ਸਿਹਤ ਵਿਭਾਗ ਅੱਜ ਤੋਂ ਮਨਾਏਗਾ ਵਿਸ਼ਵ ਗਲੋਕੋਮਾ ਹਫ਼ਤਾ
ਸਿਹਤ ਵਿਭਾਗ ਅੱਜ ਤੋਂ ਮਨਾਏਗਾ ਵਿਸ਼ਵ ਗਲੋਕੋਮਾ ਹਫ਼ਤਾ-ਸਿਵਲ ਸਰਜਨ
Publish Date: Sat, 07 Mar 2026 05:01 PM (IST)
Updated Date: Sun, 08 Mar 2026 04:06 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ 8 ਮਾਰਚ ਤੋਂ 14 ਮਾਰਚ ਤੱਕ ਵਿਸ਼ਵ ਗਲੋਕੋਮਾ ਹਫ਼ਤਾ ਮਨਾਇਆ ਜਾ ਰਿਹਾ ਹੈ। ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੇ ਹਿੱਸੇ ਵਜੋਂ ਸਿਹਤ ਵਿਭਾਗ ਵੱਲੋਂ ਇਸ ਹਫ਼ਤੇ ਦੌਰਾਨ ਜ਼ਿਲ੍ਹਾ ਹਸਪਤਾਲ ਸਬ-ਡਵੀਜ਼ਨਲ ਹਸਪਤਾਲ ਵਿਚ ਮੁਫ਼ਤ ਗਲੋਕੋਮਾ ਜਾਂਚ ਕੈਂਪ ਲਗਾਏ ਜਾਣਗੇ। ਤਾਂ ਜੋ ਗਲੋਕੋਮਾ ਤੋਂ ਪੀੜਤ ਲੋਕਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਸਮਾਂ ਰਹਿੰਦਿਆਂ ਇਸ ਰੋਗ ਦਾ ਇਲਾਜ ਕੀਤਾ ਜਾ ਸਕੇ। ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਪਹਿਲਾਂ ਹੀ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਆਮ ਲੋਕਾਂ ਵਿਚ ਜਾਗਰੂਕਤਾ ਵਧਾਉਣ ਲਈ ਹਿਦਾਇਤ ਦੇ ਦਿੱਤੀ ਹੈ। ਤਾਂ ਜੋ ਲੋਕਾਂ ਨੂੰ ਗਲੋਕੋਮਾ ਦੇ ਲੱਛਣਾਂ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕਾਲਾ ਮੋਤੀਆ ਦੁਨੀਆ ਵਿਚ ਇਰਿਵਰਸੀਬਲ ਬਲਾਈਂਡਨੈੱਸ ਦਾ ਸਭ ਤੋਂ ਵੱਡਾ ਕਾਰਨ ਹੈ।ਤੇ 90 ਪ੍ਰਤੀਸ਼ਤ ਮਾਮਲਿਆਂ ਵਿਚ, ਗਲੋਕੋਮਾ ਦੇ ਕਾਰਨ ਹੋਣ ਵਾਲੇ ਅੰਨ੍ਹੇਪਣ ਨੂੰ ਜਲਦ ਪਛਾਣ ਕੇ ਅਤੇ ਢੁੱਕਵਾਂ ਇਲਾਜ ਕਰਕੇ ਰੋਕਿਆ ਜਾ ਸਕਦਾ ਹੈ। ਇਹ ਅੱਖ ਦੇ ਦਬਾਅ (ਇੰਟਰਾ-ਓਕੂਲਰ ਪ੍ਰੈਸ਼ਰ) ਵਿਚ ਵਾਧੇ ਦੇ ਕਾਰਨ ਆਪਟਿਕ ਨਰਵ ਨੂੰ ਹੋਏ ਨੁਕਸਾਨ ਦੀ ਵਜ੍ਹਾ ਨਾਲ ਹੁੰਦਾ ਹੈ। ਗਲੋਕੋਮਾ ਨੂੰ ਕਈ ਵਾਰ ਨਜ਼ਰ ਦਾ ਸਾਈਲੈਂਟ ਥੀਫ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਸ਼ੁਰੂਆਤੀ ਲੱਛਣਾਂ ਨੂੰ ਦਿਖਾਏ ਬਿਨਾਂ ਮਰੀਜ਼ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਸਕਦਾ ਹੈ। ਮਰੀਜ਼ ਨੂੰ ਉਦੋਂ ਤੱਕ ਲੱਛਣ ਨਜ਼ਰ ਨਹੀਂ ਆਉਂਦੇ ਜਦੋਂ ਤੱਕ ਬਿਮਾਰੀ ਮੱਧਮ ਜਾਂ ਐਡਵਾਂਸ ਪੜਾਅ ਤੱਕ ਨਹੀਂ ਪਹੁੰਚ ਜਾਂਦੀ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਗਲੋਕੋਮਾ ਹੋ ਸਕਦਾ ਹੈ ਪਰ ਕੁਝ ਲੋਕਾਂ ਨੂੰ ਵਧੇਰੇ ਖਤਰਾ ਹੁੰਦਾ ਹੈ ਜਿਵੇਂ ਕਿ 60 ਸਾਲ ਤੋਂ ਵੱਧ ਉਮਰ, ਪਰਿਵਾਰਕ ਇਤਿਹਾਸ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਮਾਈਓਪੀਆ, ਕੋਰਟੀਕੋਸਟੀਰੋਇਡ ਤਿਆਰੀਆਂ ਖਾਸ ਕਰਕੇ ਲੰਬੇ ਸਮੇਂ ਤੱਕ ਅੱਖਾਂ ਦੀ ਦਵਾਈ ਪਾਉਣ ਵਾਲੇ ਵਿਅਕਤੀ।ਅੱਖ ਦੀ ਸੱਟ ਦੇ ਨਤੀਜੇ ਵਜੋਂ ਵੀ ਗਲੋਕੋਮਾ ਹੋ ਸਕਦਾ ਹੈ।