ਗੁਰਦੁਆਰਾ ਬੇਗਮਪੁਰਾ ਰਾਹੋਂ ਵਿਖੇ ਗੁਰਪੁਰਬ ਉਤਸ਼ਾਹ ਨਾਲ ਮਨਾਇਆ
ਗੁਰਦੁਆਰਾ ਬੇਗਮਪੁਰਾ ਰਾਹੋਂ ਵਿਖੇ ਗੁਰਪੁਰਬ ਉਤਸ਼ਾਹ ਨਾਲ ਮਨਾਇਆ
Publish Date: Tue, 17 Feb 2026 06:02 PM (IST)
Updated Date: Wed, 18 Feb 2026 04:09 AM (IST)

ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦੇ ਮਹਾਨ ਸੰਦੇਸ਼ਵਾਹਕ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਬੇਗਮਪੁਰਾ ਸਾਹਿਬ ਮੁਹੱਲਾ ਆਰਨਹਾਲੀ ਤੇ ਕੁਰਾਲਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਵਾਸੀਆਂ ਦੇ ਪੂਰੇ ਸਹਿਯੋਗ ਨਾਲ ਬੜੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਮਾਹੌਲ ਵਿਚ ਮਨਾਇਆ ਗਿਆ। ਤਿੰਨ ਦਿਨਾਂ ਤੱਕ ਚੱਲੇ ਇਨ੍ਹਾਂ ਧਾਰਮਿਕ ਸਮਾਗਮਾਂ ਦੌਰਾਨ ਇਲਾਕੇ ਵਿਚ ਪੂਰੀ ਤਰ੍ਹਾਂ ਗੁਰਮਤਿ ਰੰਗ ਛਾਇਆ ਰਿਹਾ।।ਇਸ ਮੌਕੇ ਗੁਰਦੁਆਰਾ ਸਾਹਿਬ ਨੂੰ ਬਹੁਤ ਹੀ ਸੁੰਦਰ ਅਤੇ ਮਨਮੋਹਕ ਢੰਗ ਨਾਲ ਸਜਾਇਆ ਗਿਆ ਸੀ। ਸਵੇਰੇ ਤੋਂ ਹੀ ਦੂਰ-ਦਰਾਜ਼ ਤੋਂ ਆਈਆਂ ਸੰਗਤਾਂ ਦੀ ਭਾਰੀ ਆਮਦ ਰਹੀ। ਸਮਾਗਮ ਦੀ ਸ਼ੁਰੂਆਤ ਸ਼੍ਰੀ ਅਖੰਡ ਪਾਠ ਦੇ ਭੋਗ ਨਾਲ ਹੋਈ। ਉਪਰੰਤ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਗੁਰੂ ਜਸ ਗਾਇਆ। ਵਿਸ਼ੇਸ਼ ਦੀਵਾਨ ਦੌਰਾਨ ਭਾਈ ਪ੍ਰੀਤ ਰਵਿਦਾਸੀਆ ਹਰਿਆਣਾ ਵੱਲੋਂ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਨੇ ਗੁਰਬਾਣੀ ਦੇ ਅਮੋਲਕ ਬਚਨਾਂ ਰਾਹੀਂ ਸਮਾਜ ਨੂੰ ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਦੇ ਰਸਤੇ ਤੇ ਚਲਣ ਦਾ ਉਪਦੇਸ਼ ਦਿੱਤਾ। ਕੀਰਤਨ ਦੌਰਾਨ ਸੰਗਤਾਂ ਗੁਰੂ ਨਾਮ ਵਿਚ ਲੀਨ ਹੋ ਕੇ“ਧੰਨ ਗੁਰੂ ਰਵਿਦਾਸ ਜੀ”ਦੇ ਜੈਕਾਰੇ ਲਗਾਉਂਦੀਆਂ ਨਜ਼ਰ ਆਈਆਂ।।ਇਸ ਮਹਾਨ ਧਾਰਮਿਕ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਨਵਾਂਸ਼ਹਿਰ ਤੋਂ ਬਸਪਾ ਵਿਧਾਇਕ ਨਛੱਤਰ ਪਾਲ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ ਅੱਜ ਦੇ ਸਮੇਂ ਵਿੱਚ ਵੀ ਸਮਾਜ ਨੂੰ ਸਹੀ ਦਿਸ਼ਾ ਦਿਖਾਉਂਦੇ ਹਨ। ਗੁਰੂ ਜੀ ਨੇ ਜਾਤ-ਪਾਤ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਇੱਕ-ਦੂਜੇ ਨਾਲ ਪਿਆਰ ਅਤੇ ਬਰਾਬਰੀ ਦਾ ਸੰਦੇਸ਼ ਦਿੱਤਾ, ਜੋ ਅੱਜ ਵੀ ਉਤਨਾ ਹੀ ਪ੍ਰਸੰਗਿਕ ਹੈ।ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਵਿੱਚ ਸ਼ਾਮਲ ਮੁੱਖ ਮਹਿਮਾਨਾਂ ਅਤੇ ਕੀਰਤਨੀ ਜਥੇ ਨੂੰ ਸਿਰਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਅਰਦਾਸ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਇਸ ਦੇ ਨਾਲ ਨਾਲ ਚਾਹ-ਪਕੌੜਿਆਂ ਦਾ ਪ੍ਰਸ਼ਾਦ ਅਤੇ ਤਿੰਨ ਦਿਨ ਅਟੁੱਟ ਗੁਰੂ ਕਾ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਖਤਿਆਰ ਸਿੰਘ ਮੁੱਖਾ, ਮੀਤ ਪ੍ਰਧਾਨ ਕੁਲਵਿੰਦਰ ਸਿੰਘ, ਜਨਰਲ ਸਕੱਤਰ ਜਨਕ ਰਾਜ, ਗੁਰਮੇਲ ਸਿੰਘ, ਖ਼ਜ਼ਾਨਚੀ ਰਾਕੇਸ਼ ਕੁਮਾਰ, ਅਮਰਜੀਤ, ਕੁਲਦੀਪ, ਮੰਗਾ, ਹਰੀ ਰਾਮ, ਲਾਲ ਚੰਦ, ਨੀਰਜ, ਜੱਸੀ, ਸੋਨੀ ਪ੍ਰਧਾਨ, ਬਿਮਲ ਕੁਮਾਰ, ਸ਼ਿੰਗਾਰਾ ਰਾਮ, ਸਤਪਾਲ ਚੂੰਬਰ ਬੈਂਕ ਮੈਨੇਜਰ, ਸੱਤਪਾਲ ਸਰੋਆ, ਪ੍ਰਧਾਨ ਬਲਵੀਰ ਚੰਦ, ਅਸ਼ਵਨੀ ਕੁਮਾਰ ਸਮੇਤ ਹੋਰ ਕਈ ਸ੍ਰਧਾਲੂ ਅਤੇ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।