਕਰਣ ਰਾਹੀਂ ਰੋਕਿਆ ਜਾ ਸਕਦਾ ਹੈ ਪਰ ਫਿਰ ਵੀ ਇਹ ਭਾਰਤ ਵਿਚ ਔਰਤਾਂ ਦੀ ਮੌਤ ਦਾ ਇੱਕ ਵੱਡਾ ਕਾਰਨ ਬਣਿਆ ਹੋਇਆ ਹੈ। ਅੰਕੜਿਆਂ ਮੁਤਾਬਕ ਹਰ ਅੱਠ ਮਿੰਟਾਂ ਵਿੱਚ ਇੱਕ ਔਰਤ ਦੀ ਮੌਤ ਸਰਵਾਈਕਲ ਕੈਂਸਰ ਕਾਰਨ ਹੋ ਜਾਂਦੀ ਹੈ। ਬੱਚਿਆਂ ਦੇ ਮਾਹਿਰ ਡਾ. ਸਕੰਧਾ ਰਾਣਾ ਨੇ ਕਿਹਾ ਕਿ ਐੱਚਪੀਵੀ ਇੱਕ ਆਮ ਜਿਨਸੀ ਤੌਰ ਤੇ ਸੰਚਾਰਿਤ ਲਾਗ ਹੈ ਜੋ ਚਮੜੀ ਦੇ ਸੰਪਰਕ ਰਾਹੀਂ ਫੈਲਦੀ ਹੈ। ਕੁਝ ਐੱਚਪੀਵੀ ਲਾਗਾਂ ਸਮੇਂ ਦੇ ਨਾਲ ਆਪਣੇ ਆਪ ਠੀਕ ਨਹੀਂ ਹੁੰਦੀਆਂ ਅਤੇ ਅੱਗੇ ਚੱਲ ਕੇ ਕੈਂਸਰ ਦਾ ਰੂਪ ਧਾਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਨਿਯਮਤ ਸਕ੍ਰੀਨਿੰਗ ਜਿਵੇਂ ਪੈਪ ਟੈਸਟ ਅਤੇ ਐੱਚਪੀਵੀ ਟੈਸਟ ਰਾਹੀਂ ਬਿਮਾਰੀ ਦੀ ਸ਼ੁਰੂਆਤੀ ਪਛਾਣ ਸੰਭਵ ਹੈ। ਉਨ੍ਹਾਂ ਕਿਹਾ। ਟੀਕਾਕਰਣ, ਸਕ੍ਰੀਨਿੰਗ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾ ਕੇ ਸਰਵਾਈਕਲ ਕੈਂਸਰ ਤੋਂ ਪ੍ਰਭਾਵਸ਼ਾਲੀ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਐੱਚਪੀਵੀ ਵੈਕਸੀਨ 9 ਤੋਂ 14 ਸਾਲ ਉਮਰ ਵਰਗ ਦੀਆਂ ਲੜਕੀਆਂ ਲਈ ਖ਼ਾਸ ਤੌਰ ਤੇ ਲਾਭਕਾਰੀ ਹੈ ਅਤੇ ਸਮੇਂ ਸਿਰ ਟੀਕਾਕਰਣ ਨਾਲ ਭਵਿੱਖ ਵਿਚ ਕੈਂਸਰ ਦੇ ਖਤਰੇ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਇਹ ਪਹਿਲ ਲੋਕ-ਹਿੱਤ ਵਿਚ ਇੱਕ ਮਹੱਤਵਪੂਰਨ ਕਦਮ ਹੈ। ਡਾ. ਸੰਜਨਾ ਨੇ ਕਿਹਾ ਕਿ ਸਿਹਤ ਕਰਮਚਾਰੀਆਂ ਦੀ ਢੁੱਕਵੀ ਟ੍ਰੇਨਿੰਗ ਨਾਲ ਟੀਕਾਕਰਣ ਪ੍ਰਕਿਰਿਆ ਨੂੰ ਸੁਚਾਰੂ, ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿਚ ਲਿਆਂਦਾ ਜਾ ਸਕੇਗਾ। ਉਨ੍ਹਾਂ ਜ਼ੋਰ ਦਿੱਤਾ ਕਿ ਟੀਕਾਕਰਣ ਦੌਰਾਨ ਮਾਪਿਆਂ ਨੂੰ ਵੈਕਸੀਨ ਸੰਬੰਧੀ ਸਹੀ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਕਿਸੇ ਵੀ ਕਿਸਮ ਦੀ ਭਰਮ ਜਾਂ ਗਲਤ ਫਹਿਮੀ ਨੂੰ ਦੂਰ ਕੀਤਾ ਜਾ ਸਕੇ।