ਨਿੱਜੀ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਅਚਨਚੇਤ ਚੈਕਿੰਗ
ਗਰਭ ਵਿਚ ਲਿੰਗ ਪਛਾਣ ਕਰਨਾ ਗੰਭੀਰ ਅਪਰਾਧ-ਡਾ. ਹਰੀਸ਼ ਕਿਰਪਾਲ
Publish Date: Thu, 05 Feb 2026 04:18 PM (IST)
Updated Date: Thu, 05 Feb 2026 04:20 PM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਸਿਵਲ ਸਰਜਨ ਨਵਾਂਸ਼ਹਿਰ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਨੇ ਜ਼ਿਲ੍ਹੇ ਵਿਚ ਪੀਸੀ ਪੀਐੱਨਡੀਟੀ ਦੀ ਪਾਲਣਾ ਯਕੀਨੀ ਬਣਾਉਣ ਦੇ ਮੰਤਵ ਨਾਲ ਨਿੱਜੀ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ। ਜਿਸ ਦੌਰਾਨ ਸ਼ਹਿਰ ਵਿਚ ਤਿੰਨ ਅਤੇ ਰਾਹੋਂ ਕਸਬੇ ਵਿਚ ਦੋ ਨਿੱਜੀ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਜਾਂਚ ਕੀਤੀ। ਜਾਂਚ ਦੌਰਾਨ ਸਾਰੇ ਸਕੈਨ ਸੈਂਟਰਾਂ ਵਿਚ ਰੱਖੇ ਜਾਣ ਵਾਲੇ ਲਾਜ਼ਮੀ ਰਿਕਾਰਡਾਂ, ਰਜਿਸਟਰਾਂ ਅਤੇ ਹੋਰ ਦਸਤਾਵੇਜ਼ਾਂ ਨੂੰ ਬਾਰੀਕੀ ਨਾਲ ਘੋਖਿਆ ਤੇ ਇਹ ਵੀ ਯਕੀਨੀ ਬਣਾਇਆ ਕਿ ਹਰ ਸੈਂਟਰ ਤੇ ਪੀਐੱਨਡੀਟੀ ਐਕਟ ਅਧੀਨ ਲਾਜ਼ਮੀ ਸਾਈਨ ਬੋਰਡ ਸਪੱਸ਼ਟ ਤੌਰ ਤੇ ਲੱਗੇ ਹੋਏ ਹਨ ਤੇ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਨੇ ਦਿੰਦਿਆਂ ਕਿਹਾ ਕਿ ਪੀਸੀ ਪੀਐੱਨਡੀਟੀ ਐਕਟ ਅਧੀਨ ਗਰਭ ਵਿਚ ਲਿੰਗ-ਪਛਾਣ ਕਰਨਾ ਕਾਨੂੰਨੀ ਤੌਰ ਤੇ ਗੰਭੀਰ ਅਪਰਾਧ ਹੈ ਅਤੇ ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਅਜਿਹੀਆਂ ਅਚਨਚੇਤ ਚੈਕਿੰਗਾਂ ਜਾਰੀ ਰਹਿਣਗੀਆਂ। ਤਾਂ ਜੋ ਜ਼ਿਲ੍ਹੇ ਵਿਚ ਲਿੰਗ ਅਨੁਪਾਤ ਨੂੰ ਸੁਧਾਰਿਆ ਜਾ ਸਕੇ। ਉਨ੍ਹਾਂ ਸਾਰੇ ਅਲਟਰਾਸਾਊਂਡ ਸਕੈਨ ਸੈਂਟਰਾਂ ਦੇ ਸੰਚਾਲਕਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਆਪਣੇ ਸਾਰੇ ਰਿਕਾਰਡ ਅਪਡੇਟ ਰੱਖਣ, ਨਿਯਮਾਂ ਅਨੁਸਾਰ ਕਾਰਵਾਈ ਕਰਨ ਅਤੇ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਕਿਤੇ ਵੀ ਪੀਐੱਨਡੀਟੀ ਐਕਟ ਦੀ ਉਲੰਘਣਾ ਸੰਬੰਧੀ ਕੋਈ ਜਾਣਕਾਰੀ ਮਿਲਦੀ ਹੈ। ਤਾਂ ਉਹ ਤੁਰੰਤ ਸਿਹਤ ਵਿਭਾਗ ਜਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰਨ। ਇਸ ਮੌਕੇ ਕਾਰਜਕਾਰੀ ਪੀਐੱਨਡੀਟੀ ਕੋਆਡੀਨੇਟਰ ਹਰਨੇਕ ਸਿੰਘ ਵੀ ਮੌਜੂਦ ਸੀ।।