ਲਾਈਟ ਤੇ ਰਿਫ਼ਲੈਕਟਰ ਬਗੈਰ ਖੜ੍ਹੇ ਭਾਰੀ ਵਾਹਨ ਬਣੇ ਜਾਨ ਦਾ ਖੌਅ
ਟੋਲ ਪਲਾਜ਼ਾ ਕੋਲ ਲਾਈਟ ਤੇ ਰਿਫ਼ਲੈਕਟਰ ਬਗੈਰ ਖੜੇ ਭਾਰੀ ਵਾਹਨਾਂ ਦੇ ਰਹੇ ਹਾਦਸਿਆਂ ਨੂੰ ਸੱਦਾ
Publish Date: Thu, 19 Feb 2026 06:47 PM (IST)
Updated Date: Fri, 20 Feb 2026 04:09 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਨੈਸ਼ਨਲ ਹਾਈਵੇ ਮਾਰਗ ਰਾਸ਼ਟਰ ਰਾਜ ਮਾਰਗ ਬਛੂਆ ਟੋਲ ਪਲਾਜ਼ਾ ਨੇੜੇ ਰਾਤ ਦੇ ਸਮੇਂ ਭਾਰੀ ਵਾਹਨਾਂ ਦੇ ਬਿਨਾਂ ਕਿਸੇ ਸੰਕੇਤ ਲਾਈਟ ਜਾਂ ਰਿਫਲੈਕਟਰ ਦੇ ਖੜ੍ਹੇ ਰਹਿਣ ਕਾਰਨ ਆਵਾਜਾਈ ਵਿਚ ਭਾਰੀ ਰੁਕਾਵਟ ਪੈਦਾ ਹੋ ਰਹੀ ਹੈ ਅਤੇ ਹਾਦਸਿਆਂ ਦੀ ਸੰਭਾਵਨਾ ਵੱਧਦੀ ਜਾ ਰਹੀ ਹੈ। ਸਥਾਨਕ ਲੋਕਾਂ ਅਤੇ ਰਾਹਗੀਰਾਂ ਦੇ ਅਨੁਸਾਰ ਹਰ ਦੋ-ਚਾਰ ਦਿਨਾਂ ਵਿਚ ਛੋਟੇ-ਮੋਟੇ ਹਾਦਸੇ ਵਾਪਰ ਰਹੇ ਹਨ, ਜਿਸ ਨਾਲ ਲੋਕਾਂ ਵਿਚ ਡਰ ਅਤੇ ਰੋਸ ਵਧ ਰਿਹਾ ਹੈ। ਰਾਤ ਦੇ ਸਮੇਂ ਵਿਜ਼ੀਬਿਲਟੀ ਘੱਟ ਹੋਣ ਕਾਰਨ ਜਦੋਂ ਟਰੱਕ, ਟਰਾਲੇ ਅਤੇ ਹੋਰ ਭਾਰੀ ਵਾਹਨ ਬਿਨਾਂ ਇੰਡੀਕੇਟਰ ਜਾਂ ਪਾਰਕਿੰਗ ਲਾਈਟਾਂ ਦੇ ਸੜਕ ਦੇ ਕਿਨਾਰੇ ਜਾਂ ਕਈ ਵਾਰ ਸੜਕ ਵਿਚਕਾਰ ਖੜ੍ਹੇ ਰਹਿੰਦੇ ਹਨ ਤਾਂ ਪਿੱਛੋਂ ਆ ਰਹੇ ਵਾਹਨਾਂ ਨੂੰ ਅਚਾਨਕ ਬ੍ਰੇਕ ਲਾਉਣੇ ਪੈਂਦੇ ਹਨ। ਕਈ ਵਾਰ ਤਾਂ ਗੱਡੀਆਂ ਆਪਸ ਵਿਚ ਟਕਰਾ ਜਾਂਦੀਆਂ ਹਨ। ਖਾਸ ਕਰ ਕੇ ਦੋਪਹੀਆ ਵਾਹਨ ਚਾਲਕ ਅਤੇ ਛੋਟੀਆਂ ਕਾਰਾਂ ਵਾਲੇ ਜ਼ਿਆਦਾ ਖਤਰੇ ਵਿਚ ਰਹਿੰਦੇ ਹਨ। ਵਾਹਨ ਖੜ੍ਹੇ ਕਰਨ ਵਾਲੇ ਡਰਾਈਵਰਾਂ ਨੂੰ ਇਸ ਗਲਤੀ ਦਾ ਕੋਈ ਅਹਿਸਾਸ ਨਹੀਂ ਹੋ ਰਿਹਾ। ਬਿਨਾਂ ਕਿਸੇ ਚੇਤਾਵਨੀ ਬੋਰਡ ਜਾਂ ਟ੍ਰੈਫਿਕ ਪ੍ਰਬੰਧ ਦੇ ਇਹ ਹਾਲਤ ਹੋਰ ਵੀ ਗੰਭੀਰ ਬਣ ਜਾਂਦੀ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਬਿਨਾਂ ਸੰਕੇਤ ਲਾਈਟਾਂ ਦੇ ਖੜ੍ਹੇ ਵਾਹਨਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਲੋਕਾਂ ਨੇ ਕਿਹਾ।ਜੇਕਰ ਸਮੇਂ ਸਿਰ ਉਚਿਤ ਕਦਮ ਨਾ ਚੁੱਕੇ ਗਏ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ ਅਤੇ ਇਸ ਗੰਭੀਰ ਸਮੱਸਿਆ ਦਾ ਜਲਦੀ ਹੱਲ ਕੱਢਿਆ ਜਾਵੇ।