ਕੈਂਸਰ ਤੋਂ ਬਚਾਅ ਲਈ ਐੱਚਪੀਵੀ ਟੀਕਾਕਰਨ ਪ੍ਰਭਾਵਸ਼ਾਲੀ : ਸਿਵਲ ਸਰਜਨ
ਸਰਵੀਕਲ ਕੈਂਸਰ ਦੀ ਬਿਮਾਰੀ ਤੋਂ ਬਚਾਅ ਲਈ ਐੱਚਪੀਵੀ ਟੀਕਾਕਰਨ ਪ੍ਰਭਾਵਸ਼ਾਲੀ-ਸਿਵਲ ਸਰਜਨ
Publish Date: Mon, 09 Mar 2026 04:39 PM (IST)
Updated Date: Tue, 10 Mar 2026 04:03 AM (IST)

ਰਮੇਸ਼ ਸ਼ਰਮਾ, ਪੰਜਾਬੀ ਜਾਗਰਣ, ਨਵਾਂਸ਼ਹਿਰ ਛ ਪੰਜਾਬ ਸਰਕਾਰ ਨੇ ਸੂਬੇ ਵਿਚ ਧੀਆਂ ਦੀ ਸਿਹਤ ਸੁਰੱਖਿਆ ਵੱਲ ਕਦਮ ਚੁੱਕਦਿਆਂ ਸਰਵੀਕਲ ਕੈਂਸਰ ਖ਼ਿਲਾਫ਼ ਐੱਚਪੀਵੀ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਦਾ ਮੁੱਖ ਉਦੇਸ਼ ਲੜਕੀਆਂ ਨੂੰ ਸਰਵਾਈਕਲ ਕੈਂਸਰ, ਜਿਸਨੂੰ ‘ਬੱਚੇਦਾਨੀ ਦੇ ਮੂੰਹ’ ਦਾ ਕੈਂਸਰ ਵੀ ਕਿਹਾ ਜਾਂਦਾ ਹੈ, ਤੋਂ ਬਚਾਉਣਾ ਹੈ। ਇਹ ਵੈਕਸੀਨ 14 ਸਾਲ ਦੀਆਂ ਉਨ੍ਹਾਂ ਲੜਕੀਆਂ ਨੂੰ ਦਿੱਤੀ ਜਾਵੇਗੀ। ਜਿਨ੍ਹਾਂ ਦਾ 14ਵਾਂ ਜਨਮ ਦਿਨ ਲੰਘ ਚੁੱਕਾ ਹੈ ਅਤੇ 15ਵਾਂ ਆਉਣਾ ਹੈ। ਮੁਹਿੰਮ ਤਹਿਤ ਜ਼ਿਲ੍ਹੇ ਵਿਚ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ, ਸਬ-ਡਵੀਜ਼ਨ ਹਸਪਤਾਲ ਬਲਾਚੌਰ, ਸੀਐੱਚਸੀ ਮੁਕੰਦਪੁਰ, ਸੀਐੱਚਸੀ ਸੜੋਆ, ਸੀਐੱਚਸੀ ਬੰਗਾ, ਸੀਐੱਚਸੀ ਰਾਹੋਂ, ਪੀਐੱਚਸੀ ਮੁਜ਼ੱਫਰਪੁਰ, ਪੀਐੱਚਸੀ ਸੁੱਜੋਂ ਆਦਿ ਵਿਚ ਸਥਾਪਤ ਕੀਤੇ ਟੀਕਾਕਰਨ ਸੈਂਟਰਾਂ ਵਿਚ ਟੀਕਾਕਰਨ ਕੀਤਾ ਜਾਵੇਗਾ। ਬੱਚੀਆਂ ਨੂੰ ਇਸ ਘਾਤਕ ਬਿਮਾਰੀ ਤੋਂ ਬਚਾਉਣ ਲਈ ਵਿਆਪਕ ਜਾਗਰੂਕਤਾ ਅਤੇ ਟੀਕਾਕਰਨ ਪ੍ਰਕਿਰਿਆ ਦੇ ਸੰਬੰਧ ’ਚ ਇੱਥੇ ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ। ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਪਿੰਦਰ ਸਿੰਘ ਦੀ ਦੇਖ-ਰੇਖ ਹੇਠ ਕਰਵਾਈ ਮੀਟਿੰਗ ਦੌਰਾਨ ਵਿਸਤ੍ਰਿਤ ਕਾਰਵਾਈ ਯੋਜਨਾ ’ਤੇ ਚਰਚਾ ਕੀਤੀ।।ਉਨ੍ਹਾਂ ਵੈਕਸੀਨੇਸ਼ਨ ਦੀ ਉਮਰ ਯੋਗਤਾ, ਖੁਰਾਕਾਂ, ਸਟੋਰੇਜ, ਕੋਲਡਚੇਨ ਅਤੇ ਰਿਪੋਰਟਿੰਗ ਪ੍ਰਣਾਲੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਚਲਾਈ ਜਾਣ ਵਾਲੀ ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦਿਆਂ ਟੀਕਾਕਰਨ ਯਕੀਨੀ ਬਣਾਉਣਗੇ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦਾ ਮੁੱਖ ਟੀਚਾ ਸੂਬੇ ਨੂੰ ਭਵਿੱਖ ਵਿਚ ਸਰਵੀਕਲ ਕੈਂਸਰ ਮੁਕਤ ਰਾਜ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਮਹਿਲਾਵਾਂ ਵਿਚ ਬੱਚੇਦਾਨੀ ਦੇ ਹੇਠਲੇ ਹਿੱਸੇ ਵਿਚ ਪਾਏ ਜਾਂਦੇ ਇਸ ਗੰਭੀਰ ਕੈਂਸਰ ਦਾ ਮੁੱਖ ਕਾਰਨ ਹਿਊਮਨ ਪੈਪੀਲੋਮਾ ਵਾਇਰਸ (ਐੱਚਪੀਵੀ) ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਮੇਂ ਸਿਰ ਕੀਤਾ ਗਿਆ ਟੀਕਾਕਰਨ ਇਸ ਬਿਮਾਰੀ ਤੋਂ ਬਚਾਅ ਵਿਚ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ। ਉਨ੍ਹਾਂ ਬੱਚੀਆਂ ਨੂੰ ਇਸ ਜਾਨਲੇਵਾ ਰੋਗ ਤੋਂ ਸੁਰੱਖਿਅਤ ਰੱਖਣ ਲਈ ਮਾਪਿਆਂ ਨੂੰ ਆਪਣੀਆਂ ਧੀਆਂ ਦਾ ਐੱਚਪੀਵੀ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਪਿੰਦਰ ਸਿੰਘ ਨੇ ਦੱਸਿਆ ਕਿ ਸਰਵੀਕਲ ਕੈਂਸਰ ਐੱਚਪੀਵੀ ਵਾਇਰਸ ਕਾਰਨ ਹੁੰਦਾ ਹੈ ਅਤੇ ਸਮੇਂ ਸਿਰ ਵੈਕਸੀਨੇਸ਼ਨ ਕਰਵਾ ਕੇ ਇਸ ਤੋਂ ਕਾਫੀ ਹੱਦ ਤਕ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਸਰਵਾਈਕਲ ਕੈਂਸਰ ਔਰਤਾਂ ਵਿਚ ਹੋਣ ਵਾਲਾ ਚੌਥਾ ਸਭ ਤੋਂ ਆਮ ਕੈਂਸਰ ਹੈ, ਜਦਕਿ ਭਾਰਤ ਵਿਚ ਇਹ ਦੂਜਾ ਸਭ ਤੋਂ ਆਮ ਕੈਂਸਰ ਹੈ।।ਅੰਤ ਵਿਚ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਜ਼ਿਲ੍ਹੇ ਵਿਚ ਐੱਚਪੀਵੀ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਮੂਹ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪੂਰੀ ਨਿਸ਼ਠਾ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ।