ਬਜਟ ਸੈਸ਼ਨ ਦੌਰਾਨ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਸਰਕਾਰ : ਰੱਕੜ
ਬਜਟ ਸੈਸ਼ਨ ਦੌਰਾਨ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਸਰਕਾਰ-ਰੱਕੜ
Publish Date: Thu, 05 Mar 2026 06:17 PM (IST)
Updated Date: Fri, 06 Mar 2026 04:09 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਨਜ਼ਰਾਂ ਆਉਣ ਵਾਲੇ ਬਜਟ ਸੈਸ਼ਨ ਤੇ ਟਿਕੀਆਂ ਹੋਈਆਂ ਹਨ। ਮੁਲਾਜ਼ਮ ਆਗੂ ਬਗੀਚਾ ਸਿੰਘ ਰੱਕੜ ਨੇ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਹ ਆਖਰੀ ਪੂਰਨ ਬਜਟ ਹੈ, ਪਰ ਮੁਲਾਜ਼ਮਾਂ ਦੀਆਂ ਮੰਗਾਂ ਅਜੇ ਵੀ ਜਿਉਂ ਦੀਆਂ ਤਿਉਂ ਲਟਕ ਰਹੀਆਂ ਹਨ। ਉਨ੍ਹਾਂ ਮੁੱਖ ਮੰਗਾਂ ਵੱਲ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਦਾ ਹੁਣ ਆਖਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰੀ ਮੁਲਾਜ਼ਮਾਂ ਦੇ ਮੁਕਾਬਲੇ 16 ਫ਼ੀਸਦੀ ਘੱਟ ਮਹਿੰਗਾਈ ਭੱਤਾ ਮਿਲ ਰਿਹਾ ਹੈ, ਜੋ ਇੱਕ ਵੱਡਾ ਵਿੱਤੀ ਨੁਕਸਾਨ ਹੈ। ਉਨ੍ਹਾਂ ਕਿਹਾ ਸਾਲ 2004 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਦੇ ਦਾਇਰੇ ਵਿਚ ਲਿਆਉਣ ਦਾ ਵਾਅਦਾ ਅਜੇ ਵੀ ਅਧੂਰਾ ਹੈ ਤੇ ਆਊਟਸੋਰਸ ਅਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਪ੍ਰਕਿਰਿਆ ਵਿਚ ਸਰਕਾਰ ਦਾ ਹੁੰਗਾਰਾ ਬਹੁਤ ਮੱਠਾ ਰਿਹਾ ਹੈ। ਉਨ੍ਹਾਂ ਕਿਹਾ 2022 ਦੀਆਂ ਚੋਣਾਂ ਵੇਲੇ ਮੁਲਾਜ਼ਮ ਵਰਗ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਕਰਦਿਆਂ ਖੁੱਲ੍ਹ ਕੇ ਸਮਰਥਨ ਕੀਤਾ ਸੀ।ਅਤੇ ਹੁਣ ਸਰਕਾਰ ਦੀ ਵਾਰੀ ਹੈ ਕਿ ਉਹ ਆਪਣੇ ਕੀਤੇ ਵਾਅਦਿਆਂ ਨੂੰ ਇਸ ਬਜਟ ਵਿਚ ਪੂਰਾ ਕਰੇ। ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਬਜਟ ਵਿਚ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ। ਤਾਂ ਮੁਲਾਜ਼ਮ ਵਰਗ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪੈਦਾ ਹੋ ਸਕਦਾ ਹੈ। ਮੁਲਾਜ਼ਮ ਵਰਗ ਦੇਖਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਇਸ ਬਜਟ ਵਿਚ ਮੁਲਾਜ਼ਮਾਂ ਨੂੰ ਕੋਈ ਵੱਡਾ ਤੋਹਫ਼ਾ ਦਿੰਦੀ ਹੈ ਜਾਂ ਨਹੀਂ।