ਬਲਾਚੌਰ ’ਚ ਹੋਲੀ ਤੇ ਹੋਲਾ ਮਹੱਲਾ ਉੁਤਸ਼ਾਹ ਨਾਲ ਮਨਾਇਆ
ਬਲਾਚੌਰ 'ਚ ਹੋਲੀ ਤੇ ਹੋਲਾ ਮਹੱਲਾ ਉੁਤਸ਼ਾਹ ਤੇ ਸ਼ਰਧਾ ਨਾਲ ਮਨਾਇਆ
Publish Date: Thu, 05 Mar 2026 05:35 PM (IST)
Updated Date: Fri, 06 Mar 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਾਚੌਰ ਬਲਾਚੌਰ ਇਲਾਕੇ ਵਿਚ ਹੋਲੀ ਦਾ ਤਿਉਹਾਰ ਧੂਮਧਾਮ, ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਸ਼ਹਿਰ ਦੇ ਮੁੱਖ ਬਾਜ਼ਾਰਾਂ ਤੋਂ ਲੈ ਕੇ ਪਿੰਡਾਂ ਦੀਆਂ ਗ਼ਲੀਆਂ ਤੱਕ ਹਰ ਪਾਸੇ ਰੰਗਾਂ ਦੀ ਬਾਰਿਸ਼ ਦੇਖਣ ਨੂੰ ਮਿਲੀ। ਹੋਲੀ ਸੰਬੰਧੀ ਸਵੇਰ ਤੋਂ ਹੀ ਨੌਜਵਾਨ ਮੁੰਡੇ-ਕੁੜੀਆਂ, ਬੱਚਿਆਂ ਅਤੇ ਬਜ਼ੁਰਗਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ। ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਵਿਚ ਲੋਕਾਂ ਨੇ ਇੱਕ-ਦੂਜੇ ਨੂੰ ਗੁਲਾਲ ਲਗਾ ਕੇ ਹੋਲੀ ਦੀ ਵਧਾਈ ਦਿੱਤੀ ਅਤੇ ਨੌਜਵਾਨਾਂ ਦੀਆਂ ਟੋਲੀਆਂ ਡੀਜੇ ਦੀਆਂ ਧੁਨਾਂ ਤੇ ਨਚਦੀਆਂ ਨਜ਼ਰ ਆਈਆਂ। ਪ੍ਰਾਚੀਨ ਮਾਨਤਾਵਾਂ ਅਨੁਸਾਰ, ਭਗਤ ਪ੍ਰਹਿਲਾਦ ਨੂੰ ਮਾਰਨ ਲਈ ਉਸਦੇ ਪਿਤਾ ਹਿਰਨਿਯਕਸ਼ਿਪੂ ਨੇ ਆਪਣੀ ਭੈਣ ਹੋਲਿਕਾ ਦੀ ਗੋਦ ਵਿਚ ਬਿਠਾ ਕੇ ਅੱਗ ਵਿਚ ਪਾ ਦਿੱਤਾ ਸੀ, ਪਰ ਪ੍ਰਭੂ ਦੀ ਭਗਤੀ ਸਦਕਾ ਭਗਤ ਪ੍ਰਹਿਲਾਦ ਬਚ ਗਏ ਅਤੇ ਹੋਲਿਕਾ ਸੜ ਕੇ ਸੁਆਹ ਹੋ ਗਈ। ਇਸੇ ਖੁਸ਼ੀ ਵਿਚ ਅਗਲੇ ਦਿਨ ਰੰਗਾਂ ਨਾਲ ਹੋਲੀ ਖੇਡੀ ਜਾਂਦੀ ਹੈ। ਇਹ ਤਿਉਹਾਰ ਸਾਨੂੰ ਆਪਸੀ ਵੈਰ-ਵਿਰੋਧ ਤਿਆਗ ਕੇ ਪਿਆਰ ਨਾਲ ਰਹਿਣ ਦਾ ਸੰਦੇਸ਼ ਦਿੰਦਾ ਹੈ, ਦੂਜੇ ਪਾਸੇ ਸਿੱਖ ਇਤਿਹਾਸ ਵਿਚ ਵੀ ਇਸ ਦਿਨ ਦਾ ਖਾਸ ਮਹੱਤਵ ਹੈ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਦੇ ਰਵਾਇਤੀ ਰੰਗਾਂ ਦੀ ਥਾਂ ਸਿੱਖਾਂ ਵਿਚ ਬੀਰ-ਰਸ ਭਰਨ ਲਈ 1701 ਈਸਵੀ ਵਿਚ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਹੋਲਾ ਮਹੱਲਾ ਦੀ ਸ਼ੁਰੂਆਤ ਕੀਤੀ ਸੀ। ਜਿਸ ਦਾ ਮਕਸਦ ਸਿੱਖਾਂ ਨੂੰ ਸ਼ਸਤਰ ਵਿੱਦਿਆ, ਘੋੜ ਸਵਾਰੀ ਅਤੇ ਗੱਤਕੇ ਵਰਗੇ ਜੰਗੀ ਕਰਤੱਵਾਂ ਵਿਚ ਨਿਪੁੰਨ ਕਰਨਾ ਸੀ ਤਾਂ ਜੋ ਉਹ ਜ਼ੁਲਮ ਵਿਰੁੱਧ ਡਟ ਕੇ ਲੜ ਸਕਣ। ਤਿਉਹਾਰ ਨੂੰ ਮੁੱਖ ਰੱਖਦਿਆਂ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ। ਸ਼ਹਿਰ ਦੇ ਮੁੱਖ ਚੌਕਾਂ ਚ ਪੁਲਿਸ ਤਾਇਨਾਤ ਰਹੀ ਤਾਂ ਜੋ ਕੋਈ ਹੁੜਦੰਗ ਨਾ ਮਚਾ ਸਕੇ ਅਤੇ ਆਵਾਜਾਈ ਨੂੰ ਸੁਚਾਰੂ ਰੂਪ ਵਿਚ ਚਲਾਇਆ ਜਾ ਸਕੇ। ਲੋਕਾਂ ਨੇ ਮਠਿਆਈਆਂ ਦੀਆਂ ਦੁਕਾਨਾਂ ਤੇ ਗੁਝੀਆ ਅਤੇ ਹੋਰ ਪਕਵਾਨਾਂ ਦੀ ਖੂਬ ਖਰੀਦਦਾਰੀ ਹੋਈ। ਲੋਕਾਂ ਨੇ ਰੰਗਾਂ ਦੀ ਹੋਲੀ ਖੇਡਦੇ ਹੋਏ ਇੱਕ-ਦੂਜੇ ਨੂੰ ਗਲੇ ਲਗਾਇਆ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਪੈਦਾ ਕੀਤੀ।