ਸਿਹਤ ਵਿਭਾਗ ਹਰ ਨਾਗਰਿਕ ਨੂੰ ਸੇਵਾਵਾਂ ਦੇਣ ਲਈ ਵਚਨਬੱਧ : ਸਿਵਲ ਸਰਜਨ
ਸਿਹਤ ਵਿਭਾਗ ਹਰ ਨਾਗਰਿਕ ਨੂੰ ਸੇਵਾਵਾਂ ਦੇਣ ਲਈ ਵਚਨਬੱਧ-ਸਿਵਲ ਸਰਜਨ
Publish Date: Wed, 18 Feb 2026 05:02 PM (IST)
Updated Date: Thu, 19 Feb 2026 04:04 AM (IST)

ਆਯੂਸ਼ਮਾਨ ਆਰੋਗਿਆ ਕੇਂਦਰ ਕੋਟ ਰਾਂਝਾ ਨੂੰ ਮਿਲਿਆ ਕੁਆਲਿਟੀ ਸਰਟੀਫਿਕੇਸ਼ਨ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਆਯੂਸ਼ਮਾਨ ਆਰੋਗਿਆ ਕੇਂਦਰ ਸਬ-ਹੈਲਥ ਸੈਂਟਰ ਕੋਟ ਰਾਂਝਾ ਨੂੰ ਨੈਸ਼ਨਲ ਕੁਆਲਿਟੀ ਐਸੋਰੈਂਸ਼ ਸਟੈਂਡਰਡ (ਐੱਨਕਿਊਏਐੱਸ) ਅਧੀਨ“ਕੁਆਲਿਟੀ ਸਰਟੀਫਾਈਡ ਦਾ ਦਰਜਾ ਪ੍ਰਾਪਤ ਹੋਇਆ ਹੈ। ਇਹ ਸਰਟੀਫਿਕੇਸ਼ਨ ਨੈਸ਼ਨਲ ਹੈਲਥ ਸਿਸਟਮਜ਼ ਰਿਸੋਰਸ ਸੈਂਟਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਭਾਰਤ ਸਰਕਾਰ ਵੱਲੋਂ ਕੀਤੀ ਗਈ ਵਰਚੁਅਲ ਅਸੈਸਮੈਂਟ ਤੋਂ ਬਾਅਦ ਪ੍ਰਦਾਨ ਕੀਤੀ ਗਈ। ਆਯੂਸ਼ਮਾਨ ਆਰੋਗਿਆ ਕੇਂਦਰ ਸਬ-ਹੈਲਥ ਸੈਂਟਰ ਕੋਟ ਰਾਂਝਾ ਦੀ ਅਸੈਸਮੈਂਟ 20 ਦਸੰਬਰ 2025 ਨੂੰ ਵਰਚੁਅਲ ਮੋਡ ਰਾਹੀਂ ਕੀਤੀ ਗਈ। ਜਿਸ ਦੌਰਾਨ ਕੇਂਦਰ ਨੇ 7 ਲਾਜ਼ਮੀ ਸੇਵਾ ਪੈਕੇਜਾਂ ਅਧੀਨ ਆਪਣੀ ਕਾਰਗੁਜ਼ਾਰੀ ਪੇਸ਼ ਕੀਤੀ। ਕੇਂਦਰ ਨੂੰ ਕੁੱਲ 91.78 ਫੀਸਦੀ ਅੰਕ ਪ੍ਰਾਪਤ ਹੋਏ, ਜੋ ਕਿ ਉੱਚ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਦੀ ਪੁਸ਼ਟੀ ਕਰਦੇ ਹਨ। ਇਸ ਪ੍ਰਾਪਤੀ ਨਾਲ ਕੇਂਦਰ ਨੇ ਜ਼ਿਲ੍ਹੇ ਵਿਚ ਸਿਹਤ ਸੇਵਾਵਾਂ ਦੇ ਮਿਆਰ ਨੂੰ ਹੋਰ ਮਜ਼ਬੂਤ ਕੀਤਾ ਹੈ। ਸਿਵਲ ਸਰਜਨ ਨੇ ਕਿਹਾ ਕਿ ਇਹ ਉਪਲੱਬਧੀ ਸਿਹਤ ਕਰਮਚਾਰੀਆਂ ਦੀ ਨਿਰੰਤਰ ਮਿਹਨਤ, ਸਮਰਪਣ ਅਤੇ ਟੀਮ ਵਰਕ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਹਰ ਨਾਗਰਿਕ ਨੂੰ ਨਜ਼ਦੀਕੀ ਪੱਧਰ ਤੇ ਗੁਣਵੱਤਾ ਯੁਕਤ ਅਤੇ ਪਹੁੰਚਯੋਗ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਆਯੂਸ਼ਮਾਨ ਆਰੋਗਿਆ ਕੇਂਦਰ ਸਬ-ਹੈਲਥ ਸੈਂਟਰ ਕੋਟ ਰਾਂਝਾ ਨੇ ਇਸ ਦਿਸ਼ਾ ਵਿਚ ਇੱਕ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਕੁਆਲਿਟੀ ਐਸੋਰੈਂਸ਼ ਸਟੈਂਡਰਡ ਅਧੀਨ ਮੁਲਾਂਕਣ ਦੌਰਾਨ ਮਰੀਜ਼ ਸੁਰੱਖਿਆ, ਸਾਫ-ਸਫ਼ਾਈ, ਇੰਫੈਕਸ਼ਨ ਕੰਟਰੋਲ, ਦਵਾਈਆਂ ਦੀ ਉਪਲੱਬਧਤਾ, ਰਿਕਾਰਡ ਰੱਖ-ਰਖਾਅ, ਮਰੀਜ਼ ਸੰਤੁਸ਼ਟੀ ਅਤੇ ਪ੍ਰਬੰਧਕੀ ਪ੍ਰਣਾਲੀ ਵਰਗੇ ਮਾਪਦੰਡਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਂਦੀ ਹੈ। ਆਯੂਸ਼ਮਾਨ ਆਰੋਗਿਆ ਕੇਂਦਰ ਸਬ-ਹੈਲਥ ਸੈਂਟਰ ਕੋਟ ਰਾਂਝਾ ਨੇ ਹਰ ਖੇਤਰ ਵਿਚ ਉੱਚ ਮਿਆਰ ਦਰਸਾਇਆ ਹੈ। ਉੁਨ੍ਹਾਂ ਨੇ ਸਮੂਹ ਸਿਹਤ ਅਧਿਕਾਰੀਆਂ, ਸਮੂਹ ਸਟਾਫ਼, ਆਸ਼ਾ ਵਰਕਰਾਂ ਅਤੇ ਕਮਿਊਨਿਟੀ ਦੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ। ਸਿਹਤ ਕੇਂਦਰ ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਨੇ ਕਿਹਾ ਕਿ ਕੇਂਦਰ ਵੱਲੋਂ ਜੱਚਾ-ਬੱਚਾ ਸਿਹਤ ਸੇਵਾਵਾਂ, ਟੀਕਾਕਰਨ, ਗੈਰ-ਸੰਚਾਰੀ ਬਿਮਾਰੀਆਂ ਦੀ ਸਕ੍ਰੀਨਿੰਗ, ਪਰਿਵਾਰ ਨਿਯੋਜਨ ਸੇਵਾਵਾਂ ਅਤੇ ਆਮ ਬਿਮਾਰੀਆਂ ਦਾ ਇਲਾਜ ਪ੍ਰਭਾਵਸ਼ਾਲੀ ਢੰਗ ਨਾਲ ਮੁਹੱਈਆ ਕਰਵਾਇਆ ਜਾ ਰਿਹਾ ਹੈ। ਅੰਤ ਵਿਚ ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹੇ ਦੇ ਹੋਰ ਸਿਹਤ ਕੇਂਦਰਾਂ ਨੂੰ ਵੀ ਇਸ ਪ੍ਰਾਪਤੀ ਤੋਂ ਪ੍ਰੇਰਣਾ ਲੈ ਕੇ ਐੱਨਕਿਊਏਐੱਸ ਸਰਟੀਫਿਕੇਸ਼ਨ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਸੂਬੇ ਭਰ ਵਿਚ ਗੁਣਵੱਤਾ ਯੁਕਤ ਸਿਹਤ ਸੇਵਾਵਾਂ ਦਾ ਵਿਸਥਾਰ ਹੋ ਸਕੇ।